ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨਿਲ ਉਹਨਾਂ ਦਿਨਾਂ ਵਿੱਚ ਇਕੱਲਾ ਸੀ। ਉਹਦੀ ਪਤਨੀ ਪਹਿਲਾ ਬੱਚਾ ਜੰਮਣ ਆਪਣੇ ਮਾਪਿਆਂ ਦੇ ਘਰ ਗਈ ਹੋਈ ਸੀ। ਦਫ਼ਤਰ ਵਿੱਚ ਉਹ ਸਾਥੀ ਕਲਰਕਾਂ ਵੱਲੋਂ ਚਿੜ੍ਹਿਆ-ਬੁਝਿਆ ਜਿਹਾ ਰਹਿੰਦਾ। ਉਹਦਾ ਅਫ਼ਸਰ ਵੀ ਬਹੁਤ ਉਜੱਡ ਸੀ। ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਅਨਿਲ ਖਿਝ ਉੱਠਦਾ, ਪਰ ਬੋਲਦਾ ਕੁਝ ਨਾ। ਵਿੱਚੇ ਵਿੱਚ ਤਪਦਾ ਰਹਿੰਦਾ। ਇੱਕ ਕਲਰਕ ਬੜਾ ਕਮੂਤ ਸੀ, ਹਰ ਕਿਸੇ ਦਾ ਮਜ਼ਾਕ ਉਡਾ ਦਿੰਦਾ। ਕਮਜ਼ੋਰੀ ਲੱਭ ਕੇ ਚੋਟ ਕਰਨੀ ਉਹਦਾ ਸ਼ੁਗਲ ਸੀ। ਹੱਡ ਉੱਤੇ ਮਾਰਦਾ ਸੀ। ਕਈ ਤਾਂ ਉਹਦੀਆਂ ਚੋਟਾਂ ਤੋਂ ਡਰਦੇ ਹੀ ਤੜਕੇ ਆਉਣ ਸਾਰ ਉਹਨੂੰ ਨਮਸਕਾਰ ਕਰਦੇ। ਦਫ਼ਤਰ ਵਿੱਚ ਦੋ-ਤਿੰਨ ਬੰਦੇ ਅਜਿਹੇ ਵੀ ਸਨ, ਜਿਹੜੇ ਉਸ ਨੂੰ ਟੁੱਟ ਕੇ ਪੈ ਜਾਂਦੇ। ਇੱਕ ਬੰਦੇ ਨੇ ਤਾਂ ਇੱਕ ਦਿਨ ਉਹਦੀ ਬਾਂਹ ਨੂੰ ਗੇੜਾ ਦੇ ਲਿਆ ਸੀ। ਅਜਿਹੇ ਲੋਕਾਂ ਨੂੰ ਚਾਂਦੀ ਰਾਮ ਮਜ਼ਾਕ ਨਹੀਂ ਕਰਦਾ ਸੀ, ਪਰ ਅਨਿਲ ਨੂੰ ਤਾਂ ਉਹ ਬੇਹੇ ਕੜਾਹ ਵਾਂਗੂੰ ਲੈਂਦਾ। ਗੱਲ ਐਨੀ ਸੀ ਕਿ ਅਨਿਲ ਦਾ ਰੰਗ ਪੱਕਾ ਸੀ। ਉਹਦੀਆਂ ਅੱਖਾਂ ਛੋਟੀਆਂ ਤੇ ਦੰਦ ਉੱਚੇ ਸਨ। ਉਹਦੀ ਪਤਨੀ ਬਹੁਤ ਸੋਹਣੀ ਸੀ। ਰੰਗ ਗੋਰਾ ਤੇ ਤਿੱਖੇ ਨੈਣ-ਨਕਸ਼। ਕੱਦ ਅਨਿਲ ਨਾਲੋਂ ਥੋੜ੍ਹਾ ਉੱਚਾ। ਚਾਂਦੀ ਰਾਮ ਨੇ ਇੱਕ ਦਿਨ ਉਹਨੂੰ ਅਨਿਲ ਨਾਲ ਬਾਜ਼ਾਰ ਵਿੱਚ ਦੇਖ ਲਿਆ ਸੀ। ਉਸ ਦਿਨ ਤੋਂ ਹੀ ਉਹ ਅਨਿਲ ਦਾ ਖਹਿੜਾ ਨਹੀਂ ਛੱਡਦਾ ਸੀ। ਗੱਲ-ਗੱਲ ਉੱਤੇ ਉਹ ਅਨਿਲ ਦਾ ਮੌਜੂ ਉਡਾ ਦਿੰਦਾ। ਅਨਿਲ ਕੁਝ ਨਾ ਬੋਲਦਾ। ਬਸ ਮੁਸਕਰਾ ਛੱਡਦਾ। ਦੂਜੇ ਕਲਰਕ ਹਾਸੜ ਚੁੱਕ ਲੈਂਦੇ। ਉਹ ਹੱਤਕ ਮੰਨਦਾ। ਕਦੇ-ਕਦੇ ਉਹ ਐਨਾ ਪਰੇਸ਼ਾਨ ਹੋ ਜਾਂਦਾ ਕਿ ਇਸ ਦਫ਼ਤਰ ਵਿੱਚੋਂ ਆਪਣੀ ਬਦਲੀ ਕਰਾਉਣ ਬਾਰੇ ਸੋਚਣ ਲੱਗਦਾ। ਹੁਣ ਜਦੋਂ ਕਿ ਉਹਦੀ ਪਤਨੀ ਪੇਕਿਆਂ ਦੇ ਘਰ ਗਈ ਹੋਈ ਤੇ ਇਸ ਦਾ ਪਤਾ ਚਾਂਦੀ ਰਾਮ ਨੂੰ ਲੱਗ ਗਿਆ ਸੀ, ਉਹ ਅਨਿਲ ਨੂੰ ਹੋਰ ਖਿਝਾਉਣ ਲੱਗਿਆ ਸੀ। ਬਸ ਇੱਕੋ ਗੱਲ ਫ਼ੜ ਰੱਖੀ ਸੀ, ਅਖੇ- "ਅਨਿਲ ਬਾਬੂ, ਜੁਆਕ ਦੀ ਸ਼ਕਲ ਜੇ ਤੇਰੇ 'ਤੇ ਚਲੀ ਗਈ, ਫਿਰ ...?"

