ਕਿੱਧਰ ਜਾਵਾਂ?
ਅੰਮ੍ਰਿਤਸਰ ਲਿਆ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਹ ਪੰਜ ਸਨ। ਪੰਜਾਬ ਦੇ ਵੱਖ-ਵੱਖ ਪੰਜ ਜ਼ਿਲ੍ਹਿਆਂ ਦੇ। ਕਿਰਪਾਲ ਨੂੰ ਲੱਗਿਆ, ਜਿਵੇਂ ਉਹ ਅੰਮ੍ਰਿਤਸਰ ਪਹੁੰਚ ਗਿਆ ਤੇ ਬੱਸ ਆਪਣੇ ਘਰ ਹੀ ਪਹੁੰਚ ਗਿਆ। ਉਨ੍ਹਾਂ ਨੂੰ ਕੁਝ ਪੈਸੇ ਵੀ ਦਿੱਤੇ ਗਏ ਸਨ-ਘਰ ਪਹੁੰਚਣ ਦੇ ਖਰਚ ਲਈ। ਸਿਵਲੀਅਨ ਕੱਪੜੇ ਵੀ। ਰੇਲਵੇ-ਸਟੇਸ਼ਨ ਦੇ ਕੋਲ ਹੀ ਇੱਕ ਹੋਟਲ ਵਿੱਚ ਜਾ ਕੇ ਉਹਨੇ ਪਹਿਲਾਂ ਤਾਂ ਚਾਹ ਪੀਤੀ। ਚਾਹ ਪੀਂਦਾ ਉਹ ਸੋਚਦਾ ਰਿਹਾ ਕਿ ਬੱਸ ਵਿਚੋਂ ਉੱਤਰ ਕੇ ਜਦੋਂ ਉਹ ਆਪਣੇ ਪਿੰਡ ਵਿੱਚ ਦੀ ਲੰਘੇਗਾ ਤਾਂ ਲੋਕ ਉਹਨੂੰ ਖੜ੍ਹਾ ਖੜ੍ਹਾ ਕਿਵੇਂ ਉਹਦਾ ਹਾਲ-ਚਾਲ ਪੁੱਛਣਗੇ। ਉਹਨੂੰ ਆਪਣੇ ਘਰ ਪਹੁੰਚਣ ਦੀ ਕਾਹਲ ਹੋਵੇਗੀ। ਪਰ ਲੋਕਾਂ ਦਾ ਮੋਹ ਉਹਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਉਹਨੂੰ ਥਾਂ ਦੀ ਥਾਂ ਖੜ੍ਹਾਈ ਰੱਖੇਗਾ।
ਬੱਸ-ਸਟੈਂਡ ਤੇ ਜਾਣ ਤੋਂ ਪਹਿਲਾਂ ਉਸ ਨੇ ਸੋਚਿਆ, ਕੋਈ ਇੱਕ ਖਿਡੌਣਾ ਲੈ ਲਿਆ ਜਾਵੇ। ਆਖ਼ਰੀ ਛੁੱਟੀ ਕੱਟ ਕੇ ਜਦੋਂ ਉਹ ਵਾਪਸ ਆਇਆ ਸੀ, ਉਹਦਾ ਮੁੰਡਾ ਜਰਨੈਲ ਸਿਰਫ਼ ਇੱਕ ਸਾਲ ਦਾ ਸੀ। ਹੁਣ ਉਹ ਕਾਫ਼ੀ ਉਡਾਰ ਹੋ ਗਿਆ ਹੋਵੇਗਾ। ਉਹ ਉਹਨੂੰ ਆਪਣੀ ਹਿੱਕ ਨਾਲ ਘੁੱਟ ਲਵੇਗਾ। ਉਨਾ ਚਿਰ ਨਹੀਂ ਛੱਡੇਗਾ, ਜਦੋਂ ਤੱਕ ਉਹਦੀਆਂ ਚਾਂਗਾਂ ਨਾ ਨਿਕਲ ਜਾਣ। ਇੰਜ ਮੁੰਡੇ ਦੇ ਰੋਣ ਨਾਲ ਉਹਨੂੰ ਸੁਖ ਮਿਲੇਗਾ।
ਬਾਜ਼ਾਰ ਖੁੱਲ੍ਹਣ ਵਿੱਚ ਅਜੇ ਦੇਰ ਸੀ। ਉਹ ਹੋਟਲ ਤੋਂ ਬਾਹਰ ਹੋਇਆ, ਉਹਦੇ ਪੈਰ ਦਰਬਾਰ ਸਾਹਿਬ ਵੱਲ ਚੱਲ ਪਏ। ਦੁਕਾਨਾਂ ਖੁੱਲ੍ਹਣ ਤੱਕ, ਉਹਨੇ ਫ਼ੈਸਲਾ ਕੀਤਾ ਕਿ ਸਰਾਂ ਵਿੱਚ ਜਾ ਕੇ ਇਸ਼ਨਾਨ ਕੀਤਾ ਜਾਵੇ ਤੇ ਫੇਰ ਹਰਿਮੰਦਰ ਸਾਹਿਬ ਜਾਣਾ ਚਾਹੀਦਾ ਹੈ। ਸਬੱਬ ਨਾਲ ਆਇਆ ਹਾਂ, ਕਿਉਂ ਨਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਸਵਾ ਪੰਜਾ ਰੁਪਏ ਦੀ ਦੇਗ ਵੀ ਕਰਵਾ ਦੇਵੇ। ਕੋਈ ਬਾਰ੍ਹਾਂ-ਤੇਰਾਂ ਸਾਲ ਪਹਿਲਾਂ ਅੰਮ੍ਰਿਤਸਰ ਆਪਣੇ ਮਾਮੇ ਨਾਲ ਆਇਆ ਸੀ। ਮਾਮੀ ਵੀ ਸੀ। ਉਹਨਾਂ ਦੇ ਦੋਵੇਂ ਮੁੰਡੇ ਸਨ। ਉਹ ਦੋ ਰਾਤਾਂ ਗੁਰੁ ਰਾਮਦਾਸ ਸਰਾਂ ਵਿੱਚ ਰਹੇ। ਘੁੰਮ ਫਿਰ ਕੇ ਸਾਰਾ ਅੰਮ੍ਰਿਤਸਰ ਦੇਖਿਆ। ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਬਾਬਾ ਅੱਟਲ, ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਵੀ। ਸੋ ਹੁਣ ਅੰਮ੍ਰਿਤਸਰ ਉਹਨੂੰ ਆਪਣਾ-ਆਪਣਾ ਲੱਗ ਰਿਹਾ ਸੀ। ਉੱਧਰ ਪਾਕਿਸਤਾਨ ਦੀ ਧਰਤੀ ਤਾਂ ਉਹਨੂੰ ਓਪਰੀ-ਓਪਰੀ ਲੱਗੀ ਸੀ। ਚੰਦ-ਸੂਰਜ ਵੀ ਜਿਵੇਂ ਬਿਗਾਨੇ ਹੋਣ। ਆਸਮਾਨ ਵਿੱਚ ਖਿੜੇ ਤਾਰੇ ਬਨੌਟੀ ਲੱਗਦੇ। ਪਸ਼ੂ-ਪੰਛੀ ਉਹ ਨਹੀਂ ਸਨ। ਬੰਦੇ, ਬੰਦੇ ਹੋਰ ਦੇਸ਼ ਦੇ ਸਨ। ਆਪਣੇ, ਉਹ ਕਦੋਂ ਸਨ।
ਕਿੱਧਰ ਜਾਵਾਂ?
105