ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਮਿੰਦਰ ਜਦ ਚੁਬਾਰੇ ਵਿੱਚ ਹੁੰਦੀ, ਸੁਖਪਾਲ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਤੇ ਜਾਂਦਾ। ਚੁਬਾਰੇ ਵਿੱਚ ਉਹ ਬਹੁਤੀ ਦੇਰ ਨਾ ਠਹਿਰਦਾ। ਬਸ ਐਨਾ ਕੁ ਚਿਰ ਹੀ, ਜਿਵੇਂ ਗਿਆ ਹੋਵੇ ਤੇ ਆ ਗਿਆ ਹੋਵੇ। ਪਰਮਿੰਦਰ ਉਸ ਨੂੰ ਆਪ ਵੀ ਬਹੁਤੀ ਦੇਰ ਚੁਬਾਰੇ ਵਿੱਚ ਖੜ੍ਹਨ ਨਹੀਂ ਸੀ ਦਿੰਦੀ।

ਨਛੱਤਰ ਕੌਰ ਨੂੰ ਨਾ ਪਰਮਿੰਦਰ 'ਤੇ ਕੋਈ ਸ਼ੱਕ ਸੀ ਤੇ ਨਾ ਸੁਖਪਾਲ 'ਤੇ। ਇਹ ਗੱਲ ਤਾਂ ਉਸ ਦੇ ਸੁਪਨੇ ਵਿੱਚ ਵੀ ਨਹੀਂ ਸੀ। ਸੁਖਪਾਲ ਬਾਰੇ ਤਾਂ ਉਸ ਨੇ ਪਹਿਲਾਂ ਕਦੇ ਅਜਿਹੀ ਕੋਈ ਵੀ ਮਾੜੀ ਚੰਗੀ ਗੱਲ ਨਹੀਂ ਸੀ ਸੁਣੀ। ਇਹੋ ਜਿਹਾ ਬੰਦਾ ਕਿਵੇਂ ਮਾੜਾ ਹੋ ਸਕਦਾ ਹੈ। ਉਸ ਨੂੰ ਵਿਸ਼ਵਾਸ ਸੀ, ਅਜਿਹੀਆਂ ਗੱਲਾਂ ਦਾ ਤਾਂ ਉਸ ਨੂੰ ਪਤਾ ਹੀ ਨਹੀਂ। ਪਰਮਿੰਦਰ ਵਰਗੀ ਰਲੌਟੀ ਕੁੜੀ ਦੇ ਮਾੜੀ ਹੋਣ ਦਾ ਖ਼ਿਆਲ ਉਸਨੇ ਕਦੇ ਵੀ ਨਹੀਂ ਸੀ ਕੀਤਾ। ਸੈਂਕੜੇ ਘਰੀਂ ਇਹ ਜਾਂਦੀਆਂ ਨੇ, ਇਹੋ ਜਿਹੀਆਂ ਇਹ ਹੋਣ ਤਾਂ ਇਨ੍ਹਾਂ ਨੂੰ ਪਿੰਡ ਵਿੱਚ ਤੁਰਨ ਫਿਰਨ ਵੀ ਨਾ ਦੇਵੇ ਕੋਈ।

ਦਿਨ ਵਿੱਚ ਇੱਕ ਵਾਰੀ ਉਹ ਪਰਮਿੰਦਰ ਕੋਲ ਜਾਂਦਾ ਜ਼ਰੂਰ। ਸਵੇਰੇ ਜਾਂਦਾ, ਨਹੀਂ ਤਾਂ ਸ਼ਾਮ ਨੂੰ ਜ਼ਰੂਰ ਹੀ। ਕਿਸੇ-ਕਿਸੇ ਦਿਨ ਤਾਂ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ। ਪਰਮਿੰਦਰ ਉਸ ਨੂੰ ਇੱਕ ਦੋ ਫ਼ਿਕਰਿਆਂ ਵਿੱਚ ਸਮਝਾਉਂਦੀ-ਜੇ ਪਤਾ ਲੱਗ ਗਿਆ ਤਾਂ ਤੇਰੇ ਈ ਜੁੱਤੀਆਂ ਪੈਣਗੀਆਂ। ਮੇਰੀ ਤਾਂ ਖੈਰ ਐ। ਮੈਨੂੰ ਤਾਂ ਚੁਬਾਰੇ ਹੋਰ ਬਥੇਰੇ।

-ਪਤਾ ਲੱਗ ਜੂ ਤਾਂ ਲੱਗ ਜਾਣ ਦੇ। ਅੰਨ੍ਹਾ ਹੋਇਆ ਸੁਖਪਾਲ ਕਹਿ ਦਿੰਦਾ।

-ਚੁੰਮਾ-ਚੱਟੀ ਦਾ ਮਤਲਬ? ਜਾਂ ਤਾਂ...ਪਰਮਿੰਦਰ ਨੇ ਇੱਕ ਦਿਨ ਕਿਹਾ।

-ਦਾਅ ਵੀ ਲੱਗੇ?

