ਪਹਿਲਾਂ ਅਸੀਂ ਜਦੋਂ ਇੰਝ ਕਿਧਰੇ ਬਾਹਰ ਜਾਂਦੇ ਹੁੰਦੇ ਤਾਂ ਦਾਰੂ ਦੀਆਂ ਗੱਲਾਂ ਕਰਦੇ ਆਂ ਔਰਤਾਂ ਦੀਆਂ। ਅੱਜ ਇਹ ਨਹੀਂ ਸੀ। ਉਹ ਦੋਵੇਂ ਪੰਜਾਬ ਮਸਲੇ 'ਤੇ ਹੀ ਬਹਿਸ ਰਹੇ ਸਨ।
ਉਹ ਦਾਰੂ ਪੀ ਕੇ ਲੜਦੇ ਜ਼ਰੂਰ। ਗੁੱਥਮ ਗੁੱਥਾ ਹੋ ਜਾਂਦੇ। ਪਹਿਲਵਾਨਾਂ ਵਾਂਗ ਘੁਲਣ ਲੱਗਦੇ। ਕਦੇ ਉਹ ਉੱਤੇ, ਕਦੇ ਇਹ ਉੱਤੇ। ਜਗਦੇਵ ਦੀ ਇੱਕ ਬਾਂਹ ਬਚਪਨ ਤੋਂ ਕੁਝ ਕਮਜ਼ੋਰ ਸੀ, ਪਰ ਉਹ ਜਗਦੀਸ਼ ਤੋਂ ਤਕੜਾ ਸੀ। ਕੱਦ ਵਿਚ ਵੀ ਲੰਮਾ। ਜਗਦੀਸ਼ ਵੀ ਘੱਟ ਨਹੀਂ ਸੀ। ਝੋਟੇ ਵਰਗਾ ਸਰੀਰ ਸੀ ਉਹਦਾ। ਖਿੱਦੋ ਵਾਂਗ ਮੜ੍ਹਿਆ ਹੋਇਆ। ਉਨ੍ਹਾਂ ਦੀ ਝੂਠ ਮੂਠ ਦੀ ਲੜਾਈ ਸ਼ੁਰੂ ਹੁੰਦੀ ਤਾਂ ਬੱਸ ਏਸੇ ਗੱਲ ਤੋਂ, ਅਖੇ-'ਸਾਲਿਆ, ਤੂੰ ਮਹਾਜਨਾ ਦੀ ਕੰਨਿਆਂ ਖਰਾਬ ਕਰ 'ਤੀ।' ਜਗਦੀਸ਼ ਆਖਦਾ ਤੇ ਜਗਦੇਵ ਨੂੰ ਚਿੰਬੜ ਜਾਂਦਾ। ਉਹ ਢੱਟੇ ਝੋਟਿਆਂ ਵਾਲੀ ਲੜਾਈ ਲੜਦੇ ਤੇ ਹੌਂਕਣ ਲੱਗਦੇ। ਇੱਕ ਵਾਰ ਮੈਂ ਉਨ੍ਹਾਂ ਨੂੰ ਹਟਾਉਣ ਲੱਗਿਆ ਤਾਂ ਦੋਵੇਂ ਆਪ ਲੜਨਾ ਛੱਡ ਕੇ ਮੈਨੂੰ ਕੁੱਟਣ ਪੈ ਗਏ। ਕਹਿੰਦੇ-ਟਤੂੰ ਕੌਣ ਹੁਨੈ ਓਏ, ਸਾਡੀ ਲੜਾਈ 'ਚ ਟੰਗ ਅੜਾਉਣ ਆਲਾ?'
ਮੈਂ ਸੌਂ ਗਿਆ। ਬੈਠਕ ਦੇ ਅੰਦਰਲੇ ਬਾਰ ਦਾ ਅਸੀਂ ਕੁੰਡਾ ਲਾ ਲਿਆ ਸੀ। ਬਾਹਰੋਂ ਜ਼ੋਰ ਜ਼ੋਰ ਦੀ ਕੋਈ ਤਖ਼ਤੇ ਖੜਕਾ ਰਿਹਾ ਸੀ। ਮੈਂ ਉੱਠ ਕੇ ਦੇਖਿਆ, ਬਲ੍ਹਬ ਜਗ ਰਿਹਾ ਸੀ ਤੇ ਜਗਦੇਵ ਜਗਦੀਸ਼ ਦੀ ਹਿੱਕ 'ਤੇ ਬੈਠਾ ਉਹ ਆਖ ਰਿਹਾ ਸੀ-ਹੁਣ ਹਿੱਲ ਕੇ ਦਿਖਾਅ, ਕਰਿਆੜਾ, ਮੇਰਿਆ ਸਾਲਿਆ।' ਫੇਰ ਉਹਦੀ ਹਿੱਕ 'ਤੇ ਬੈਠਾ ਹੀ ਜਗਦੇਵ ਆਪਣੇ ਖੁੱਲ੍ਹੇ ਕੇਸਾਂ ਦਾ ਜੂੜਾ ਬੰਨ੍ਹਣ ਲੱਗਿਆ। ਤਖ਼ਤੇ ਅਜੇ ਵੀ ਖੜਕ ਰਹੇ ਸਨ। ਮੈਂ ਕੁੰਡਾ ਖੋਲ੍ਹ ਦਿੱਤਾ। ਬਾਹਰ ਮਾਸੀ ਖੜ੍ਹੀ ਸੀ। ਬੋਲੀ-'ਭਾਈ, ਆਹ ਬੈਠਕ 'ਚ ਖੜਕਾ ਜ੍ਹਾ ਕਦੋਂ ਦਾ ਹੋਈ ਜਾਂਦੈ। ਕੀ ਗੱਲ ਐ?'
