ਮੇਰਾ ਗੁਨਾਹ
ਮੇਰਾ ਵਿਆਹ ਹੋਏ ਨੂੰ ਨੌਂ ਸਾਲ ਹੋ ਚੁੱਕੇ ਹਨ। ਵਿਆਹ ਤੋਂ ਪਿੱਛੋਂ ਮੈਂ ਐਤਕੀਂ ਤੀਜੀ ਵਾਰ ਨਾਨਕੇ ਆਈ ਹਾਂ। ਇਸ ਵਾਰੀ ਆਈ ਹਾਂ, ਕਿਉਂਕਿ ਮੇਰੀ ਨਾਨੀ ਸਖ਼ਤ ਬੀਮਾਰ ਹੈ। ਬੀਮਾਰ ਕੀ, ਬਸ ਮਰਨ ਕਿਨਾਰੇ ਹੈ। ਆਈ ਹਾਂ ਕਿ ਉਸ ਦਾ ਆਖ਼ਰੀ ਵਾਰ ਦਾ ਮੂੰਹ ਦੇਖ ਜਾਵਾਂ। ਉਸ ਦਾ ਮੋਹ ਮੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਹੈ।
ਇਸ ਤੋਂ ਪਹਿਲਾਂ ਮੈਂ ਉਦੋਂ ਆਈ ਸੀ, ਜਦੋਂ ਮੇਰੀ ਗੋਦੀ ਪਹਿਲਾ ਮੁੰਡਾ ਸੀ ਤੇ ਉਸ ਤੋਂ ਪਹਿਲਾਂ ਉਦੋਂ, ਜਦ ਮੈਂ ਮੁਕਲਾਵੇ ਜਾ ਆਈ ਸੀ। ਉਦੋਂ ਮੇਰਾ ਵੱਡਾ ਮਾਮਾ ਕਿਸੇ ਕੰਮ ਸਾਡੇ ਪਿੰਡ ਗਿਆ ਸੀ ਤੇ ਮੱਲੋ-ਮੱਲੀ ਮੈਨੂੰ ਏਥੇ ਲੈ ਆਇਆ ਸੀ।
ਮੁਕਲਾਵੇ ਜਾ ਕੇ ਆਉਣ ਪਿੱਛੋਂ ਮੇਰੇ ਉੱਤੇ ਕੋਈ ਹੁਸਨ ਸੀ? ਹਰ ਅੰਗ ਮੇਰਾ ਲੱਸ ਲੱਸ ਕਰਦਾ ਸੀ। 'ਲਾਲੀ' ਉਦੋਂ ਦਸਵੀਂ ਜਮਾਤ ਪਾਸ ਕਰਕੇ ਕਿਸੇ ਸ਼ਹਿਰ ਦੇ ਕਾਲਜ ਵਿੱਚ ਪੜ੍ਹਨ ਜਾ ਲੱਗਿਆ ਸੀ।
ਦੂਜੀ ਵਾਰ ਜਦ ਮੈਂ ਮੁੰਡਾ ਲੈ ਕੇ ਆਈ ਸੀ, ਉਦੋਂ ਵੀ ਉਹ ਪਿੰਡ ਨਹੀਂ ਸੀ। ਮੈਂ ਕਿਸੇ ਤੋਂ ਖ਼ਾਸ ਤੌਰ 'ਤੇ ਤਾਂ ਇਹ ਨਹੀਂ ਸੀ ਪੁੱਛਿਆ। ਗੱਲੀਂ-ਗੱਲੀਂ ਹੀ ਇਹ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਅਜੇ ਕਾਲਜ ਵਿੱਚ ਪੜ੍ਹਦਾ ਹੈ।
