ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਕੰਮ ਕਰੇ ਸੁਖਪਾਲ ਤਾਂ ਵਧੀਆ ਰਹੇ। ਇਕ ਸੀਰੀ ਰੱਖ ਲਵੇ ਤੇ ਇੱਕ ਕੋਈ ਨੌਕਰ, ਮਾਲ ਢਾਂਡਾ ਸਾਂਭਣ ਤੇ ਉਤਲੇ ਕੰਮ ਵਾਸਤੇ।

ਚੰਨਣ ਚਮਿਆਰ ਕਿਸੇ ਸਮੇਂ ਉਨ੍ਹਾਂ ਨਾਲ ਸੀਰੀ ਰਹਿ ਚੁੱਕਿਆ ਸੀ। ਕਾਢੂ ਬੰਦਾ ਸੀ। ਨਿਰਖ-ਪਰਖ਼ ਸਾਰੀ ਜਾਣਦਾ ਸੀ। ਬੁੜੀ ਨੇ ਇੱਕ ਦਿਨ ਉਸ ਨੂੰ ਸੁਖਪਾਲ ਦੇ ਨਾਲ ਧਨੌਲੇ ਦੀ ਮੰਡੀ ’ਤੇ ਤੋਰ ਦਿੱਤਾ। ਦੋ ਹਜ਼ਾਰ ਰੁਪਿਆ ਦਿੱਤਾ ਕਿ ਉਹ ਬਲਦਾਂ ਦੀ ਚੰਗੀ ਜਿਹੀ ਜੋੜੀ ਖਰੀਦ ਲਿਆਉਣ। ਸੁਖਪਾਲ ਚਲਿਆ ਤਾਂ ਗਿਆ ਸੀ, ਪਰ ਉਸ ਦਾ ਤਾਂ ਜੀਅ ਹੀ ਨਹੀਂ ਸੀ ਕਰਦਾ ਕਿ ਉਹ ਵਾਹੀ ਦਾ ਕੰਮ ਕਰੇ। ਉਹ ਤਾਂ ਹੁਣ ਤੱਕ ਵਿਹਲਾ ਹੀ ਰਿਹਾ ਸੀ। ਸਕੂਲ-ਕਾਲਜ ਵਿੱਚ ਪੜ੍ਹਿਆ ਸੀ, ਚੰਗਾ ਖਾਧਾ ਪੀਤਾ ਸੀ, ਇਸ਼ਕ ਕੀਤਾ ਸੀ। ਉਸ ਦੇ ਪਿਓ ਨੇ ਤਾਂ ਕਦੇ ਉਸ ਨੂੰ ਇਹ ਵੀ ਨਹੀਂ ਸੀ ਆਖਿਆ ਕਿ ਉਹ ਖੇਤ ਜਾ ਕੇ ਰੋਟੀ ਦੇ ਆਵੇ। ਉਸ ਦੇ ਭਰਾਵਾਂ ਨੇ ਤਾਂ ਉਸ ਤੋਂ ਕਦੇ ਡੱਕਾ ਵੀ ਦੂਹਰਾ ਨਹੀਂ ਸੀ ਕਰਵਾਇਆ। ਹੁਣ ਕਿਵੇਂ ਕਰ ਸਕਦਾ ਸੀ, ਉਹ ਵਾਹੀ-ਖੇਤੀ ਦਾ ਕੰਮ? ਇਹ ਕੰਮ ਤਾਂ ਓਹੀ ਬੰਦਾ ਕਰ ਸਕਦਾ ਹੈ, ਜਿਸ ਨੇ ਪਹਿਲੇ ਦਿਨੋਂ ਕੀਤਾ ਹੋਵੇ। ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਵਾਲਾ ਹੈ, ਇਹ ਕੰਮ ਤਾਂ। ਮੰਡੀ ਤੋਂ ਉਹ ਖ਼ਾਲੀ ਮੁੜ ਆਏ ਸਨ। ਚੰਨਣ ਨੇ ਗੱਲੀਂ-ਗੱਲੀਂ ਇੱਕ ਦਿਨ ਕਿਹਾ ਸੀ-ਬੁੜ੍ਹੀਏ ਤੇਰਾ ਜਮਾਈ ਤਾਂ...। ਪੜ੍ਹੇ ਹੋਏ ਤਾਂ ਬਸ ਮੂਰਖ਼ ਈ ਹੁੰਦੇ ਨੇ।