ਅਨਿਲ ਨੇ ਪਹਿਲੇ ਬੋਲ ਹੀ ਕਹਿ ਦਿੱਤਾ ਕਿ ਉਹ ਬਲਕਰਨ ਨਾਲ ਸ੍ਰੀਨਗਰ ਜਾਵੇਗਾ। ਦੱਸਿਆ ਕਿ ਉਹ ਅੱਜ-ਕੱਲ੍ਹ ਉਦਾਸ ਰਹਿੰਦਾ ਹੈ।

ਬਲਕਰਨ ਹੱਸ ਕੇ ਕਹਿਣ ਲੱਗਿਆ- "ਭਾਬੀ ਤਾਂ ਗਈ ਹੋਈ ਐ। ਐਤਕੀ ਦੀ ਸਾਰੀ ਤਨਖਾਹ ਲੈ ਕੇ ਐਥੇ ਆ ਜਾਈਂ ਫਿਰ। ਐਥੋਂ ਈ ਚੱਲਾਂਗੇ।" ਤੇ ਫਿਰ ਦੱਸਿਆ-"ਤਿੰਨ ਦੀ ਸ਼ਾਮ ਨੂੰ ਚੱਲਾਂਗੇ। ਗੱਡੀ ਫੜਾਂਗੇ। ਸਵੇਰੇ ਜੰਮੂ ਪਹੁੰਚ ਜਾਵਾਂਗੇ। ਉੱਥੋਂ ਸਵੇਰੇ ਬਸਾਂ ਚੱਲਦੀਆਂ ਨੇ। ਬਾਰਾਂ ਘੰਟੇ ਦਾ ਰਾਹ ਐ। ਸ਼ਾਮ ਤੱਕ ਸ੍ਰੀਨਗਰ ਪਹੁੰਚ ਜਾਣੈ।"

ਉਹਨਾਂ ਨੂੰ ਯੂਥ ਹੋਸਟਲ ਵਿੱਚ ਠਹਿਰਾਇਆ ਗਿਆ। ਦੋ ਦਿਨ ਤਾਂ ਉਹ ਕਾਨਫ਼ਰੰਸ ਵਿੱਚ ਹੀ ਰੁੱਝੇ ਰਹੇ। ਸਵੇਰੇ ਸ਼ਾਮ ਦੋ-ਦੋ ਸ਼ੈਸ਼ਨ ਹੋਏ ਸਨ। ਦੋਵੇਂ ਦਿਨ ਕੋਈ ਵਿਹਲ ਨਹੀਂ ਮਿਲੀ ਕਿ ਉਹ ਕਿਧਰੇ ਬਾਹਰ ਜਾ ਸਕਣ। ਘੁੰਮ ਫਿਰ ਸਕਣ। ਦੁਪਹਿਰ ਸੀ। ਦੋ ਘੰਟੇ ਮਿਲਦੇ। ਰੋਟੀ ਖਾਂਦੇ ਤੇ ਸੌਂ ਜਾਂਦੇ। ਤੀਜੇ ਦਿਨ ਹੋਸਟਲ ਦਾ ਮੈਨੇਜਰ ਕਹਿੰਦਾ- "ਕਮਰਾ ਖ਼ਾਲੀ ਕਰ ਦਿਓ।"

"ਕਿਉਂ?"

"ਸ਼ਾਮ ਨੂੰ ਨਵੇਂ ਲੋਕ ਆ ਰਹੇ ਨੇ। ਤੁਹਾਡੀ ਬੁਕਿੰਗ ਕੱਲ੍ਹ ਰਾਤ ਤੱਕ ਸੀ।"

ਅੜਬ ਆਦਮੀ

123