ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੂੰਡੀਆਂ ਫੜ ਕੇ ਆਏ ਹੋਏ। ਅੱਧਖੜ ਬੰਦੇ ਸਨ, ਪੁਰਾਣੇ ਪੈਂਟ ਕੋਟ ਪਹਿਨੇ ਹੋਏ, ਜਿਹਨਾਂ ਦੇ ਕੱਪੜਿਆਂ ਵਿੱਚ ਪ੍ਰੈੱਸ ਦੀਆਂ ਕਰੀਜ਼ਾਂ ਦੇ ਨਾਲ ਤਹਿ ਮਾਰ ਕੇ ਰੱਖੇ ਪਿਛਲੇ ਸਾਲ ਦੇ ਪਏ ਵਲ਼ ਵੀ ਸਨ। ਨੌਜਵਾਨ ਮੁੰਡੇ ਐਕਟਰ ਬਣ ਕੇ ਆਏ ਸਨ। ਕੋਈ ਕਿਸੇ ਐਕਟਰ ਦੀ ਨਕਲ ਸੀ ਤੇ ਕੋਈ ਕਿਸੇ ਐਕਟਰ ਦੀ। ਨੱਚਦੇ-ਟੱਪਦੇ ਫਿਰਦੇ ਸਨ। ਇੱਕ ਦੂਜੇ ਨੂੰ ਛੇੜਦੇ ਤੇ ਏਧਰ-ਓਧਰ ਨੱਠੇ ਫਿਰਦੇ। ਜਸ਼ਨ ਪੈਲੇਸ ਵਿੱਚ ਦੋ ਵਿੰਗ ਸਨ। ਇੱਕ ਪਾਸਾ ‘ਵੈੱਜ’ ਦੂਜਾ ਪਾਸਾ ‘ਨਾਨਵੈੱਜ'। ਨਾਨਵੈੱਜ ਵੱਲ ਬਹੁਤਾ ਇਕੱਠ ਸੀ। ਔਰਤਾਂ, ਬੱਚਿਆਂ ਤੇ ਬੁੱਢਿਆਂ ਦਾ ਇਕੱਠ ਚਾਟਾਂ ਖਾ ਰਿਹਾ ਸੀ। ਕੋਕ ਪੀ ਰਹੇ ਸਨ ਉਹ ਅਤੇ ਕੌਫ਼ੀ ਦੇ ਝੱਗਦਾਰ ਪਿਆਲੇ।

ਕੱਲ੍ਹ ਰਾਤ ਬਾਰਾਤ ਤੋਂ ਮੁੜ ਕੇ ਸਭ ਸ਼ਰਾਬਾਂ ਪੀ ਰਹੇ ਸਨ। ਰਾਮ ਨਰਾਇਣ ਉੱਤੇ ਚੁਬਾਰੇ ਵਿੱਚ ਹੀ ਸੀ। ਕੁਝ ਲੋਕ ਉੱਥੇ ਵੀ ਬੋਤਲਾਂ ਲੈ ਕੇ ਆ ਗਏ ਸਨ। ਜਸਵੰਤ ਰਾਏ ਵੀ ਉਹਨਾਂ ਵਿੱਚ ਸੀ। ਪਹਿਲਾ ਪੈੱਗ ਜਦੋਂ ਉਹਨਾਂ ਨੇ ਪਾਇਆ ਸੀ, ਪੈੱਗ ਉਹਨੂੰ ਜਸਵੰਤ ਰਾਏ ਨੇ ਹੀ ਪੇਸ਼ ਕੀਤਾ। ਆਖਿਆ ਸੀ, “ਲੈ ਛੋਟੇ ਭਾਈ, ਪਹਿਲਾਂ ਤੂੰ ਪੀ।” ਜਸਵੰਤ ਰਾਏ ਨੇ ਪਿਆਰ ਨਾਲ ਇਹ ਸ਼ਬਦ ਕਹੇ ਸਨ। ਰਾਮ ਨਰਾਇਣ ਉਹਦੀਆਂ ਅੱਖਾਂ ਵੱਲ ਝਾਕਿਆ ਸੀ। ਉਹਦੀਆਂ ਅੱਖਾਂ ਚਮਕ ਰਹੀਆਂ ਸਨ। ਰਾਮ ਨਾਰਾਇਣ ਵਾਂਗ ਬੁਝੀਆਂ-ਬੁਝੀਆਂ ਨਹੀਂ ਸਨ। ਜਿਵੇਂ, ਜਸਵੰਤ ਰਾਏ ਦੀਆਂ ਅੱਖਾਂ ਵਿੱਚ ਕੋਈ ਸ਼ਰਾਰਤ ਹੋਵੇ। ਜਿਵੇਂ ‘ਛੋਟੇ ਭਾਈ’ ਆਖਦਾ ਉਹ ਮਜ਼ਾਕ ਕਰ ਰਿਹਾ ਹੋਵੇ। ਉਹਨੇ ਇਹ ਵੀ ਸੋਚਿਆ, ਹੋ ਸਕਦਾ ਹੈ ਅਜਿਹਾ ਨਾ ਹੋਵੇ। ਜਸਵੰਤ ਰਾਏ ਨੇ ਪਹਿਲਾਂ ਪੀਤੀ ਹੋਵੇਗੀ, ਇਸ ਕਰਕੇ ਉਹਦੀਆਂ ਅੱਖਾਂ ਵਿੱਚ ਚਮਕ ਹੈ। ਇਹ ਚਮਕ ਦਿਨ ਦੀ ਪੀਤੀ ਦੀ ਵੀ ਹੋ ਸਕਦੀ ਹੈ, ਪਰ ਜਦੋਂ ਉਹਨੇ ਛੋਟਾ ਭਾਈ ਕਿਹਾ ਸੀ ਤਾਂ ਰਾਮ ਨਰਾਇਣ ਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ ਸੀ, ਜਿਵੇਂ ਉਹ ਸੱਚਮੁੱਚ ਛੋਟਾ ਹੋਵੇ, ਜਿਵੇਂ ਸਮਾਜਕ ਪੱਖੋਂ ਵੀ ਛੋਟਾ ਸਮਝ ਕੇ ਜਸਵੰਤ ਰਾਏ ਨੇ ਉਹਨੂੰ ਛੋਟਾ ਕਿਹਾ ਹੋਵੇ। ਪੈੱਗ ਰਾਮ ਨਰਾਇਣ ਨੇ ਫ਼ੜ ਤਾਂ ਲਿਆ ਸੀ, ਪਰ ਉਹ ਜਸਵੰਤ ਰਾਏ ਦੇ ਮੂੰਹ ਵੱਲ ਚੁੱਪ ਕੀਤਾ ਹੀ ਝਾਕਿਆ। ਉਹਦੇ ਬੁੱਲ੍ਹਾਂ ਉੱਤੇ ਸ਼ੁਕਰੀਏ ਜਿਹਾ ਕੋਈ ਭਾਵ ਨਹੀਂ ਆਇਆ ਤੇ ਨਾ ਹੀ ਖ਼ੁਸ਼ੀ ਦਾ ਕੋਈ ਪ੍ਰਗਟਾਵਾ। ਉਹਨੇ ਸਾਂਢੂ ਨਾਲ ਜਾਮ ਟਕਰਾਇਆ ਵੀ ਨਹੀਂ। ਗਿਲਾਸ ਫੜਿਆ ਤੇ ਮੂੰਹ ਨੂੰ ਲਾ ਲਿਆ, ਚਾਹ ਦੇ ਗਿਲਾਸ ਵਾਂਗ।

