ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਤ ਹੈ। ਮੈਂ ਉਹਨੂੰ ਨਾਨਕ ਸਿੰਘ ਦਾ ਇੱਕ ਨਾਵਲ ਲਿਆ ਦਿੱਤਾ। ਉਹ ਉਹਨੇ ਪੜ੍ਹ ਲਿਆ। ਫੇਰ ਮੈਂ ਉਹਨੂੰ ਜਸਵੰਤ ਸਿੰਘ ਕੰਵਲ, ਸੁਖਬੀਰ ਤੇ ਗੁਰਦਿਆਲ ਸਿੰਘ ਦੇ ਤਿੰਨ ਨਾਵਲ ਇਕੱਠੇ ਹੀ ਕਢਵਾ ਕੇ ਦੇ ਦਿੱਤੇ। ਉਹ ਪੜ੍ਹਦਾ ਰਹਿੰਦਾ। ਮੈਨੂੰ ਖ਼ੁਸ਼ੀ ਹੋ ਰਹੀ ਸੀ ਕਿ ਉਹ ਸਾਹਿਤਕ ਪੁਸਤਕਾਂ ਪੜ੍ਹਦਾ ਹੈ। ਸਕੂਲ ਦੇ ਸੜਾਂਦ ਭਰੇ ਮਾਹੌਲ ਵਿੱਚ ਇੱਕ ਪਾਠਕ ਤਾਂ ਮਿਲਿਆ। ਮੈਨੂੰ ਉਹਦੇ ਨਾਲ ਉਣਸ ਹੋ ਗਈ। ਸਕੂਲ ਦੇ ਮੁੰਡੇ-ਕੁੜੀਆਂ ਨੂੰ ਮੈਂ ਸੁਝਾਓ ਦਿੰਦਾ ਕਿ ਉਹ ਵਿਦਿਆ ਚਰਨ ਦੀ ਦੁਕਾਨ ਤੋਂ ਚੀਜ਼ਾਂ ਲੈ ਕੇ ਆਇਆ ਕਰਨ। ਉਹ ਠੀਕ ਰੇਟ ਲਾਉਂਦਾ ਹੈ ਤੇ ਉਹਦੀਆਂ ਚੀਜ਼ਾਂ ਦੂਜੇ ਦੁਕਾਨਦਾਰਾਂ ਨਾਲੋਂ ਖਰੀਆਂ ਹੁੰਦੀਆਂ ਹਨ। ਦਿਨਾਂ ਵਿੱਚ ਹੀ ਉਹਦਾ ਸੌਦਾ ਵਿਕਣ ਲੱਗ ਪਿਆ। ਬਾਣੀਆ-ਪੁੱਤ ਤਾਂ ਉਹ ਸੀ ਹੀ। ਉਹਨੇ ਆਪਣੀ ਦੁਕਾਨ ਦਾ ਕੰਮ ਵਧਾ ਲਿਆ।

ਜਿਹੜੇ ਨਾਵਲ ਮੈਂ ਉਹਨੂੰ ਦਿੱਤੇ ਸਨ, ਉਹਨੇ ਉਹ ਤਿੰਨੇ ਪੜ੍ਹ ਲਏ। ਪਰ ਕਹਿਣ ਲੱਗਿਆ 'ਕਿਤਾਬਾਂ ਤਾਂ ਇਹ ਚੰਗੀਆਂ ਨੇ, ਮਾਸਟਰ ਜੀ, ਪਰ ਹੌਲੀ-ਹੌਲੀ ਤੁਰਦੀਆਂ ਨੇ। ਦਸ ਦਿਨ ਲਾ ਕੇ ਮਸਾਂ ਪੜ੍ਹੀਆਂ ਮੈਂ ਤਾਂ! ਨਹੀਂ ਤਾਂ ਐਡੇ-ਐਡੇ ਤਿੰਨ ਨਾਵਲ ਮੇਰੀ ਦੋ ਦਿਨਾਂ ਦੀ ਮਾਰ ਹੁੰਦੇ ਨੇ।'

'ਤੈਨੂੰ ਪੰਜਾਬੀ ਘੱਟ ਪੜ੍ਹਨੀ ਆਉਂਦੀ ਹੋਊਗੀ?'

