ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਮਲਾ ਤਾਂ ਉਦੋਂ ਉਲਝਦਾ, ਜਦੋਂ ਕੋਈ ਜੱਟ ਬੁੱਧ ਰਾਮ ਦੀ ਥਾਂ ਦੂਜੇ ਅਗਵਾੜ ਦੇ ਕਿਸੇ ਬਾਮ੍ਹਣ ਨੂੰ ਘਰ ਲਿਆ ਬਿਠਾਉਂਦਾ। ਫੇਰ ਗੁੱਸਾ ਜਜਮਾਨ 'ਤੇ ਘੱਟ ਤੇ ਧਾੜਵੀ ਸ਼ਰੀਕ 'ਤੇ ਬਹੁਤਾ ਉੱਠ ਖੜ੍ਹਾ ਹੁੰਦਾ। ਜਜਮਾਨ ਤਾਂ ਉਹ ਦੀ ਜਾਇਦਾਦ ਸਨ। ਉਹ ਜਾਇਦਾਦ 'ਤੇ ਡਾਕਾ ਕਿਵੇਂ ਸਹਾਰ ਲੈਂਦਾ। ਉਹ ਨੂੰ ਹੈਂਕੜ ਇਹ ਵੀ ਸੀ ਕਿ ਉਹ ਦੇ ਕੋਲ ਪਿੰਡ ਦੇ ਸਾਰੇ ਬਾਮ੍ਹਣਾਂ ਨਾਲੋਂ ਵੱਧ ਜ਼ਮੀਨ ਸੀ। ਉਹ ਜੱਟ ਬਾਮ੍ਹਣ ਸੀ, ਡਾਂਗ ਤੇ ਡੇਰਾ ਰੱਖਦਾ। ਦੂਜੇ ਅਗਵਾੜਾਂ ਦੇ ਉਹ ਨੇ ਦੋ ਤਿੰਨ ਬਾਮ੍ਹਣ ਕੁੱਟੇ ਸਨ, ਇਸ ਨਿਉਂਦਾ ਖਾਣ ਦੀ ਗੱਲ ਨੂੰ ਲੈ ਕੇ ਹੀ।

ਗੱਜਣ ਸਿੰਘ ਦੀ ਧੀ ਦਾ ਵਿਆਹ ਸੀ। ਤੈਅ ਇਹ ਸੀ ਬਾਰਾਤ ਦੇ ਇੱਕ ਦਿਨ ਪਹਿਲਾਂ ਰੋਟੀ ਤੋਂ ਲੈ ਕੇ ਬਾਰਾਤ ਦੇ ਇੱਕ ਦਿਨ ਬਾਅਦ ਮੇਲ਼ ਗੇਲ਼ ਤੁਰ ਜਾਣ ਤੱਕ ਦੋਵੇਂ ਵੇਲੇ ਥਾਲੀ ਪ੍ਰੋਹਤਾਂ ਨੂੰ ਦਿੱਤੀ ਜਾਂਦੀ। ਕੁੜੀ ਦੀ ਖੋਟ 'ਤੇ ਛੇ ਰੁਪਏ। ਹੋਇਆ ਇਹ ਕਿ ਰੋਟੀ ਵਾਲੇ ਦਿਨ ਲੱਛਮੀ ਥਾਲੀ ਲੈ ਕੇ ਉਨ੍ਹਾਂ ਦੇ ਵਿਹੜੇ ਵਿਚ ਦੇਹਾਂ ਹੀ ਜਾ ਖੜ੍ਹੀ। ਅਖੇ-"ਗੱਜਣ ਸਿਆਂ ਭਾਈ, ਮੈਨੂੰ ਹੋਰ ਪਹਿਲਾਂ। ਮੈਂ ਤਾਂ ਰੋਟੀ ਲੈ ਕੇ ਜਾਣੈ ਖੇਤ। ਹਲ ਜੋੜਿਆ ਵਿਐ ਤੇਰੇ ਬਾਬੇ ਦਾ।"

"ਅੰਮਾ, ਇਹ ਝੂਠ। ਤੈਨੂੰ ਰੋਟੀ ਉਦੋਂ ਮਿਲੂ, ਜਦੋਂ ਸਾਰਾ ਨਿੱਬੜ ਗਿਆ।" ਗੱਜਣ ਸਿੰਘ ਨੇ ਉਂਗਲ ਖੜ੍ਹੀ ਕਰਕੇ ਲਕੀਰ ਖਿੱਚ ਦਿੱਤੀ।

"ਤਾਂ ਭਾਈ ਮੈਥੋਂ ਤਾਂ ਹੁਣ ਪਿਛਲੇ ਪਹਿਰ ਆਇਆ ਜਾਊ।"

"ਤੈਂ ਆਵਦੀ ਗਰਜ਼ ਨੂੰ ਆਉਣੈ, ਜਦੋਂ ਮਰਜ਼ੀ ਆ ਜੀਂ। ਤੈਨੂੰ ਇੱਕੋ ਸੁਣਾ 'ਤੀ ਦੱਸ।" ਉਹ ਰੁੱਖਾ ਬੋਲਿਆ ਸੀ।

