ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧੩

ਸੌਂਹ ਦੀ ਮਹਤ੍ਵਤਾ

(Importance of Vows)

ਇਨ੍ਹਾਂ ਲੜੀਆਂ (Series) ਵਿਚ ਮੈਂ ਸੌਂਹ ਦੀ ਮਹੱਤ੍ਵਤਾ ਉਪਰ ਸਰਸਰੀ ਜਿਹਾ ਕੰਮ ਕੀਤਾ ਹੈ ਪਰ ਸ਼ਾਇਦ ਇਸ ਦੇ ਇਕ ਦੈਵੀ ਜੀਵਨ ਉਪਰ ਅਸਰ ਬਾਰੇ ਵਧੇਰੇ ਵਿਸਥਾਰ ਸਹਿਤ ਲਿਖਣ ਦੀ ਲੋੜ ਹੈ। ਕਈ ਚੰਗੇ ਵਿਚਾਰਵਾਨ ਅਮੁਕੇ ਨਿਯਮਾਂ ਨੂੰ ਮੰਨਣ ਦੀ ਪ੍ਰਵਾਨਗੀ ਤਾਂ ਦਿੰਦੇ ਹਨ, ਪਰ ਸੌਂਹ ਜਾਂ ਕਸਮ ਦੀ ਜ਼ਰੂਰਤ ਨੂੰ ਨਹੀਂ ਮੰਨਦੇ। ਉਹ ਇਥੋਂ ਤਕ ਵੀ ਕਹਿੰਦੇ ਹਨ ਕਿ ਸੌਂਹ ਕਮਜ਼ੋਰੀ ਦੀ ਸੂਚਕ ਹੈ ਅਤੇ ਹਾਨੀਕਾਰਕ ਵੀ ਹੋ ਸਕਦੀ ਹੈ। ਉਪ੍ਰੰਤ ਉਹ ਬਹਿਸ ਵੀ ਕਰਦੇ ਹਨ ਕਿ ਜੇ ਕਰ ਬਾਅਦ ਵਿਚ ਕੋਈ ਨੀਯਮ ਤਕਲੀਫ਼-ਦੇਹ ਜਾਂ ਬਜਰ (Sinful) ਸਾਬਤ ਹੋ ਜਾਵੇ, ਉਸ ਦੀ ਪਾਲਨਾ ਕਰੀ ਜਾਣਾ ਨਿਸਚਯ ਗਲਤੀ ਹੋਵੇਗੀ। ਉਹ ਕਹਿੰਦੇ ਹਨ: ਸ਼ਰਾਬ ਕੋਲੋਂ ਬਚੇ ਰਹਿਣਾ ਚੰਗੀ ਗੱਲ ਹੈ ਪਰ ਉਸ ਨੂੰ ਦਵਾ ਦੇ ਤੌਰ ਕਦੀ ਕਦਾਈਂ ਪੀਣ ਵਿਚ ਕਿਹੜਾ ਦੋਸ਼ ਹੈ? ਪੂਰਨ ਤਿਆਗ ਦਾ ਪ੍ਰਣ ਬੇਲੋੜ ਰੋੜਾ ਹੋਵੇਗਾ; ਤੇ ਜੋ ਗਲ ਸ਼ਰਾਬ ਦੀ ਹੈ ਉਹੀ ਹੋਰ ਵਸਤਾਂ ਦੀ ਹੈ।

੪੫