'ਨਹੀਂ ਜੀ, ਇਹ ਗੱਲ ਨ੍ਹੀ। ਹਿੰਦੀ-ਪੰਜਾਬੀ ਇੱਕੋ ਜਿੰਨੀ ਆਉਂਦੀ ਐ ਮੈਨੂੰ। ਪਰ ਇਹ ਨਾਵਲ ... ਨਾਲੇ ਇਹਨਾਂ ਵਿੱਚ ਤਾਂ ਆਮ ਜ੍ਹੀਆਂ ਈ ਗੱਲਾਂ ਸੀ। ਇਹ ਤਾਂ ਆਪਾਂ ਨਿੱਤ ਹੁੰਦਾ ਦੇਖਦੇ ਆਂ।'

'ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹਾ ਐ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਐ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ-ਗੱਡੀਆਂ ਵਿੱਚ ਸਫ਼ਰ-ਕਟੀ ਦਾ ਸਸਤਾ ਮਨੋਰੰਜਣ। ਉਹ ਛੱਡ ਕੇ ਹੁਣ ਇਹ ਕਿਤਾਬਾਂ ਪੜ੍ਹਿਆ ਕਰ, ਜਿਹੜੀਆਂ ਮੈਂ ਦਿੱਤੀਆਂ ਤੈਨੂੰ।'

ਉਹ ਚੁੱਪ ਹੋ ਗਿਆ। ਮੈਂ ਦੇਖਿਆ, ਇਸ ਵਾਰ ਵੀ ਉਹਨੇ ਦੰਦਾਂ ਤੋਂ ਬੁੱਲ੍ਹ ਹਟਾਏ। ਉਹਦੇ ਇਸ ਹੰਗਾਰੇ 'ਤੇ ਮੈਨੂੰ ਬਹੁਤ ਖ਼ੁਸ਼ੀ ਹੋਈ।

ਮੈਂ ਉਹਨੂੰ ਸਕੂਲ-ਲਾਇਬਰੇਰੀ ਵਿਚੋਂ ਨਾਵਲ ਕਢਵਾਕੇ ਦੇ ਦਿੰਦਾ, ਉਹ ਪੜ੍ਹਦਾ ਰਹਿੰਦਾ। ਮੋੜ ਦਿੰਦਾ ਤੇ ਹੋਰ ਨਾਵਲ ਮੰਗਦਾ। ਉਹਦੀ ਦੁਕਾਨ ਵੀ ਚੰਗੀ ਚੱਲ ਨਿੱਕਲੀ।

ਫੇਰ ਇੱਕ ਸਾਲ ਬਾਅਦ ਮੇਰੀ ਓਥੋਂ ਬਦਲੀ ਹੋ ਗਈ।

ਕੋਈ ਦੋ ਕੁ ਸਾਲਾਂ ਬਾਅਦ ਮੈਂ ਓਸ ਪਿੰਡ ਗਿਆ ਤਾਂ ਸੁਣਿਆ ਕਿ ਵਿਦਿਆ ਚਰਨ ਤੋਂ ਸਕੂਲ ਅੱਗੇ ਪੁਰਾਣੀ ਦੁਕਾਨ ਛੱਡ ਕੇ ਇੱਕ ਵੱਡੀ ਦੁਕਾਨ ਲੈ ਲਈ ਹੈ। ਹੁਣ ਉਹਦੀ ਦੁਕਾਨ ਪੂਰੇ ਜ਼ੋਰ-ਸ਼ੋਰ ਨਾਲ ਚਲਦੀ ਹੈ। ਉਹ ਕੋਰਸ ਦੀਆਂ ਕਿਤਾਬਾਂ ਤੇ ਕੁੰਜੀਆਂ ਵੀ ਰੱਖਦਾ ਹੈ। ਵਿਦਿਆਰਥੀਆਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ। ਉਹਦੀ ਦੁਕਾਨ ਤੋਂ ਸਭ ਮਿਲ ਜਾਂਦਾ ਹੈ। ਸਾਥੀ-ਅਧਿਆਪਕਾਂ ਨਾਲ ਗੱਪ-ਸ਼ੱਪ ਮਾਰ ਕੇ ਮੈਂ ਵਿਦਿਆ ਚਰਨ ਦੀ ਦੁਕਾਨ ਅੱਗੇ ਜਾ ਖੜ੍ਹਾ। ਉਹ ਖਿੜ ਉੱਠਿਆ ਤੇ ਕਾਹਲ ਨਾਲ ਤੁਰ ਕੇ ਮੇਰੇ ਕੋਲ ਆ ਗਿਆ। ਮੱਥੇ ਨੂੰ ਝਟਕੇ ਨਾਲ ਹੱਥ ਲਾਉਣ ਦਾ ਕੰਮ ਉਹਨੇ ਪਹਿਲਾਂ ਹੀ ਮੁਕਾ ਦਿੱਤਾ ਸੀ। ਉਹਨੇ ਮੇਰੀ ਬਾਂਹ ਫੜੀ ਤੇ ਦੁਕਾਨ ਅੰਦਰ ਲੈ ਵੜਿਆ।

ਬਾਕੀ ਭੁੱਖ

155