ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਵਿਚ ਚਮਕ ਆ ਗਈ ਸੀ। ਚਾਹੁੰਦਾ ਸਾਂ, ਉੱਠ ਕੇ ਉਸ ਕੋਲ ਚਲਿਆ ਜਾਵਾਂ, ਪਰ ਨਹੀਂ, ਮੈਂ ਉੱਠਿਆ ਨਹੀਂ। ਉੱਥੇ ਹੀ ਬਹਿਰੇ ਤੋਂ ਚਾਹ ਦਾ ਇੱਕ ਪਿਆਲਾ ਮੰਗਵਾਇਆ ਤੇ ਪੀਣ ਲੱਗਿਆ। ਕੈਫਟੇਰੀਆ-ਦੁੱਧ ਪੀਓ, ਚਾਹ ਪੀਓ, ਲੱਸੀ, ਕੋਕਾ ਕੋਲਾ, ਸ਼ਰਬਤ ਤੇ ਭਾਵੇਂ ਨਿਰਾ ਪਾਣੀ ਪੀ ਕੇ ਉੱਠ ਖੜ੍ਹੋ।

ਮੈਂ ਤੇ ਕੰਦਲਾ ਇਕੋ ਦਫ਼ਤਰ ਵਿਚ ਕੰਮ ਕਰਦੇ ਹਾਂ। ਉਹ ਟਾਈਪਿਸਟ ਹੈ ਤੇ ਮੈਥੋਂ ਚੌਥੇ ਕਮਰੇ ਵਿਚ ਬੈਠਦੀ ਹੈ। ਬਹੁਤੀ ਵਾਰ ਅਸੀਂ ਇਕੱਠੇ ਹੀ ਚਾਹ ਪੀਂਦੇ ਹਾਂ, ਇਕੱਠੇ ਹੀ ਕੌਫ਼ੀ ਪੀਂਦੇ ਹਾਂ ਤੇ ਇਕੱਠੇ ਹੀ ਦੁਪਹਿਰ ਦੀ ਰੋਟੀ ਖਾਂਦੇ ਹਾਂ। ਸਾਡੇ ਵਿਚ ਖੁੱਲ੍ਹ ਬਹੁਤ ਹੀ ਵਧ ਚੁੱਕੀ ਹੈ। ਉਸ ਨੇ ਕਈ ਵਾਰ ਮੈਥੋਂ ਪੁੱਛਿਆ ਹੈ ਮੈਨੂੰ ਉਸ ਦੇ ਸਰੀਰ ਦਾ ਕਿਹੜਾ ਹਿੱਸਾ ਚੰਗਾ ਲੱਗਦਾ ਹੈ-ਨੱਕ, ਦੰਦ, ਅੱਖਾਂ, ਹਿੱਕ, ਬਾਹਾਂ ਜਾਂ ਪੈਰਾਂ ਦੀਆਂ ਉਂਗਲੀਆਂ? ਜਾਂ ਹੱਡੀਆਂ? ਮੈਂ ਕਹਿੰਦਾ ਹਾਂ, "ਮੈਨੂੰ ਤੇਰੀਆਂ ਬੇਵਕੂਫ਼ ਗੱਲਾਂ ਚੰਗੀਆਂ ਲਗਦੀਆਂ ਨੇ।" ਮੇਰੀ ਗੱਲ ਨੂੰ ਅਣਸੁਣੀ ਕਰਕੇ ਉਹ ਕਹਿੰਦੀ ਹੈ ਕਿ ਸਰੀਰ ਦੇ ਸਾਰੇ ਹਿੱਸਿਆਂ ਨਾਲੋਂ ਸੁਹਣਾ ਹਿੱਸਾ ਮੇਰੇ 'ਪੱਟ' ਹਨ। ਤੇ ਫਿਰ ਉਹ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਛੋਟੀਆਂ ਕਰਕੇ ਸਰੂਰ ਵਿਚ ਆ ਦੱਸਦੀ ਹੈ, "ਮੇਰੇ 'ਪੱਟ' ਬਹੁਤ ਸ਼ਾਨਦਾਰ ਨੇ।"

ਕਈ ਵਾਰ ਜਦ ਅਸੀਂ ਇਕੱਲ ਵਿਚ ਮਿਲਦੇ ਹਾਂ ਤਾਂ ਉਹ ਆਪ ਹੀ ਮੇਰਾ ਹੱਥ ਫੜ ਕੇ ਮੇਰੀ ਬਾਂਹ ਆਪਣੇ ਲੱਕ ਦੁਆਲੇ ਲਪੇਟ ਲੈਂਦੀ ਹੈ ਤੇ ਕਹਿੰਦੀ ਹੈ, "ਘੁੱਟ ਦੇ ਜ਼ਰਾ।"