ਸੁਖਪਾਲ ਦੀ ਸੱਸ ਜਿੰਨਾ ਚਿਰ ਜਿਊਂਦੀ ਰਹੀ, ਜ਼ਮੀਨ ਨੂੰ ਹਿੱਸੇ 'ਤੇ ਦੇਣ ਤੇ ਫਿਰ ਨੀਰਾ-ਦਾਣਾ ਲੈਣ ਦਾ ਕੰਮ ਸੰਭਾਲਦੀ ਰਹੀ। ਉਹ ਮਰੀ ਤਾਂ ਉਸ ਦੀ ਧੀ ਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਸੁਖਪਾਲ ਨੂੰ ਕੋਈ ਫ਼ਿਕਰ ਨਹੀਂ ਸੀ। ਉਹ ਤਾਂ ਸਵੇਰੇ ਰੋਟੀ ਖਾਂਦਾ ਸੀ, ਸ਼ਾਮ ਨੂੰ ਰੋਟੀ ਖਾਂਦਾ ਸੀ ਤੇ ਪਿਆ ਰਹਿੰਦਾ ਸੀ। ਕਦੇ-ਕਦੇ ਸ਼ਰਾਬ ਵੀ ਪੀ ਲੈਂਦਾ ਸੀ। ਪਿੰਡ ਦੇ ਕਿਸੇ ਬੰਦੇ ਨਾਲ ਉਸ ਨੇ ਕਦੇ ਵੀ ਸ਼ਰਾਬ ਨਹੀਂ ਸੀ ਪੀਤੀ। ਜਦ ਕਦੇ ਪੀਂਦਾ ਸੀ, ਇਕੱਲਾ ਪੀਂਦਾ ਸੀ। ਵਿਸਕੀ ਦਾ ਇੱਕ ਅਧੀਆ ਅਲਮਾਰੀ ਵਿੱਚ ਲਿਆ ਰੱਖਦਾ। ਜਦ ਕਦੇ ਉਸ ਦਾ ਚਿੱਤ ਬਹੁਤਾ ਉਦਾਸ ਹੁੰਦਾ, ਉਹ ਚੁੱਪ ਕੀਤਾ ਹੀ ਦੋ ਪੈੱਗ ਲੈ ਲੈਂਦਾ ਸੀ। ਓਸੇ ਵੇਲੇ ਪਤਾ ਲੱਗਦਾ, ਜਦ ਰੋਟੀ ਉਹ ਕਹਿ ਦਿੰਦਾ-ਠਹਿਰ ਕੇ ਖਾਊਂਗਾ। ਨਛੱਤਰ ਕੌਰ ਉਸ ਦਿਨ ਬੜੀ ਖ਼ੁਸ਼ ਰਹਿੰਦੀ। ਸੱਸ ਵੀ ਅੰਦਰੋਂ ਖ਼ੁਸ਼ ਹੁੰਦੀ। ਸੱਸ ਤਾਂ ਚਾਹੁੰਦੀ ਸੀ, ਭਾਵੇਂ ਉਹ ਨਿੱਤ ਪੀ ਲਿਆ ਕਰੇ, ਸ਼ਰ੍ਹੇਆਮ ਪੀਆ ਕਰੇ। ਪਤਾ ਤਾਂ ਲੱਗੇ ਕਿ ਤੇਜੋ ਬੁੜ੍ਹੀ ਦਾ ਜਮਾਈ ਹੈਗਾ। ਘਾਟਾ ਹੈ ਘਰ ਵਿੱਚ ਕੋਈ? ਜਮਾਈ ਹੈ ਫਿਰ ਵੀ, ਭਾਵੇਂ ਘਿਓ ਦੇ ਮੂਧੇ ਕਰ ਦੇਵੇ। ਖ਼ੁਸ਼ ਤਾਂ ਰਹੇ। ਟਹਿਕ ਵਿੱਚ ਤਾਂ ਰਹੇ। ਸੱਸ ਨੇ ਸੁਖਪਾਲ ਦਾ ਮੂੰਹ ਕਦੇ ਹੱਸਦਾ ਨਹੀਂ ਸੀ ਦੇਖਿਆ। ਕਦੇ-ਕਦੇ ਉਹ ਚਿੱਤ ਵਿੱਚ ਕਰਦੀ-ਜਮਾਈ ਕਾਹਦਾ ਸਹੇੜਿਐ, ਮਿੱਟੀ ਦਾ ਮਾਧੋ ਐ।

ਕਿਤਾਬਾਂ ਪੜ੍ਹਨ ਦਾ ਸ਼ੌਕ ਸੁਖਪਾਲ ਨੂੰ ਕਾਲਜ ਦੇ ਸਮੇਂ ਤੋਂ ਹੀ ਸੀ। ਬਹੁਤਾ ਕਰਕੇ ਉਹ ਨਾਵਲ ਪੜ੍ਹਦਾ ਜਾਂ ਕਹਾਣੀਆਂ। ਪੰਜਾਬੀ ਤੇ ਹਿੰਦੀ ਦੇ ਕਈ ਮਾਸਕ-ਪੱਤਰ ਉਸ ਕੋਲ ਡਾਕ ਰਾਹੀਂ ਆਉਂਦੇ ਸਨ। ਕਦੇ-ਕਦੇ ਉਹ ਸ਼ਹਿਰ ਜਾਂਦਾ ਸੀ, ਹਿੰਦੀ ਪੰਜਾਬੀ ਦੇ ਹੋਰ ਕਈ ਰਸਾਲੇ ਖਰੀਦ ਲਿਆਉਂਦਾ ਸੀ। ਆਪਣੀ ਪਸੰਦ ਦੀਆਂ ਕਿਤਾਬਾਂ ਵੀ ਉਹ ਸ਼ਹਿਰੋਂ ਹੀ ਲੈ ਕੇ ਆਉਂਦਾ। ਪਟਿਆਲੇ ਉਸ ਦੀ ਭੂਆ ਸੀ। ਸਾਲ ਵਿੱਚ ਇੱਕ ਅੱਧੀ

28

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