ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੰਘੂਰ

ਕਿਸੇ ਨੇ ਕਿੰਨਾ ਠੀਕ ਆਖਿਆ ਹੈ-ਸਭ ਤੋਂ ਭੈੜੀ ਔਰਤ ਉਹ ਹੁੰਦੀ ਹੈ, ਬੰਦੇ ਨੇ ਸਵੇਰੇ ਸਵੇਰੇ ਕਾਹਲ ਨਾਲ ਬਾਹਰ ਰੋਜ਼ਾਨਾ ਕੰਮ 'ਤੇ ਜਾਣਾ ਹੋਵੇ ਤੇ ਉਹ ਦੇ ਨਾਸ਼ਤਾ ਕਰਨ ਵੇਲੇ ਉਹ ਦੀ ਔਰਤ ਕਿਸੇ ਘਰੇਲੂ ਮਸਲੇ ਨੂੰ ਲੈ ਕੇ ਉਹ ਦੇ ਨਾਲ ਕਲੇਸ਼ ਪਾ ਬੈਠੇ।

ਬੱਸ ਇੰਝ ਹੀ ਕਰਿਆ ਕਰਦੀ ਸੀ, ਮਲਕੀਤ ਕੌਰ। ਭਰਪੂਰ ਸਿੰਘ ਨਾਸ਼ਤਾ ਅੱਧ ਵਿਚਕਾਰ ਛੱਡ ਕੇ ਪਾਣੀ ਦੀ ਘੁੱਟ ਭਰਦਾ ਤੇ ਉੱਠ ਤੁਰਦਾ। ਉਹ ਉਹਦਾ ਨਾਸ਼ਤਾ ਹਰਾਮ ਕਰ ਦਿੰਦੀ। ਕਦੇ ਕਦੇ ਉਹ ਨੂੰ ਬਹੁਤ ਗੁੱਸਾ ਆਉਂਦਾ ਤਾਂ ਉਹ ਪਲੇਟ ਗਲਾਸ ਚੁੱਕ ਕੇ ਕੰਧ ਨਾਲ ਮਾਰਦਾ ਜਾ ਫੇਰ ਕਦੇ ਮਲਕੀਤ ਨੂੰ ਹੀ ਧੇ ਧੇ ਕੁੱਟ ਸੁੱਟਦਾ। ਅਜਿਹੇ ਸਮੇਂ ਉਹਨੂੰ ਘਰ ਵਿਚ ਹੀ ਵੀਹ ਮਿੰਟ, ਅੱਧਾ ਘੰਟਾ ਬੀਤ ਜਾਂਦਾ ਤੇ ਉਹ ਆਪਣੇ ਕੰਮ ਤੋਂ ਲੇਟ ਹੋ ਜਾਂਦਾ। ਹੱਥਾਂ ਪੈਰਾਂ ਦੀ ਪਈ ਹੁੰਦੀ, ਪਤਾ ਨਾ ਲੱਗਦਾ, ਕਿਹੜੀ ਚੀਜ਼ ਨਾਲ ਲਈ ਤੇ ਕਿਹੜੀ ਰਹਿ ਗਈ। ਉਹ ਨੂੰ ਆਪਣਾ ਸਾਈਕਲ ਗੱਡਾ ਲੱਗਦਾ ਬਹੁਤ ਭਾਰੀ। ਘਰੋਂ ਬਾਹਰ ਨਿਕਲਣ ਸਮੇਂ ਜੇ ਪਹੀਏ ਦੀ ਫੂਕ ਨਿਕਲੀ ਹੁੰਦੀ ਤਾਂ ਉਹ ਕੋਲਾ ਹੋ ਕੇ ਰਹਿ ਜਾਂਦਾ। ਉਹ ਨੂੰ ਸਾਰਾ ਗੁੱਸਾ ਆਪਣੀ ਔਰਤ 'ਤੇ ਆਉਂਦਾ।

ਉਸ ਦਿਨ ਸਵੇਰੇ ਉਹ ਪੈਂਤੀ ਮਿੰਟ ਲੇਟ ਸੀ। ਸ਼ੁਕਰ ਸੀ ਕਿ ਸਾਈਕਲ ਦੇ ਪਹੀਆਂ ਵਿਚ ਹਵਾ ਪੂਰੀ ਸੀ। ਉਹ ਨੇ ਆਪਣਾ ਟਿਫ਼ਨ ਵੀ ਕੈਰੀਅਰ ਵਿਚ ਅੜੁੰਗ ਲਿਆ ਸੀ। ਟੋਕਰੀ ਵਿਚ ਥੈਲਾ ਰੱਖ ਲਿਆ ਸੀ।

ਉਸ ਦਿਨ ਤਾਂ ਉਹ ਨੇ ਨਾ ਆਪਣਾ ਨਾਸ਼ਤਾ ਅੱਧ ਵਿਚਕਾਰ ਛੱਡਿਆ, ਨਾ ਪਲੇਟ ਗਲਾਸ ਕੰਧ ਨਾਲ ਮਾਰੇ ਤੇ ਨਾ ਆਪਣੀ ਲੱਕੜ ਸਰੀਰ ਔਰਤ ਨੂੰ ਧੌਲ ਧੱਕਾ ਕਰਕੇ ਆਪਣੇ ਹੱਥਾਂ ਦੀਆਂ ਹੱਡੀਆਂ ਦੁਖਣ ਲਾਈਆਂ। ਮੁੰਡਾ ਤੇ ਕੁੜੀ ਕਦੋਂ ਦੇ ਸਕੂਲ ਜਾ ਚੁੱਕੇ ਸਨ।

ਭਰਪੂਰ ਸਿੰਘ ਹੋਰੀਂ ਚਾਰ ਭਰਾ ਸਨ। ਦੂਜੇ ਤੇ ਤੀਜੇ ਨੰਬਰ ਵਾਲੇ ਦੋਵੇਂ ਭਰਾ ਕਲਕੱਤੇ ਰਹਿੰਦੇ, ਉੱਥੇ ਉਨ੍ਹਾਂ ਦੀਆਂ ਟੈਕਸੀਆਂ ਪਾਈਆਂ ਹੋਈਆਂ ਸਨ। ਭਰਪੂਰ ਸਿੰਘ ਸਭ ਤੋਂ ਛੋਟਾ ਸੀ। ਉਹ ਦਾ ਵਿਆਹ ਵੱਡੀ ਉਮਰ ਵਿਚ ਹੋਇਆ। ਬਹੁਤੀ ਵੱਡੀ ਉਮਰ ਵਿਚ ਨਹੀਂ, ਬੱਸ ਇਹੀ ਬੱਤੀ-ਤੇਤੀ ਸਾਲ ਦੀ ਉਮਰ ਵਿਚ। ਵਿਆਹ ਕਰਵਾਉਣ ਦੀ ਉਮਰ ਚੌਵੀ-ਪੱਚੀ ਸਾਲ ਦੀ ਹੁੰਦੀ ਹੈ, ਨਹੀਂ ਤਾਂ ਫੇਰ ਉਸ ਤੋਂ ਬਾਅਦ ਬੰਦਾ ਪੱਕਦਾ ਤੁਰਿਆ ਜਾਂਦਾ ਹੈ। ਕੰਵਾਰਾ ਰਹਿਣ ਤੱਕ ਉਹ ਵੱਡੇ ਭਾਈ ਦੇ ਚੁੱਲ੍ਹੇ 'ਤੇ ਰਿਹਾ

106

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