ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਬੱਸ ਭਾਬੀ, ਊਈਂ। ਕਿਹੜੀ ਪੀਨਾ ਮੈਂ। ਇਹ ਤਾਂ ਬਾਈ ਜੀ ਨਾਲ ਗੱਲਾਂ ਮਾਰਨ ਦਾ ਬਹਾਨਾ ਐ।'

ਕਰਮ ਸਿੰਘ ਵੀ ਹੱਸ ਰਿਹਾ ਸੀ- ਹੋ ਹੋ ਕਰਕੇ। ਕਹਿ ਰਿਹਾ ਸੀ, 'ਘਿਓ ਮੱਲਾਂ ਨੂੰ, ਦਾਰੂ ਗੱਲਾਂ ਨੂੰ।'

ਮ੍ਹਿੰਦਰੋ ਮਾਂ ਦੀਆਂ ਗੱਲਾਂ ਕਰਨ ਲੱਗੀ। ਵਿੱਚ-ਵਿੱਚ ਦੀ ਕਰਮ ਸਿੰਘ ਵੀ ਮਾਂ ਦੀ ਕੋਈ ਗੱਲ ਕਰਦਾ। ਹਰਨੇਕ ਹੁੰਗਾਰਾ ਭਰਦਾ ਤੇ ਆਪ ਵੀ ਮਾਂ ਦੀ ਗੱਲ ਸੁਨਾਉਣ ਲੱਗਦਾ। ਤਿੰਨਾ ਦੀ ਵਾਰਤਾਲਾਪ ਮਾਂ ਸਬੰਧੀ ਚਲਦੀ ਰਹੀ ਸੀ। ਹਰਨੇਕ ਦਾ ਧਿਆਨ ਮ੍ਹਿੰਦਰੋ ਵੱਲੋਂ ਹਟ ਕੇ ਮਾਂ ਵੱਲ ਚਲਿਆ ਗਿਆ। ਮ੍ਹਿੰਦਰੋ ਮਾਂ ਦੀ ਤਾਰੀਫ਼ ਕਰ ਰਹੀ ਸੀ। ਹਰਨੇਕ ਨੂੰ ਲੱਗਦਾ, ਮਾਂ ਵਾਕਿਆ ਹੀ ਮਹਾਨ ਹੈ। ਇਸ ਪਰਿਵਾਰ ਉਤੇ ਮਾਂ ਦਾ ਡੂੰਘਾ ਪ੍ਰਭਾਵ ਹੈ।

ਰੋਟੀ ਖਾਣ ਲਈ ਉਹ ਥੱਲੇ ਵਿਹੜੇ ਵਿੱਚ ਆਏ। ਟਿੰਡੋ ਦੀ ਸਬਜ਼ੀ ਮ੍ਹਿੰਦਰੋ ਨੇ ਬੜੀ ਪ੍ਰੀਤ ਲਾ ਕੇ ਬਣਾਈ ਸੀ। ਕੂੰਡੇ ਵਿੱਚ ਰਗੜਿਆ ਮਸਾਲਾ ਦੇਸੀ ਘਿਉ ਵਿੱਚ ਭੰਨਿਆ ਸੀ। ਟਿੰਡੋ ਦੀ ਸੁੱਕੀ ਸਬਜ਼ੀ ਵਧੀਆ ਤੋਂ ਵਧੀਆ ਮੀਟ ਨੂੰ ਪਿੱਛੇ ਸੁੱਟ ਰਹੀ ਸੀ। ਕੌਲੀਆਂ ਵਿੱਚ ਦੇਸੀ ਘਿਓ ਉਤੋਂ ਦੀ ਤੈਰ ਰਿਹਾ ਸੀ। ਟਿੰਡੋ ਦੀ ਇਸ ਪ੍ਰਕਾਰ ਬਣੀ ਸਬਜ਼ੀ ਹਰਨੇਕ ਨੂੰ ਬਹੁਤ ਪਸੰਦ ਸੀ। ਜਾਂ ਬੱਸ ਮਾਂ ਬਣਾਉਂਦੀ ਹੁੰਦੀ ਇਹ ਸਬਜ਼ੀ ਬਿਲਕੁਲ ਇਸੇ ਤਰ੍ਹਾਂ ਦੀ। ਉਹ ਰੋਟੀ ਖਾ ਚੁੱਕੇ ਤਾਂ ਮ੍ਹਿੰਦਰੋ ਨੇ ਸ਼ੱਕਰ ਵਿੱਚ ਦੇਸੀ ਘਿਓ ਪਾ ਕੇ ਵਾਟੀਆਂ ਉਨ੍ਹਾਂ ਦੀਆਂ ਥਾਲੀਆਂ ਵਿੱਚ ਰੱਖ ਦਿੱਤੀਆਂ। ਇੱਕ-ਇੱਕ ਰੋਟੀ ਹੋਰ ਖਾਧੀ ਉਨ੍ਹਾਂ ਨੇ। ਇੰਜ ਸਾਰੀ ਰੋਟੀ ਖਾਣ ਬਾਅਦ ਸ਼ੱਕਰ-ਘਿਓ ਨਾਲ ਇੱਕ ਰੋਟੀ ਹੋਰ ਖਾਣ ਦੀ ਹਰਨੇਕ ਦੀ ਪੱਕੀ ਆਦਤ ਸੀ। ਉਹ ਹੈਰਾਨ ਹੋ ਰਿਹਾ ਸੀ ਤੇ ਖ਼ੁਸ਼ ਵੀ ਕਿ ਮ੍ਹਿੰਦਰੋ ਨੇ ਉਹਦੀ ਇਹ ਆਦਤ ਹੁਣ ਤੱਕ ਵੀ ਆਪਣੇ ਚੇਤੇ ਵਿੱਚ ਸਾਂਭੀ ਹੋਈ ਹੈ। ਜਦੋਂ ਉਹ ਉਥੇ ਹੁੰਦੀ ਸੀ, ਹਰਨੇਕ ਹਿੰਡ ਕਰਕੇ ਮਾਂ ਤੋਂ ਸ਼ੱਕਰ ਘਿਓ ਲੈਂਦਾ ਤੇ ਇੱਕ ਰੋਟੀ ਖਾਂਦਾ।