-ਕਿਉਂ, ਦਾਅ ਨੂੰ ਕੀਹ ਐ?

-ਚੰਗਾ, ਅੱਜ ਆਊਂਗਾ। ਨਛੱਤਰ ਤਾਂ ਪੈਣ ਸਾਰ ਸੁਰਗਾਂ ਨੂੰ ਪਹੁੰਚ ਜਾਂਦੀ ਐ। ਉਡੀਕ ਰੱਖੀਂ। ਡਰ ਨਾ ਜਾਈਂ ਕਿਤੇ।

-ਨਹੀਂ ਆਈਂ, ਨਾ। ਮੈਨੂੰ ਤਾਂ ਡਰ ਜ੍ਹਾ ਲੱਗਦੈ। ਕਿਤੇ ਹੋਰ...

-ਅੱਜ ਤਾਂ ਦੇਖੀ ਜਾਊ।

ਕੰਮ-ਧੰਦਾ ਮੁੱਕੇ ਤੋਂ ਜਦ ਸਾਰਾ ਟੱਬਰ ਵਿਹੜੇ 'ਚ ਪੈ ਗਿਆ ਤਾਂ ਸੁਖਪਾਲ ਪਹਿਲਾਂ ਹੀ ਸੌਣ ਦਾ ਨਾਟਕ ਰਚਣ ਲੱਗਿਆ। ਟੀਟੂ ਰਿਹਾੜ ਕਰ ਰਿਹਾ ਸੀ-ਕਹਾਣੀ ਸੁਣਾਓ।

-ਕੱਲ੍ਹ ਨੂੰ ਸਹੀ। ਅੱਜ ਤਾਂ ਥੱਕੇ ਹੋਏ ਆਂ, ਟੀਟੂ। ਨੀਂਦ ਔਂਦੀ ਐ। ਸੌਂ ਜਾ ਤੂੰ ਵੀ।

-ਥੱਕਣ ਨੂੰ ਕੀ ਹਲ ਦਾ ਮੁੰਨਾ ਫੜਿਆ ਸੀ? ਨਛੱਤਰ ਕੌਰ ਨੇ ਕਿਹਾ।

-ਕਪਾਹ ਦੇਖ ਕੇ ਆਇਆਂ, ਵੱਟੋ ਵੱਟ ਫਿਰ ਕੇ। ਖੇਤ ਕਿਹੜਾ ਨੇੜੇ ਐ। ਸੋਹਲ ਬੰਦੇ ਨੂੰ ਤਾਂ ਐਨੀ ਥਕਾਵਟ ਈ ਬਹੁਤ ਐ।

-ਥੁੱਕ-ਲੱਕ ਦਾ ਮਿਲ ਗਿਆ ਕੁਸ। ਆਪ ਹਲ ਜੋੜ ਕੇ ਕਰਨੀ ਪੈਂਦੀ ਕਮਾਈ, ਫੇਰ ਲੱਗਦਾ ਪਤਾ। ਖੇਤ ਗੇੜਾ ਮਾਰੇ ਈ ਥੱਕ ਗਿਆ ਸਰਦਾਰ ਸਾਅਬ।

ਹੋਰ ਸੁਣ ਲੋ, ਲੈ।

-ਚੰਗਾ, ਸੌਂ ਜੋ। ਕੰਨ ਨਾ ਖਾ ਐਵੇਂ।

ਨਛੱਤਰ ਕੌਰ ਨੇ ਬਥੇਰਾ ਬੁਲਾਇਆ ਤੇ ਜਵਾਕਾਂ ਨੇ ਵੀ, ਪਰ ਉਹ ਨਹੀਂ ਬੋਲਿਆ। ਝੂਠੇ ਘੁਰਾੜੇ ਮਾਰਨ ਲੱਗਿਆ। ਟੀਟੂ ਤੇ ਗੁੱਡੀ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਸੌਂ

ਕੱਟੇ ਖੰਭਾਂ ਵਾਲਾ ਉਕਾਬ

19