ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਨ੍ਹੇਰ ਹੈ ਨਾ ਚਾਨਣਾ ਹੈ, ਅਜਬ ਰੰਗਾ ਘੁਸਮੁਸਾ ਹੈ।
ਬਲਦੀਆਂ ਅੱਖਾਂ, ਮਸ਼ਾਲਾਂ, ਬਾਲ ਕਿਹੜਾ ਦੇਖਦਾ ਹੈ?

ਤੁਰਨ ਵੇਲੇ ਰੋਕਿਆ ਤੂੰ, ਦੱਸ ਮੈਨੂੰ ਕੀਹ ਕਿਹਾ ਸੀ,
ਅਣਸੁਣੀ ਕੀਤੀ ਦਾ ਪਸ਼ਚਾਤਾਪ ਮੈਨੂੰ ਪੁੱਛਦਾ ਹੈ।

ਤੂੰ ਜੋ ਭੁੱਜੇ ਦਾਣਿਆਂ 'ਚੋਂ ਇੱਕ ਮੈਨੂੰ ਅਰਪਿਆ ਸੀ,
ਬਹੁਤ ਸਾਲਾਂ ਬਾਅਦ ਮੇਰੇ ਜ਼ਿਹਨ ਅੰਦਰ ਉੱਗ ਪਿਆ ਹੈ।

ਤੂੰ ਸਮੁੰਦਰ ਵੱਲ ਜਿੰਨੀ ਤੇਜ਼ ਤੁਰਦੀ ਜਾ ਰਹੀ ਏਂ,
ਨਿਗਲ ਜਾਵੇਗਾ ਇਹ ਤੈਨੂੰ, ਮੈਂ ਨਦੀ ਨੂੰ ਵਰਜਿਆ ਹੈ।

ਧਰਤ ਥੱਲੇ ਵੇਖਿਐ ਮੈਂ, ਧੌਲ ਹੈ ਨਾ ਹੋਰ ਕੋਈ,
ਇਹ ਤਾਂ ਹਿੰਮਤ ਹੌਸਲਾ ਹੈ ਜੋ ਖ਼ਿਲਾਅ ਨੂੰ ਭਰ ਰਿਹਾ ਹੈ।

ਪਿਆਰ ਤੇਰਾ ਬਣ ਕਥੁਰੀ ਜੇ ਨਹੀਂ ਤਾਂ ਹੋਰ ਕਿਹੜਾ,
ਹਮਸਫ਼ਰ ਸਾਹਾਂ ਦਾ ਮੇਰੇ, ਜੋ ਬਰਾਬਰ ਤੁਰ ਰਿਹਾ ਹੈ।

ਬੰਸਰੀ ਦੀ ਹੂਕ ਹੈ ਜਾਂ ਬਾਂਸ ਦਾ ਵਿਰਲਾਪ ਹੈ ਇਹ,
ਸ਼ਬਦ ਨੂੰ ਸਾਹੀਂ ਪਰੋ ਜੋ ਜਾਦੂ ਬਣਕੇ ਬੋਲਿਆ ਹੈ।

ਪਿੰਡ ਨੂੰ ਜਾਗਣ ਦਾ ਹੋਕਾ, ਕਿੰਜ ਪਹਿਰੇਦਾਰ ਦੇਵੇ,
ਦਿਨ ਦੇ ਚਿੱਟੇ ਚਾਨਣੇ ਵਿਚ ਸ਼ਹਿਰ ਵੀ ਸੁੱਤਾ ਪਿਆ ਹੈ।

ਮੋਰ ਪੰਖ /94