ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਸਾਡੇ ਵਿਹੜੇ ਖਿੜਿਆ ਜਿਹੜਾ, ਬੂਟਾ ਇੱਕ ਅਨਾਰ ਦਾ।
ਪਤਾ ਨਹੀਂ ਕਿਉਂ ਲੰਘਦਾ ਰਾਹੀ, ਇਸ ਤੇ ਪੱਥਰ ਮਾਰਦਾ।

ਸੁਰਖ਼ ਨਹੀਂ, ਇਹ ਪੀਲਾ ਵੀ ਨਹੀਂ, ਦੋਹਾਂ ਦੇ ਵਿਚਕਾਰ ਜਿਹਾ,
ਮੇਰੇ ਸੁਪਨੇ ਤੋਂ ਵੀ ਸੋਹਣਾ, ਮੁੱਖੜਾ ਹੈ ਗੁਲਨਾਰ ਦਾ।

ਮੰਜ਼ਿਲ ਤੀਕ ਪੁਚਾਵੇਗਾ ਜਾਂ ਰਾਹ ਵਿਚ ਰਾਤ ਗੁਜ਼ਾਰੇਗਾ,
ਦੱਸ ਦੇਂਦਾ ਏ ਜਾਣੂ ਬੰਦਾ, ਕਦਮਾਂ ਦੀ ਰਫ਼ਤਾਰ ਦਾ।

ਰੁੱਖ ਦੀ ਟਾਹਣੀ, ਮੇਰੇ ਕੰਨ ਵਿਚ, ਆਖ ਗਈ ਏ ਬੈਠੀਂ ਨਾ,
ਸਾਵਧਾਨ ਹੋ, ਨੇੜੇ ਲੁਕਿਐ, ਵੈਰੀ ਉੱਡਦੀ ਡਾਰ ਦਾ।

ਤਰੇਲ ’ਚ ਭਿੱਜੇ ਘਾਹ ਦੇ ਉੱਤੇ, ਫੁੱਲ ਕਿਰਨ ਜੋ ਬਿਰਖਾਂ ਤੋਂ,
ਸਭ ਤੋਂ ਸੋਹਣਾ ਮੰਜ਼ਰ ਹੁੰਦੈ, ਏਹੀ ਘਰ ਗੁਲਜ਼ਾਰ ਦਾ।

ਬਹਿ ਜਾਵੇ ਤਾਂ ਬੰਦਾ ਐਵੇਂ, ਥੱਕਿਆ ਟੁੱਟਿਆ ਰਹਿੰਦਾ ਹੈ,
ਵਾਹੋਦਾਹੀ ਤੁਰਦਾ ਰਾਹੀ, ਪੈਂਡੇ ਤੋਂ ਨਹੀਂ ਹਾਰਦਾ।

ਚੇਤੇ ਆਵੇਂ, ਖਿੜੇ ਚੰਬੇਲੀ, ਮਰੂਆ ਮਹਿਕੇ ਸਾਹਾਂ ਵਿਚ,
ਸ਼ਾਮ ਸਵੇਰੇ ਵੇਖਾਂ ਚਿਹਰਾ, ਸੱਜਰਾ ਸੋਹਣੇ ਯਾਰ ਦਾ।

ਮੋਰ ਪੰਖ /89