ਮੰਜੇ ਉਤੇ ਪਿਆ ਉਹ ਬੇਚੈਨ ਸੀ। ਪਾਸੇ ਮਾਰਦਾ, ਕਦੇ ਓਸ ਬਾਹੀ ਨਾਲ ਤੇ ਕਦੇ ਓਸ ਬਾਹੀ ਨਾਲ। ਕਦੇ ਮੂਧਾ ਪੈਂਦਾ, ਕਦੇ ਸਿੱਧਾ। ਦੋ ਵਾਰ ਉੱਠ ਕੇ ਬੈਠ ਗਿਆ, ਭੰਵੱਤਰੀਆਂ ਨਿਗਾਹਾਂ ਨਾਲ ਖ਼ਿਲਾਅ ਵਿੱਚ ਝਾਕਦਾ। ਪਿੰਡ ਜਦੋਂ ਹੁੰਦਾ ਸੀ ਤਾਂ ਇੰਜ ਕਰਦੇ ਨੂੰ ਦੇਖ ਕੇ ਮਾਂ ਉਹਦੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਨ ਲੱਗ ਪੈਂਦੀ ਤੇ ਉਹਨੂੰ ਨੀਂਦ ਆ ਜਾਂਦੀ। ਕੁਝ ਦੇਰ ਹੀ ਉਹਨੂੰ ਇਹ ਬੇਚੈਨੀ ਰਹੀ ਤੇ ਫੇਰ ਗਹਿਰੀ ਨੀਂਦ ਆ ਗਈ। ਉਹਨੂੰ ਸੁੱਤੇ ਪਏ ਨੂੰ ਆਭਾਸ ਹੁੰਦਾ ਰਿਹਾ ਜਿਵੇਂ ਕੋਈ ਮਾਂ ਜਿਹੇ ਹੱਥਾਂ ਵਾਲੀ ਔਰਤ ਸਿਰ ਦੇ ਵਾਲਾਂ ਵਿੱਚ ਕੰਘੀ ਕਰਦੀ ਰਹੀ ਹੋਵੇ।

ਸਵੇਰੇ ਮੱਖਣ ਨਾਲ ਪਰੌਂਠੇ ਖਾ ਕੇ ਮਗਰੋਂ ਖੱਟੀ ਲੱਸੀ ਦਾ ਗਿਲਾਸ ਪੀ ਕੇ ਉਹ ਤੁਰਨ ਲੱਗਿਆ ਤਾਂ ਮ੍ਹਿੰਦਰੋ ਨੇ ਪਿਆਜ ਛਿੱਲ ਕੇ ਦੋ ਫਾਕੜਾਂ ਕਾਗਜ਼ 'ਚ ਵਲ੍ਹੇਟੀਆਂ ਤੇ ਹਰਨੇਕ ਨੂੰ ਫ਼ੜਾ ਕੇ ਕਹਿੰਦੀ, 'ਜੇਬ੍ਹ 'ਚ ਪਾ ਲੈ।'

ਉਸ ਦਿਨ ਸੂਰਜ ਨਿਕਲਦੇ ਹੀ ਹਵਾ ਤਪਣ ਲੱਗੀ ਸੀ। ਦੁਪਹਿਰ ਤੱਕ ਤਾਂ ਭੱਠੀਆਂ ਦੇ ਮੂੰਹ ਖੁੱਲ੍ਹ ਜਾਣ ਸਨ।

168

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