ਹਾਂ, ਅੱਜ ਦੁਪਹਿਰੇ ਕੈਫਟੇਰੀਆਂ ਵਿਚ ਮੇਜ਼ 'ਤੇ ਬਾਂਹ ਪਸਾਰੀ ਜਦ ਉਹ ਕੌਫ਼ੀ ਪੀ ਰਹੀ ਸੀ ਤਾਂ ਉਸ ਦਾ ਧਿਆਨ ਮੇਰੇ ਵੱਲ ਬਿਲਕੁਲ ਨਹੀਂ ਸੀ ਹੋਇਆ। ਧਿਆਨ ਹੁੰਦਾ ਤਾਂ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦੀ? ਜਾਂ ਮੇਰੇ ਕੋਲ ਆਪ ਹੀ ਆ ਜਾਂਦੀ ਚਾਹ ਦਾ ਪਿਆਲਾ ਜਦ ਹੀ ਮੇਰੇ ਬੁੱਲ੍ਹਾਂ ਨਾਲੋਂ ਹਟਦਾ, ਮੈਂ ਕੰਦਲਾ ਵੱਲ ਟਿਕਟਿਕੀ ਬੰਨ੍ਹ ਲੈਂਦਾ। ਉਸ ਦਾ ਸਰੀਰ ਪੂਰੇ ਦਾ ਪੂਰਾ ਮੇਰੇ ਜ਼ਿਹਨ ਵਿਚ ਉਤਰ ਗਿਆ ਸੀ। ਉਸ ਨੂੰ ਇਸ ਤਰ੍ਹਾਂ ਵੇਖ ਕੇ ਮੈਂ ਕੋਈ ਮਸਤੀ ਜਿਹੀ ਮਹਿਸੂਸ ਕਰ ਰਿਹਾ ਸਾਂ।

ਮੈਂ ਮਨ ਬਣਾਇਆ ਕਿ ਚਾਹ ਦੇ ਪਿਆਲੇ ਵਿਚਲੀਆਂ ਆਖ਼ਰੀ ਦੋ ਘੁੱਟਾਂ ਮੁਕਾ ਕੇ ਹੁਣੇ ਕੰਦਲਾ ਕੋਲ ਜਾਂਦਾ ਹਾਂ ਤੇ ਜਾ ਕੇ ਉਸ ਦੇ ਮੋਢੇ ਨੂੰ ਥਪਕਦਾ ਹਾਂ।

ਇੱਕ ਮੁੰਡਾ ਮੂੰਹ ਨਾਲ ਵਿਸਲਾਂ ਵਜਾਉਂਦਾ ਕੈਫਟੇਰੀਆ ਦੇ ਗੇਟ ਅੰਦਰ ਦਾਖ਼ਲ ਹੋਇਆ ਤੇ ਸਿੱਧਾ ਕੰਦਲਾ ਦੇ ਮੇਜ਼ ਵੱਲ ਹੋ ਪਿਆ।

ਗਲ਼ ਵਿਚ ਡੱਬੀਦਾਰ ਬੁਸ਼ਰਟ, ਪੱਟਾਂ ਨਾਲ ਸੂਤਵੀਂ ਸਫ਼ੈਦ ਪੈਂਟ। ਸਿਰ 'ਤੇ ਅੱਧਾ ਅੱਧਾ ਇੰਚ ਵਾਲ, ਸੇਹ ਦੇ ਤਲਿਆਂ ਵਾਂਗ ਖੜ੍ਹੇ ਸਨ। ਉਹ ਕੰਦਲਾ ਦੇ ਮੇਜ਼ ਕੋਲ ਗਿਆ। ਮੇਜ਼ 'ਤੇ ਲੰਮੀ ਪਈ ਕੰਦਲਾ ਦੀ ਬਾਂਹ 'ਤੇ ਪੋਲਾ ਜਿਹਾ ਪੁੱਠੇ ਹੱਥ ਦਾ ਥੱਪੜ ਟਿਕਾਇਆ। ਕੰਦਲਾ ਧੰਦਕ ਜਿਹੀ ਗਈ ਤੇ ਇਕਦਮ ਕੁਰਸੀ ਤੇ ਸਿੱਧੀ ਹੋ ਕੇ ਬੈਠ ਗਈ। ਇੱਕ ਲੰਮਾ ਸਾਹ ਸ਼ਾਇਦ ਉਸ ਨੇ ਆਪਣੇ ਅੰਦਰ ਖਿੱਚਿਆ ਸੀ। ਬੁੱਲ੍ਹਾਂ 'ਤੇ ਨਿੰਮੀ ਜਿਹੀ ਮੁਸਕਰਾਹਟ ਲਿਆਂਦੀ ਸੀ ਤੇ ਉਸ ਮੁੰਡੇ ਨੂੰ ਕੁਝ ਕਿਹਾ ਸੀ। ਮੁੰਡੇ ਨੇ ਕੰਦਲਾ ਦੇ ਜੂਠੇ ਪਿਆਲੇ ਵਿਚੋਂ ਇੱਕ ਘੁੱਟ ਭਰੀ ਸੀ ਤੇ ਅੱਗੇ ਨੂੰ ਚਲਿਆ ਗਿਆ ਸੀ। ਜਾ ਕੇ ਕਿਸੇ ਹੋਰ ਮੇਜ਼ 'ਤੇ ਬੈਠ ਗਿਆ ਸੀ। ਮੇਰੇ ਮਨ ਵਿਚ ਇੱਕ ਖਲਬਲੀ ਜਿਹੀ ਮੱਚ

14

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