ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਸਾਂਭੀ ਰੱਖ ਤੂੰ ਦਿਲ ਦੇ ਅੰਦਰ ਸੱਜਣਾਂ ਦੀ ਤਸਵੀਰ।
ਤਾਂ ਹੀ ਮਿਲਣੀ ਰਾਂਝਿਆ ਤੈਨੂੰ ਆਪਣੀ ਰੂਹ ਦੀ ਹੀਰ।

ਨੇਰ੍ਹੀ ਦੇ ਵਿਚ ਉੱਡ ਕੇ, ਉਲਝੇ ਕੰਡਿਆਂ ਦੇ ਸੰਗ ਖਹਿ ਕੇ,
ਦਿਲ ਦੀ ਹਾਲਤ ਹੋਈ ਜੀਕੂੰ ਅੱਧੋਰਾਣੀ ਲੀਰ।

ਪਿਆਰ ਮੁਹੱਬਤ ਵਾਲੇ ਵੈਰੀ, ਬਦਲੇ ਤਾਂ ਨਹੀਂ ਹਾਲੇ,
ਹੁਣ ਵੀ ਕੈਦੋ ਦੀ ਅੱਖ ਅੰਦਰ ਉਹੀ ਪੁਰਾਣਾ ਟੀਰ।

ਦਿਲ ਦੀ ਧੜਕਣ ਰੁਕ ਜਾਂਦੀ ਹੈ ਮੇਰੀ ਵਾਘੇ ਜਾ ਕੇ,
ਧਰਤੀ ਦੀ ਹਿੱਕ ਜਦ ਵੀ ਵੇਖਾਂ ਚਾਕੂ ਵਾਲਾ ਚੀਰ।

ਰਾਂਝਣ ਯਾਰ ਦੀ ਕੌਣ ਵਕਾਲਤ ਕਰਦਾ ਧਰਤੀ ਉੱਤੇ,
ਖੇੜਿਆਂ ਦੇ ਹੱਕ ਭੁਗਤ ਗਏ ਨੇ, ਵੇਖੋ ਪੰਜੇ ਪੀਰ।

ਮੇਰੀ ਅੱਖ ਚੋਂ ਕਿਰਿਆ ਅੱਥਰੁ, ਲੱਭੋ, ਦੱਸੋ, ਕਿੱਥੇ,
ਰੇਤੇ ਅੰਦਰ ਕਣੀਆਂ ਜੀਕੂੰ, ਇਕ ਦਮ ਜਾਵਣ ਜੀ।

ਜਿਸ ਨੂੰ ਦੁਨੀਆਂ ਆਖੇ ਮੇਲਾ, ਇਹ ਹੈ ਨਿਰਾ ਝਮੇਲਾ,
ਤੜਕਸਾਰ ਪਰਭਾਤੀ ਗਾਉਂਦਾ, ਲੰਘਿਆ ਇੱਕ ਫ਼ਕੀਰ।

ਮੋਰ ਪੰਖ /91