ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਰੁਕ ਗਈ ਤਾਜ਼ੀ ਹਵਾ ਤੇ ਬਿਰਖ ਸਾਰੇ ਸੌਂ ਗਏ।
ਜਿਸ ਤਰ੍ਹਾਂ ਤੁਰਦੇ ਮੁਸਾਫ਼ਿਰ, ਥੱਕੇ ਹਾਰੇ ਸੌਂ ਗਏ।

ਹੈ ਖੜ੍ਹੀ ਓਥੇ ਦੀ ਓਥੇ ਬਾਤ ਹਾਲੇ ਤੀਕ ਵੀ,
ਸੁਣ ਰਹੇ ਸੀ ਬਾਲ ਜੋ, ਭਰਦੇ ਹੁੰਗਾਰੇ ਸੌਂ ਗਏ।

ਰਾਤ ਬੋਝਲ ਹੋ ਰਹੀ ਹੈ, ਦਰਦ ਸੁੱਤਾ ਜਾਗਦੈ,
ਤੁਰ ਗਏ ਨੇ ਸੁਣਨ ਵਾਲੇ, ਚੰਨ ਤਾਰੇ ਸੌਂ ਗਏ।

ਮੈਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਠੀਕ ਹੋ ਗਿਆਂ,
ਸਫ਼ਰ ਮੁੱਕਣ ਤੋਂ ਵੀ ਪਹਿਲਾਂ, ਲੋਕ ਸਾਰੇ ਸੌਂ ਗਏ।

ਦਰਦ ਗਾਥਾ ਕਹਿਣ ਵਾਲੇ ਹੰਝ ਵੀ ਪਥਰਾ ਗਏ,
ਪਲਕ 'ਚੋਂ ਡੁੱਲ੍ਹਣ ਤੋਂ ਪਹਿਲਾਂ ਹੀ ਵਿਚਾਰੇ ਸੌਂ ਗਏ।

ਦੁਸ਼ਮਣਾਂ ਦੀ ਫੌਜ ਵਿਚ 'ਨ੍ਹੇਰਾ ਵੀ ਸ਼ਾਮਿਲ ਹੋ ਗਿਐ,
ਮੈਂ ਇਕੱਲਾ ਲੜ ਰਿਹਾਂ, ਸੱਜਣ ਪਿਆਰੇ ਸੌਂ ਗਏ।

ਮੁਕਤੀਆਂ ਦੇ ਦਾਨ ਦਾ ਲਾਰਾ ਹੰਢਾ ਕੇ ਉਮਰ ਭਰ,
ਬਿਨ ਮਸੀਹਾ ਵੇਖਿਆਂ, ਛੰਨਾਂ ਤੇ ਢਾਰੇ ਸੌਂ ਗਏ।

ਮੋਰ ਪੰਖ /90