ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/9

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[10]

ਰਾਮਚੰਦ ਜਹੇ ਫਿਕਰ ਮੰਦ ਕੀਤੇ ਅਤੇ ਮਾਰਿਆ ਰਾਜਿਆਂ ਰਾਣਿਆਂ ਨੂੰ। ਰੋਜੇ ਭੋਜ ਉਤੇ ਅਸਵਾਰ ਹੋਈਆਂ ਗਿਆ ਭਰਥਰੀ ਛੋੜ ਟਿਕਾਣਿਆਂ ਨੂੰ। ਕਿਸ਼ਨ ਸਿੰਘ ਤਮਾਮ ਇਮਾਮ ਕੁਠੇ ਅਤੇ ਮਾਰਿਆ ਇਸ਼ਕ ਵਿਕਾਣਿਆਂ ਨੂੰ ॥੪੩॥

ਕਿਹਾ ਫੇਰ ਸਿਰਕੱਪ ਨੇ ਸਚ ਆਖੇਂ ਤਾਂ ਭੀ ਇਸਤ੍ਰੀ ਮਰਦ ਨੂੰ ਯੋਗ ਹੈ ਜੀ। ਜਗ ਜੀਵਨੇ ਦਾ ਇਹੋ ਫਲ ਕਹਿੰਦਾ ਇਕ ਨਾਮ ਸਾਹਿਬ ਦੂਜਾ ਭੋਗ ਹੈ ਜੀ। ਵਲੀ ਪੀਰ ਫਕੀਰ ਪੈਗੰਬਰਾਂ ਦਾ ਨਾਲ ਨਾਰੀਆ ਦੇ ਸੰਯੋਗ ਹੈ ਜੀ। ਕਿਸ਼ਨ ਸਿੰਘ ਮੇਹਰੀ ਮਰਦ ਮਿਲਤ ਜਦੋਂ ਦੂਰ ਹੋਵੇ ਤਦੋਂ ਸਾਰਾ ਵਿਯੋਗ ਹੈ ਜੀ ।੪੪।

ਕੰਵਰ ਅਖਿਆ ਕਰਾਂਗਾ ਕੰਮ ਐਸਾ ਜੰਮੀ ਅਜ ਦੀ ਮਿਲੇ ਜੇ ਨਾਰ ਕੋਈ। ਕਿਹਾ ਰਾਜੇ ਸਿਰਕਪ ਨੇ ਬਹੁਤ ਚੰਗੀ ਲੜਕੀ ਅਜ ਮੇਰੇ ਪੈਦਾਵਾਰ ਹੋਈ। ਧੌਲਰ ਵੱਖਰੇ ਵਿਚ ਵਸਾਓ ਉਸਨੂੰ ਖਾਸ ਰੱਖ ਦਈਏ ਖਿਦਮਤਗਾਰ ਕੋਈ। ਕਿਸ਼ਨ ਸਿੰਘ ਦਾਈਆਂ ਮਾਈਆਂ ਪਾਸ ਰਹਿਸਣ ਤੇਰੇ ਹੁਕਮ ਦਾ ਨਹੀਂ ਇਨਕਾਰ ਕੋਈ ॥੪੫॥

ਕਿਹਾ ਰਾਜੇ ਰਸਾਲੂ ਨੇ ਬਹੁਤ ਚੰਗਾ ਧੌਲਰ ਵੱਖਰੇ ਵਿਚ ਵਸਾਵਸਾਂ ਮੈਂ ਜਦੋਂ ਹੋਵਸੀ ਖੂਬ ਜਵਾਨ ਰਾਣੀ ਲੈਕੇ ਆਪਣੇ ਦੇਸ ਨੂੰ ਜਾਵਸਾਂ ਮੈਂ। ਬਾਰਾਂ ਬਰਸ ਇਥੋਂ ਨਹੀਂ ਜਾਵਣਾ ਹੈ ਸੋਈ ਤੁਸਾਂ ਦੇ ਪਾਸ ਲੰਘਾਵਸਾਂ ਮੈਂ। ਕਿਸ਼ਨ ਸਿੰਘ ਸਿਰਕੱਪ ਨੇ ਅਰਜ਼ ਕੀਤੀ ਤੇਰਾ ਹੁਕਮ ਬਜਾਏ ਲਿਆਵਸਾਂ ਮੈਂ ।੪੬।

ਰਾਣੀ ਕੋਕਲਾਂ ਦਾਈ ਦੇ ਗੋਦ ਪਾਈ ਅਤੇ ਗੋਲੀਆਂ ਕੋਲ ਖਿਡਾਵਣੇ ਨੂੰ। ਸੁੰਦਰ ਤੋਤੇ ਦਾ ਪਿੰਜਰਾ ਪਾਸ ਪਾਇਆ ਅਤੇ ਨਾਲ ਮੈਨਾ ਪ੍ਰਚਾਵਣੇ ਨੂੰ। ਬਾਰਾਂ ਬਰਸ ਦੀ ਜਦੋਂ ਜਵਾਨ ਹੋਈ ਪਰੀਆਂ ਉਡ ਆਈਆਂ ਦਰਸ਼ਨ ਪਾਵਣੇ ਨੂੰ। ਕਿਸ਼ਨ ਸਿੰਘ ਕੀ ਉਸ ਦੀ ਸਿਫਤ ਕਰੀਏ ਦੇਖ ਦਿਲ ਨ ਚਾਹੁੰਦਾ ਆਵਣੇ ਨੂੰ ॥੪੭॥

ਜ਼ੁਲਫਾਂ ਨਾਗ ਕਾਲੇ ਚਿਹਰਾ ਚੰਦ ਜਿਹਾ ਸ਼ੰਮਸ ਸ਼ੇਖ ਚਸ਼ਮਾ ਨੂਰ ਦਾ ਸੀ। ਨੱਕ ਖੰਡੇ ਦੀ ਧਾਰ ਸਿਓ ਗੱਲ੍ਹਾਂ ਗਰਦਨ ਕੂੰਜ ਤੇ ਹੁਸਨ ਜ਼ਹੂਰ ਦਾ ਸੀ। ਕੱਦ ਸਰੂ ਅਤੇ ਸੀਨਾ ਸਾਫ ਸੁੰਦਰ ਚਾਲ ਫੀਲ ਦਿਲ ਮੱਸਤ ਮਖਮੂਰ ਦਾ ਸੀ। ਕਿਸ਼ਨ ਸਿੰਘ ਜੋ ਹੋਵਣਾ ਸੋਈ ਹੋਈ ਰਾਣੀ ਕੋਕਲਾਂ ਕੰਮ ਸ਼ਊਰ ਦਾ ਸੀ ।੪੮।