ਪੰਨਾ:ਰਾਜ ਕੁਮਾਰੀ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਥੀ ਤੇ ਕੀੜੀਆਂ


ਰਾਜੇ ਨੇ ਭਗੀਰਥ ਨੂੰ ਆਖਿਆ, "ਮਿੱਤ੍ਰ! ਮੇਰੀ ਪ੍ਰੇਮਕਾ ਦੀ ਸੁੰਦਰਤਾ ਨੇ ਮੈਨੂੰ ਅਜਿਹਾ ਬੇਵਸ ਕਰ ਦਿੱਤਾ ਹੈ ਕਿ ਉਸ ਦੇ ਸਾਹਮਣੇ ਮੇਰੇ ਕੰਨ ਬੋਲੇ ਹੋ ਜਾਂਦੇ ਹਨ ਤੇ ਮੈਂ ਤੇਰੀਆਂ ਕਹਾਣੀਆਂ ਦਾ ਥੋੜਾ ਜਿਨਾ ਹਿੱਸਾ ਹੀ ਸੁਣ ਸਕਦਾ ਹਾਂ, ਪ੍ਰੰਤੂ ਮੈਂ ਜਾਣਦਾ ਹਾਂ ਕਿ ਉਸ ਦੀ ਸਮਝ ਆਮ ਬੰਦਿਆਂ ਨਾਲੋਂ ਕਿਤੇ ਵਧ ਹੈ, ਕਿਉਂ ਜੋ ਅਜੇ ਤਾਈਂ ਤੂੰ ਉਸ ਨੂੰ ਕਿਸੇ ਉਲਝਣ ਵਿਚ ਫਸਾਉਣ ਵਿਚ ਸਫ਼ਲ ਨਹੀਂ ਹੋਇਆ। ਹੁਣ ਮੇਰੇ ਯਾਰ੍ਹਾਂ ਦਿਨ ਬਰਬਾਦ ਹੋ ਗਏ ਹਨ ਤੇ ਕੇਵਲ ਦਸ ਦਿਨ ਪਿਛੇ ਰਹਿ ਗਏ ਹਨ। ਜੇ ਮੈਨੂੰ ਮੇਰੀ ਪ੍ਰੇਮਕਾ ਨਾ ਮਿਲ ਸਕੀ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰਾਂਗਾ। ਦਿਨੋ ਦਿਨ ਉਸ ਦੀਆਂ ਨਜ਼ਰਾਂ ਮਿਹਰ-ਭਰੀਆਂ ਹੋ ਰਹੀਆਂ ਹਨ ਤੇ ਵਿਯੋਗ ਦੀਆਂ ਘੜੀਆਂ ਡਰਾਉਣੀਆਂ। ਹੁਣ ਤਾਂ ਇਸ ਤਸਵੀਰ ਵਿਚ ਵੀ ਏਨੀ ਖਿੱਚ ਨਹੀਂ ਰਹੀ ਜੋ ਮੈਨੂੰ ਪਲ ਭਰ ਲਈ ਤਸੱਲੀ ਦੇ ਸਕੇ।"

ਉਸ ਨੇ ਸਾਰੀ ਰਾਤ ਬੜੀ ਔਖਿਆਂ ਬਿਤਾਈ। ਦਿਨ ਦੀਆਂ ਘੜੀਆਂ ਬਾਗ਼ ਵਿਚ ਟਹਿਲਦਿਆਂ ਤੇ ਭਗੀਰਥ ਨਾਲ ਗੱਲਾਂ ਕਰਦਿਆਂ ਲੰਘ ਗਈਆਂ ਤੇ ਸ਼ਾਮ ਨੂੰ ਦੋਵੇਂ ਦਰਬਾਰ ਵਿਚ ਪਹੁੰਚੇ। ਰਾਜ ਕੁਮਾਰੀ ਇਕ ਸੁੰਦਰ ਗੁਲਾਬੀ ਸਾੜ੍ਹੀ ਪਾਈ ਤੇ ਅਮੁਲੇ ਗਹਿਣੇ ਸਜਾਈ ਆਪਣੇ ਸਿੰਘਾਸਨ ਤੇ ਬੈਠੀ ਸੀ। ਉਸ ਨੇ ਸ਼ੌਕ-ਭਰੀਆਂ ਅੱਖਾਂ ਨਾਲ ਰਾਜੇ ਵੱਲ ਵੇਖਿਆ। ਰਾਜਾ ਉਸ ਦੇ ਨੈਨਾਂ ਦੇ ਤਿੱਖੇ ਤੀਰਾਂ ਨਾਲ ਵਿਨ੍ਹਿਆਂ ਗਿਆ। ਉਹ ਸੰਦਲੀ ਤੇ ਬੈਠ ਗਿਆ ਤੇ ਭਗੀਰਥ

੮੦