ਪੰਨਾ:ਰਾਜ ਕੁਮਾਰੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਅੱਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਕਿਸੇ ਬਣ ਵਿਚ ਇਕ ਹਾਥੀਆਂ ਦਾ ਰਾਜਾ ਸੀ। ਉਹ ਇੰਦਰ ਦੀ ਬਿਜਲੀ ਵਾਂਗ ਇਧਰ ਉਧਰ ਭਜਦਾ ਫਿਰਦਾ। ਜਦ ਉਹ ਝਾੜੀਆਂ ਨੂੰ ਪੈਰਾਂ ਥੱਲੇ ਲਤਾੜਦਾ ਅਤੇ ਰੁੱਖਾਂ ਨੂੰ ਜੜ੍ਹੋਂ ਉਖੇੜਦਾ ਤਾਂ ਉਸ ਦੇ ਸਰੀਰ ਵਿਚੋਂ ਮੁੜ੍ਹਕੇ ਦੀਆਂ ਨਦੀਆਂ ਵਹਿ ਟੁਰਦੀਆਂ। ਜਦ ਉਸ ਦਾ ਮਨ ਇਨ੍ਹਾਂ ਖੇਡਾਂ ਤੋਂ ਸ਼ਾਂਤ ਹੋ ਜਾਂਦਾ ਤਾਂ ਉਹ ਹੌਲੀ ਹੌਲੀ ਪਹਾੜ ਵਾਂਗੂ ਚਲਦਾ ਅਤੇ ਫਿਰ ਕਿਸੇ ਦਮਕੌੜੇ ਕੋਲ ਪੁਜ ਕੇ ਉਸ ਵਿਚ ਆਪਣੇ ਦੰਦ ਗੱਡ ਦੇਂਦਾ ਤੇ ਸਾਰੀ ਮਿਟੀ ਉਲਟ ਦੇਂਦਾ। ਫਿਰ ਥੋੜਾ ਹੋਰ ਅਗੇ ਵਧ ਕੇ ਇਕ ਚਸ਼ਮੇ ਕੋਲ ਖਲੋਂ ਜਾਂਦਾ ਅਤੇ ਆਪਣੀ ਸੁੰਡ ਵਿਚ ਪਾਣੀ ਭਰ ਕੇ ਆਪਣੇ ਸਰੀਰ ਤੇ ਸੁਟਦਾ। ਫਿਰ ਚਸ਼ਮੇ ਦੇ ਕੰਢੇ ਤੇ ਦੰਦ ਗੱਡ ਦਿੰਦਾ ਅਤੇ ਰੁਖ ਦਾ ਸਹਾਰਾ ਲੈ ਕੇ ਹੌਲੀ ਹੌਲੀ ਝੂਮਦਾ, ਅੱਖਾਂ ਮੀਚ ਕੇ ਕੰਨ ਹਲਾਉਂਦਾ ਤੇ ਮੁੰਡ ਲਮਕਾ ਕੇ ਖਲੋ ਜਾਂਦਾ। ਉਸ ਦੇ ਦੋ ਦੰਦ ਉਸ ਦੇ ਕਾਲੇ ਸਰੀਰ ਵਿਚ ਇਉਂ ਦਿਸਦੇ ਜਿਸ ਤਰ੍ਹਾਂ ਕਾਲੇ ਬਦਲਾਂ ਵਿਚ ਚਿੱਟੇ ਹੰਸਾਂ ਦੀ ਦੂਹਰੀ ਕਤਾਰ।

"ਕੀੜੀਆਂ ਇਨ੍ਹਾਂ ਦਮਕੌੜਿਆਂ ਦੀ ਬਰਬਾਦੀ ਵੇਖ ਬਹੁਤ ਦੁਖੀ ਹੋਈਆਂ ਤੇ ਹਜ਼ਾਰਾਂ ਮਰ ਵੀ ਗਈਆਂ। ਅਖ਼ੀਰ ਤੰਗ ਆ ਕੇ ਕਹਿਣ ਲੱਗੀਆਂ, 'ਕੀ ਇਸ ਬਦਮਾਸ਼ ਹਾਥੀ ਦੀਆਂ ਵਹਿਸ਼ਤ-ਭਰੀਆਂ ਖੇਡਾਂ ਨਾਲ ਅਸੀਂ ਇਸੇ ਤਰ੍ਹਾਂ ਮਰਦੀਆਂ ਰਹਾਂਗੀਆਂ?' ਉਨ੍ਹਾਂ ਨੇ ਆਪਣੀਆਂ ਕੀੜੀਆਂ ਦੀ ਮੌਤ ਦਾ ਬਦਲਾ ਲੈਣ ਲਈ ਇਕ ਡੈਪੂਟੇਸ਼ਨ ਭੇਜਣਾ ਚਾਹਿਆ ਅਤੇ ਆਪਣੇ ਵਿਚੋਂ ਸਤ ਸਿਆਣੀਆਂ ਕੀੜੀਆਂ ਚੁਣ ਕੇ ਹਾਥੀ ਕੋਲ ਭੇਜੀਆਂ।

"ਕੀੜੀਆਂ ਇਕੋ ਕਤਾਰ ਵਿਚ ਟੁਰਦੀਆਂ ਗਈਆਂ ਤੇ ਉਸ ਰੁਖ ਕੋਲ ਪਹੁੰਚੀਆਂ, ਜਿਸ ਦਾ ਸਹਾਰਾ ਲੈ ਕੇ ਉਹ ਹਾਥੀਆਂ ਦਾ ਰਾਜਾ ਖਲੋਤਾ ਸੀ। ਉਹ ਰੁਖ ਤੇ ਚੜ੍ਹ ਗਈਆਂ ਅਤੇ ਉਨ੍ਹਾਂ ਨੇ

੮੧