ਤੇ ਹੁਣ ਮਹਿਮਾਨ ਜਸ਼ਨ ਪੈਲੇਸ ਦੇ ਗੇਟ ਉੱਤੇ ਆਉਂਦੇ। ਜੋਗਿੰਦਰ ਪਾਲ ਤੇ ਕੁਝ ਹੋਰ ਲੋਕ ਆਏ ਮਹਿਮਾਨਾਂ ਦਾ ਸੁਆਗਤ ਕਰਦੇ। ਸੁਆਗਤ ਕਰਨ ਲਈ ਜੋਗਿੰਦਰ ਪਾਲ ਨੇ ਜਸਵੰਤ ਰਾਏ ਦੇ ਨਾਲ ਰਾਮ ਨਰਾਇਣ ਨੂੰ ਵੀ ਖੜ੍ਹਾ ਕਰ ਲਿਆ ਸੀ। ਆਉਣ ਵਾਲੇ ਲੋਕਾਂ ਨਾਲ ਉਹ ਜਸਵੰਤ ਰਾਏ ਦੀ ਮੁਲਾਕਾਤ ਵੀ ਕਰਾਉਂਦਾ। ਆਖਦਾ, “ਇਹ ਸਾਡੇ ਬਹਿਨੋਈ ਸਾਹਬ ਨੇ ਜੀ, ਡਾ. ਜਸਵੰਤ ਰਾਏ, ਅਬੋਹਰ ਵਾਲੇ।” ਫੇਰ ਉਹ ਰਾਮ ਨਰਾਇਣ ਦਾ ਨਾਂ ਵੀ ਲੈਂਦਾ। ਆਖਦਾ, “ਇਹ ਸਾਡੇ ਛੋਟੇ ਬਹਿਨੋਈ ਸਾਹਬ ਰਾਮ ਨਾਰਾਇਣ, ਸੰਗਰੂਰ ਤੋਂ।”

ਜਸਵੰਤ ਰਾਏ ਦੇ ਨਾਂ ਨਾਲ ਤਾਂ ਉਹ ਡਾਕਟਰ ਸਾਹਬ ਜੋੜਦਾ ਤੇ ਬੜੇ ਫ਼ਖ਼ਰ ਨਾਲ ਸ਼ਬਦਾਂ ਨੂੰ ਲਮਕਾ ਕੇ ਪੇਸ਼ ਕਰਦਾ, ਪਰ ਰਾਮ ਨਾਰਾਇਣ ਵੇਲੇ ਸਿਰਫ਼ ਰਾਮ

144

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