ਉਹ ਦਿਨ ਸੋ ਉਹ ਦਿਨ ਬੁੱਧ ਰਾਮ ਦੇ ਘਰ ਦਾ ਕੋਈ ਜੀਅ ਗੱਜਣ ਸਿੰਘ ਦੀ ਧੀ ਦੇ ਵਿਆਹ ਵਿਚ ਜਾ ਕੇ ਖੜ੍ਹਾ ਨਹੀਂ। ਪ੍ਰੋਹਤਾਂ ਦਾ ਐਲਾਨ-"ਗਾਹਾਂ ਨੂੰ ਬੱਸ ਟੁੱਟ। ਗੱਜਣ ਦੀ ਦੇਲ੍ਹੀ ਨ੍ਹੀ ਚੜ੍ਹਨਾ, ਸਾਰੀ ਉਮਰ।"

ਹਥਾਈ ਦੇ ਖੁੰਢ 'ਤੇ ਜਿੱਥੇ ਹੁਣ ਬੁੱਧ ਰਾਮ ਡਾਂਗ ਲੈ ਕੇ ਬੈਠਾ ਸੀ, ਅਗਵਾੜ ਦੀਆਂ ਦੋਵੇਂ ਗਲੀਆਂ ਦੇ ਘਰ ਦੂਰ ਤੱਕ ਦਿੱਸਦੇ ਸਨ-ਸਾਹਮਣੇ ਵਾਲੀ ਗਲੀ ਤੇ ਖੱਬੇ ਹੱਥ ਦੀ ਗਲੀ। ਗੱਜਣ ਸਿੰਘ ਦਾ ਘਰ ਸਾਹਮਣੇ ਵਾਲੀ ਗਲੀ ਵਿਚ ਸੀ। ਖੱਬੇ ਹੱਥ ਦੀ ਗਲੀ ਦੇ ਮੋੜ 'ਤੇ ਉਹ ਨੂੰ ਮੁਰਾਰੀ ਆਉਂਦਾ ਦਿਸਿਆ। ਮੋਢੇ ਵਾਲੇ ਸਮੋਸੇ ਵਿਚ ਥਾਲੀ ਵਲ੍ਹੇਟੀ ਹੋਈ। ਬੁੱਧ ਰਾਮ ਨੇ ਥੁੱਕ ਕੇ ਮੁੱਛਾਂ ਤੇ ਹੱਥ ਫੇਰਿਆ। ਤੇ ਫੇਰ ਡਾਂਗ ਨੂੰ ਧਰਤੀ 'ਤੇ ਖੜਕਾ ਕੇ ਦੇਖਣ ਲੱਗਿਆ। ਦੂਜੀ ਵਾਰ ਉਹ ਨੇ ਅੱਖਾਂ ਪੁੱਟੀਆਂ ਤੇ ਖੱਬੇ ਪਾਸੇ ਨਿਗਾਹ ਕੀਤੀ, ਗਲੀ ਵਿਚ ਕੋਈ ਨਹੀਂ ਸੀ। ਉਹ ਨੇ ਅੰਦਾਜ਼ਾ ਲਾਇਆ ਕਿ ਉਹ ਅਗਵਾੜ 'ਤੋਂ ਦੀ ਗੇੜਾ ਕੱਢ ਕੇ ਸਾਹਮਣੇ ਵਾਲੀ ਗਲੀ ਵਿਚ ਆਏਗਾ। ਉਹ ਖੁੰਢ ਤੋਂ ਉੱਠ ਕੇ ਗੱਜਣ ਦੇ ਘਰ ਵੱਲ ਤੁਰ ਪਿਆ। ਥੋੜ੍ਹਾ ਉਰੇ ਜਿਹੇ ਠੋਡੀ ਹੇਠ ਡਾਂਗ ਦੀ ਹੁੰਝ ਲਾ ਕੇ ਉਹ ਖ਼ਾਸਾ ਚਿਰ ਉੱਥੇ ਹੀ ਖੜ੍ਹਾ ਰਿਹਾ। ਮੁਰਾਰੀ ਨਹੀਂ ਆਇਆ। ਉਹ ਹਥਾਈ ਦੇ ਖੁੰਢ 'ਤੇ ਫੇਰ ਆ ਬੈਠਾ।

ਲੱਛਮੀ ਨੇ ਆ ਕੇ ਦੱਸਿਆ-"ਸੀਰੀ ਤਾਂ ਮੂਧੇ ਮੂੰਹ ਪਿਐ, ਤਾਪ ਨਾਲ। ਕਹਿੰਦਾ, ਲੱਤਾਂ ਭਾਰ ਨ੍ਹੀ ਝੱਲਦੀਆਂ।"

ਜਾਇਦਾਦ

117