ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

'ਵਾ ਵਰੋਲਾ, ਤੇਜ਼ ’ਨ੍ਹੇਰੀ, ਕੁਝ ਨੇ ਝੱਖੜ ਆਖਿਆ।
ਕੌਣ ਸੀ ਜੋ ਬਿਜਲੀਆਂ, ਪੈਰਾਂ ’ਚ ਬੰਨ੍ਹ ਕੇ ਲੰਘਿਆ।

ਫੁੱਲ ਡੋਡੀ ਨੂੰ ਪਰੋ ਕੇ ਸੀਖ ਵਿਚ ਕਿਉਂ ਸੋਚਦੈਂ,
ਏਸ ਟਾਹਣੀ ਤੇ ਕਿਉਂ ਨਹੀਂ, ਸੁਰਖ ਸੁਪਨਾ ਟਹਿਕਿਆ।

ਚੌਂਕ ਦੇ ਬੁੱਤਾਂ ਨੂੰ ਐਵੇਂ ਸ਼ੂਗਲ ਖ਼ਾਤਰ ਪੂਜ ਨਾ,
ਕੀਹ ਕਰੇਂਗਾ ਜੇ ਇਨ੍ਹਾਂ ਤੈਥੋਂ ਤੇਰਾ ਸਿਰ ਮੰਗਿਆ।

ਬਿਰਖ ਨੂੰ ਵੇਖੀਂ ਦੁਪਹਿਰੇ ਵੇਖੀਂ ਪੂਰੇ ਗੌਰ ਨਾਲ,
ਕਿਸ ਤਰ੍ਹਾਂ ਬਾਬਲ ਤਿਰੇ ਸਿਰ ਬਾਂਹ ਪਸਾਰੀ ਫ਼ੈਲਿਆ।

ਤੇਰਿਆਂ ਹੋਠਾਂ ਤੇ ਮੇਰਾ ਨਾਮ ਸੀ ਜਾਂ ਹੋਰ ਕੁਝ,
ਮੇਰੀ ਧੜਕਣ ਤੇਜ਼ ਹੋਈ ਸੁਣ ਕੇ ਤੇਰਾ ਅਣਕਿਹਾ।

ਸ਼ਬਦ ਨੂੰ ਅਰਦਲ ’ਚ ਰੋਕਣ ਦੀ ਹਮਾਕਤ ਨਾ ਕਰੀਂ,
ਫ਼ੇਰ ਨਾ ਆਖੀਂ ਕਿ ਮੈਨੂੰ ਵਕਤ ਨੇ ਜ਼ਾਲਮ ਕਿਹਾ।

ਤੂੰ ਕਦੇ ਵਿਸ਼ਵਾਸ ਨੂੰ ਠੋਕਰ ਨਾ ਮਾਰੀਂ ਭੁੱਲ ਕੇ,
ਨਹੀਂ ਤਰੇੜੇ ਬਰਤਨਾਂ ਵਿਚ, ਨੀਰ ਨਿਰਮਲ ਠਹਿਰਦਾ।

ਮੋਰ ਪੰਖ /92