ਐਤਕੀਂ ਐਨੇ ਸਾਲਾਂ ਬਾਅਦ ਆਈ ਹਾਂ ਤਾਂ ਮੇਰੇ ਮਨ ਵਿੱਚ ਇੱਕ ਮਿੱਠਾ-ਮਿੱਠਾ ਜਿਹਾ ਅਹਿਸਾਸ ਸ਼ੁਰੂ ਹੋ ਗਿਆ ਹੈ। ਇਹ ਅਹਿਸਾਸ ਉਸ ਦਾ ਹੈ। ਉਸ ਦੇ ਪਿੰਡ ਆ ਕੇ ਜਦ ਮੈਨੂੰ ਆਪਣੀ ਚੜ੍ਹਦੀ ਜਵਾਨੀ ਯਾਦ ਆਉਂਦੀ ਹੈ, ਉਸ ਦੇ ਪਿੰਡ ਆ ਕੇ ਜਦ ਮੈਨੂੰ ਉਸ ਦੀਆਂ ਗੱਲਾਂ ਯਾਦ ਆਉਂਦੀਆਂ ਹਨ ਤਾਂ ਮੇਰੇ ਦਿਲ ਨੂੰ ਇਕ ਜੱਫਾ ਜਿਹਾ ਵੱਜ ਜਾਂਦਾ ਹੈ। ਮੇਰੀਆਂ ਸਾਰੀਆਂ ਸੋਚਾਂ ਖੜ੍ਹ ਜਾਂਦੀਆਂ ਹਨ। ਮੇਰਾ ਧਿਆਨ ਇੱਕ ਨੁਕਤੇ ਉੱਤੇ ਠਹਿਰ ਜਾਂਦਾ ਹੈ।
ਮੈਨੂੰ ਪਤਾ ਲੱਗਿਆ ਹੈ ਕਿ ਉਹ ਬੀ.ਏ. ਕਰਕੇ ਕਿਸੇ ਸਰਕਾਰੀ ਨੌਕਰੀ ਉੱਤੇ ਨਹੀਂ ਸੀ ਗਿਆ। ਟਰੈਕਟਰ ਘਰ ਦਾ ਹੈ। ਵਾਹੀ ਕਰਾਉਂਦਾ ਹੈ। ਦੋ ਤਿੰਨ ਸਾਲਾਂ ਤੋਂ ਪਿੰਡ ਦਾ ਸਰਪੰਚ ਵੀ ਹੈ। ਪਿੰਡ ਵਿੱਚ ਬਹੁਤ ਮਾਣ-ਤਾਣ ਹੈ। ਪਿੰਡ ਦਾ ਹਰ ਸਾਂਝਾ ਕੰਮ ਪੁੱਛ ਕੇ ਹੁੰਦਾ ਹੈ।
ਵੱਡਾ ਭਰਾ, ਜਿਹੜਾ ਅਨਪੜ੍ਹ ਹੈ ਤੇ ਇੱਕ ਸੀਰੀ, ਵਾਹੀ ਦਾ ਕੰਮ ਤੋਰੀ ਜਾਂਦੇ ਹਨ। ਸੁਣਿਆ ਹੈ ਕਿ ਉਹ ਤਾਂ ਨਿੱਤ ਤਹਿਸੀਲ ਵਿੱਚ ਹੀ ਰਹਿੰਦਾ ਹੈ, ਨਿੱਤ ਥਾਣੇ ਵਿੱਚ ਹੀ ਰਹਿੰਦਾ ਹੈ। ਲੋਕਾਂ ਦੇ ਨਿੱਕੇ-ਮੋਟੇ ਕੰਮ ਮੁੱਕਦੇ ਨਹੀਂ। ਕਦੇ ਕੋਈ ਲੈ ਗਿਆ, ਕਦੇ ਕੋਈ। ਇਹ ਵਗਾਰ ਉਸ ਨੇ ਕਿੱਥੋਂ ਸਾਂਭ ਲਈ? ਪੰਚਾਇਤ ਦਾ ਕੰਮ ਤਾਂ ਲੁੱਚੇ-