ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,
ਇਹ ਮਸਲਾ ਡੂੰਘੀ ਨੀਂਦਰ ਸੌਣ ਵਾਲੇ ਕਦ ਵਿਚਾਰਨਗੇ।

ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,
ਇਹ ਕਿਸ਼ਤੀ ਕਾਗਜ਼ਾਂ ਦੀ ਭਾਂਬੜਾਂ ਵਿਚ ਕਿੰਜ ਤਾਰਨਗੇ।

ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਉਰੂ ਢੰਗਲ ਦਾ,
ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।

ਨਿਰੰਤਰ ਮੁਫ਼ਤਖ਼ੋਰੀ ਅਣਖ ਨੂੰ ਖੋਰਨ ਦੀ ਸਾਜ਼ਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।

ਕਹੋ ਨਾ ਏਸ ਨੂੰ ਚੋਣਾਂ, ਇਹ ਕਿਸ਼ਤਾਂ ਵਿਚ ਹੈ ਰੋਣਾ,
ਲੁਟੇਰੇ ਨੂੰ ਲੁਟੇਰੇ ਲੁੱਟ ਖ਼ਾਤਰ ਫਿਰ ਵੰਗਾਰਨਗੇ।

ਇਹ ਨੌਸਰਬਾਜ਼ ਨੇ, ਦਿਸਦੇ ਬਣੇ ਬੀਬੇ ਕਬੂਤਰ ਜੋ,
ਤੁਹਾਡੇ ਬੋਹਲ ਤੇ ਏਹੀ ਹਮੇਸ਼ਾਂ ਨੂੰ ਚੁੰਝ ਮਾਰਨਗੇ।

ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਫ਼ਰਜ਼ ਨੇ ਭਾਰੇ,
ਹੈ ਵੱਡੀ ਪੰਡ ਕਰਜ਼ਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।

ਮੋਰ ਪੰਖ/95