ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਾਪਸ ਆ ਗਏ। ਨੰਦ ਲਾਲ ਆਖਦਾ ਸੀ- 'ਬਿਗ਼ਾਨੀ ਧਰਤੀ 'ਤੇ ਭੁੱਖੇ ਮਰਨ ਨਾਲੋਂ, ਜੇ ਭਲਾ ਮਰਨਾ ਈ ਹੋਇਆ, ਆਪਣੀ ਧਰਤੀ 'ਤੇ ਖਾਂਦੇ-ਪੀਂਦੇ ਤਾਂ ਮਰਾਂਗੇ।'

ਨੰਦ ਲਾਲ ਦੇ ਘਰ ਦੀਆਂ ਚਾਬੀਆਂ ਮੇਰੇ ਕੋਲ ਸਨ। ਉਹ ਮੁੜ ਕੇ ਆਇਆ ਤਾਂ ਉਹਦਾ ਘਰ ਓਵੇਂ ਦਾ ਓਵੇਂ ਕਾਇਮ ਸੀ। ਰਿਸ਼ਮ ਭਰ ਦੀ ਵੀ ਕੋਈ ਚੀਜ਼ ਨਹੀਂ ਹਿੱਲੀ ਕਿਧਰੇ।

ਫੇਰ ਭਾਈ ਦਿਨ ਭਰ ਫਿਰਨ ਲੱਗੇ। ਉਹ ਗੱਲਾਂ ਰਹੀਆਂ ਹੀ ਨਾ। ਦਹਿਸ਼ਤ ਹਲਕੀ ਪੈਣ ਲੱਗੀ। ਹਨੇਰੀਆਂ ਦਾ ਕਾਲ਼ਾ ਰੰਗ ਬਾਦਾਮੀ ਹੋ ਗਿਆ ਤੇ ਫਿਰ ਬਾਦਾਮੀ ਵੀ ਨਾ ਰਿਹਾ। ਹਵਾ ਟਿਕ ਕੇ ਚੱਲਣ ਲੱਗੀ। ਹੁਣ ਉਹੀ ਨੰਦ ਲਾਲ ਹੈ ਤੇ ਓਹੀ ਉਹਦਾ ਮੁੰਡਾ ਪਰਮਾਤਮਾ ਨੰਦ। ਨੰਦ ਲਾਲ ਸ਼ਹਿਰ ਜਾ ਕੇ ਮਜ਼ੇ ਨਾਲ ਕੱਪੜੇ ਦੀ ਦੁਕਾਨ 'ਤੇ ਬੈਠਦਾ ਹੈ ਤੇ ਪਰਮਾਤਮਾ ਨੰਦ ਬੇਖ਼ੌਫ਼ ਸਬਜ਼ੀ ਦਾ ਸਾਈਕਲ ਪਿੰਡਾਂ ਵਿੱਚ ਰੇੜ੍ਹੀ ਫਿਰਦਾ ਹੈ। ਸਬਜ਼ੀ ਦਾ ਹੋਕਾ ਦੇਣ ਵੇਲੇ ਉਹਦੇ ਬੋਲ ਵਿੱਚ ਕੋਈ ਥਿੜਕਣ ਨਹੀਂ। ਸਭ ਸ਼ਾਂਤ ਹੋ ਗਿਆ ਹੈ।

ਪਤਾ ਨਹੀਂ ਕਿਉਂ, ਸਦੀਕ! ਹੁਣ ਮੈਨੂੰ ਤੂੰ ਬਹੁਤ ਯਾਦ ਆਉਂਦਾ ਹੈਂ। ਲੱਗਦਾ ਹੈ, ਤੇਰੇ ਬਗ਼ੈਰ ਪਿੰਡ ਸੁੰਨਾ ਹੈ। ਅਸਲ ਵਿੱਚ ਤਾਂ ਮੁਲਸਮਾਨ ਭਰਾਵਾਂ ਬਗ਼ੈਰ ਇਹ ਪਿੰਡ ਹੁਣ ਇਉਂ ਲੱਗਦਾ ਹੈ, ਜਿਵੇਂ ਕੋਈ ਪਿੰਡ ਹੋਵੇ ਹੀ ਨਾ। ਕੱਟੀ ਹੋਈ ਬਾਂਹ ਵਾਲਾ ਪਿੰਡ।

ਉਹ ਕਿਹੀਆਂ ਬਹਾਰਾਂ ਸਨ, ਜਦੋਂ ਪਿੰਡ ਵਿੱਚ ਬਾਣੀਏ-ਬਾਮ੍ਹਣ, ਜੱਟ-ਤਖਾਣ, ਮਜ਼੍ਹਬੀ-ਰਮਦਾਸੀਏ ਅਤੇ ਮੁਸਲਮਾਨਾਂ ਦੇ ਸਾਰੇ ਘਰ ਵਸਦੇ ਹੁੰਦੇ। ਪਿੰਡ ਤਾਂ ਵਸਦਾ ਹੀ ਓਦੋਂ ਸੀ। ਹੁਣ ਕਾਹਦਾ ਵਸੇਵਾ ਹੈ। ਮੁਸਲਮਾਨਾਂ ਵਾਲੇ ਸਾਰੇ ਕੰਮ ਹੁਣ ਏਧਰਲੇ ਲੋਕ ਕਰਦੇ ਹਨ। ਪਿੰਡ ਅਧੂਰਾ ਹੈ, ਸਦੀਕ। ਤੂੰ ਵੀ ਮੁੜ ਆ। ਤੈਨੂੰ ਮੈਂ ਆਪਣੀ ਜ਼ਮੀਨ ਵਿਚੋਂ ਤੇਰੇ ਵਾਹੁਣ ਜੋਗੀ ਜ਼ਮੀਨ ਦੇ ਦਿਆਂਗਾ। ਮੇਰੇ ਕੋਲ ਬਥੇਰੀ ਜ਼ਮੀਨ ਹੈ। ਤੇਰੇ ਜੁਆਕਾਂ-ਜੱਲਿਆਂ ਤੇ ਭਰਜਾਈ ਖ਼ਾਤਰ ਬਾਹਰ ਫਿਰਨੀ ਉੱਤੇ ਪੱਕਾ ਘਰ ਛੱਤ ਦਿਆਂਗਾ। ਫਿਰਨੀ ਉੱਤੇ ਮੇਰੀ ਆਬਾਦੀ ਦੀ ਜ਼ਮੀਨ ਓਵੇਂ ਦੀ ਓਵੇਂ ਖ਼ਾਲੀ ਪਈ ਹੈ। ਤੂੰ ਜਿੱਥੇ ਵੀ ਕਿਤੇ ਹੈਂ, ਜਿਸ ਹਾਲ ਵਿੱਚ ਵੀ ਹੈਂ, ਸਭ ਛੱਡ ਕੇ ਆ ਜਾ ਆਪਣੇ ਪਿੰਡ, ਆਪਣੀ ਧਰਤੀ ਉੱਤੇ।*

26

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