ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਪੁਸਤਕ ਦੇ ਸਭ ਹੱਕ ਕਰਤਾ ਦੇ ਪਾਸ ਹਨ।


ਕੀਤੀ ਖਾਸ ਤਿਆਰ ਪੰਜਾਬੀਆਂ ਲਈ, ਯਾਰੋ ਕਰੋ ਕਬੂਲ ਸੁਗਾਤ ਮੇਰੀ।
ਨਾਲ ਸ਼ੌਕ ਦੇ ਪੜ੍ਹੋ ਕਿਤਾਬ ਮੇਰੀ, ਐਪਰ ਰਖਣਾ ਯਾਦ ਇਕ ਬਾਤ ਮੇਰੀ।
ਧੋਖਾ ਦੇਣਗੇ ਕਈ ਹਮਨਾਮ ਮੇਰੇ, ਚੋਰੀ ਕਰਨਗੇ ਕਈ ਕਮਜ਼ਾਤ ਮੇਰੀ।
'ਗਯਾਨ ਚੰਦ' ਕਿਸੇ ਲੈਣਾ ਪਰਖ ਮੇਰੇ, ਉਪਰ ਦੇਖ ਲੈਣਾ ‘ਧੰਨ’ ਜਾਤ ਮੇਰੀ।

ਕਿੱਸਾ ਰਾਜਾ ਗੋਪੀ ਚੰਦ

ਅਲਫ-ਇਕ ਬੇਲੀ ਆਨਗੱਲ ਮੇਲੀ ਗੋਪੀਚੰਦ ਵਾਲਾ ਕਿੱਸਾ ਜੋੜ ਬੇਲੀ
ਤੇਰੇ ਲਈ ਤਾਂ ਦਿਨਾਂ ਦੀ ਗੱਲ ਹੈ ਵੇ ਕੰਮ ਕਾਜ ਸਭੇ ਦੇਵੋ ਛੋੜ ਬੇਲੀ
ਹਿੰਦੂ ਕੌਮ ਦੀ ਦਿਸ਼ਾ ਸੁਧਾਰਨੇ ਨੂੰ ਐਸੇ ਕਿੱਸਿਆਂ ਦੀ ਬੜੀ ਲੋੜ ਬੇਲੀ
‘ਗਯਾਨ' ਵਿਚ ਕੂਜ਼ੇ ਬਹਿਰਬੰਦ ਹੋਵੇ ਲੰਮੀ ਗਲ ਦਾ ਅਤਰ ਨਚੋੜ ਬੇਲੀ
ਅਲਫ ਆਖਯਾ ਅਗੋਂ ਮੈਂ ਗੌਰ ਕਰਕੇ ਤੇਰੀ ਗੱਲ ਨਹੀਂ ਸਕਦਾ ਮੋੜ ਬੇਲੀ
ਐਥੇ ਕੋਈ ਭੀ ਕੰਮ ਮੁਹਾਲ ਨਾਹੀਂ ਜੇਕਰ ਰਬ ਚਾਹੜੇ ਕੰਮ ਤੋੜ ਬੇਲੀ
ਮੇਰੇ ਵਿਚ ਦਿਮਾਗ ਦੇ ਆਨ ਬੈਠੇ ਬੰਸੀ ਵਾਲੜੇ ਨੂੰ ਹੱਥ ਜੋੜ ਬੇਲੀ
‘ਗਯਾਨ ਚੰਦ ਕਿੱਸਾ ਲਿਖਣਾ ਸ਼ੁਰੂ ਕੀਤਾ ਦਿਤੇ ਹੋਰ ਸਾਰੇ ਕੰਮ ਛੋੜ ਬੇਲੀ
ਬੇ-ਬੜਾ ਹੈ ਰੱਬ ਦਾ ਨਾਮ ਚੰਗਾ ਬੇੜੇ ਡੁਬਦੇ ਪਾਰ ਉਤਾਰਦਾ ਏ
ਨਾਮ ਓਸਦਾ ਕਸ਼ਟ ਸਭ ਦੂਰ ਕਰਦਾ ਅਤੇ ਵਿਗੜਦੇ ਕੰਮ ਸਵਾਰਦਾ ਏ
ਕਰੇ ਸ਼ਾਹ ਕੰਗਾਲ ਫਕੀਰ ਰਾਜੇ ਅਜਬ ਸਿਲਸਿਲਾ ਮੇਰੇ ਕਰਤਾਰ ਦਾ ਏ
ਕਰਦਾ ਇਕਦੀ ਉਮਰ ਸੌਬਰਸ ਦੀਏ ‘ਗਯਾਨ ਇਕ ਨੂੰ ਜੰਮਦੇ ਮਾਰਦਾ ਏ
ਪੇ-ਪਾਰ ਨਾ ਪਾਵੀਏ ਕੁਦਰਤਾਂ ਦਾ ਬੜਾ ਰੱਬ ਜੇ ਬੇ ਪ੍ਰਵਾਹ ਬੇਲੀ
ਕਿਤੇ ਬੈਠਕੇ ਤਖਤ ਤੇ ਰਾਜ ਕਰਦਾ ਕਿਤੇ ਮੰਗਤਾ ਤੇ ਕਿਤੇ ਸ਼ਾਹ ਬੇਲੀ
ਆਪੇ ਮਰੇ ਤੇ ਆਪੇ ਈ ਜੰਮਦਾ ਏ ਲੋਕਾਂ, ਭਰਮ ਦਾ ਕਢਿਆ ਲਾਹ ਬੇਲੀ
‘ਗਯਾਨ’ ਕਦੀ ਤਾਂ ਓਸਨੂੰ ਯਾਦ ਕਰਤੂੰ ਕੂੜੇ ਦਮਾਂਦਾ ਨਹੀਂ ਵਸਾਹ ਬੇਲੀ
ਤੇ-ਤਰਕ ਸਭ ਕੰਮ ਤੇ ਕਾਜ ਕਰਕੇ ਧਾਰਾਪੁਰੀ ਅੰਦਰ ਜ਼ਰਾ ਆ ਪਯਾਰੇ
ਸਰਸਬਜ਼ ਵਿਚ ਬਾਗਤੇ ਨਹਿਰ ਗਿਰਦੇ ਨਗਰ ਰੱਖਿਆ ਖੂਬ ਸਜਾ ਪਯਾਰੇ
ਧਾਰਾਪੁਰੀ ਯਾਕਿ ਇੰਦਰ ਪੁਰੀ ਆਖਾਂ ਦੇਵੇ ਸ੍ਵਰਗ ਦੀ ਯਾਦ ਭੁਲਾ ਪਯਾਰੇ