'ਇਹ ਤਾਂ ਕੁਛ ਨੀ ਮਾਸੀ, ਤੂੰ ਪੈ ਜਾ, ਜਾ ਕੇ।' ਮੈਂ ਸ਼ਰਮ ਮੰਨੀ ਤੇ ਉਨ੍ਹਾਂ ਵੱਲ ਖਿੱਝ ਕੇ ਝਾਕਿਆ। ਉਹ ਮਾਸੀ ਦਾ ਬੋਲ ਸੁਣ ਕੇ ਉੱਠ ਬੈਠੇ ਸਨ। ਅਤੇ ਹੁਣ ਥੱਲੇ ਡਿੱਗੀਆਂ ਪਈਆਂ ਆਪਣੀਆਂ ਰਜਾਈਆਂ ਚੁੱਕ ਰਹੇ ਸਨ। ਮੈਂ ਦੋਵਾਂ ਨੂੰ ਗਾਲ਼ ਕੱਢੀ ਆਖਿਆ-'ਸਾਲਿਓ, ਕਰ ਲਿਆ ਸ਼ੁਰੂ ਫੇਰ ਓਹੀ ਕੰਮ? ਪੈ 'ਜੋ ਹੁਣ। ਮਾਸੀ ਅੱਧੀ ਰਾਤ ਉੱਠ ਕੇ ਆਈ, ਸ਼ਰਮ ਨ੍ਹੀ ਆਉਂਦੀ ਥੋਨੂੰ?'
ਜਗਦੀਸ਼ ਕਹਿੰਦਾ, ਹੱਛਿਆ, ਦੱਸੀਏ ਤੈਨੂੰ?'
'ਤੂੰ ਪੈ ਜਾ ਓਏ। ਜਗਦੇਵ ਨੇ ਮੈਨੂੰ ਕਿਹਾ ਤੇ ਆਪਣੀ ਰਜ਼ਾਈ ਪਰ੍ਹਾਂ ਹਟਾ ਕੇ ਜਗਦੀਸ਼ ਦਾ ਗੁੱਟ ਫੜ ਲਿਆ। ਉਹ ਚੀਖ਼ ਰਿਹਾ ਸੀ-'ਓਏ, ਬਾਂਹ ਨਾ ਮਰੋੜ ਓਏ। ਕੰਜਰ ਦਿਆ, ਟੁੱਟ ਜੂ, ਓਏ ਮੇਰੀ ਬਾਂਹ। ਓਏ, ਆਵਦੇ ਅਰਗਾ ਨਾ ਕਰ ਮੈਨੂੰ।'
ਉਹਦੇ ਤਰਲੇ ਸੁਣ ਕੇ ਜਗਦੇਵ ਨੇ ਗੁੱਟ ਛੱਡ ਦਿੱਤਾ ਤੇ ਆਰਾਮ ਨਾਲ ਆਪਣੇ ਮੰਜੇ 'ਤੇ ਜਾ ਪਿਆ। ਮੈਨੂੰ ਫੇਰ ਨੀਂਦ ਦੀ ਘੂਕੀ ਚੜ੍ਹਨ ਲੱਗੀ। ਮੈਂ ਖ਼ਾਸਾ ਸੌਂ ਲਿਆ ਸਾਂ। ਪਾਸਾ ਪਰਤਣ ਲੱਗਿਆ ਤਾਂ ਮੰਜਾ ਜਰਕਣ ਦੀ ਆਵਾਜ਼ ਸੁਣੀ। ਮੂੰਹ ਤੋਂ ਰਜ਼ਾਈ ਪਰ੍ਹਾਂ ਹਟਾ ਕੇ ਦੇਖਿਆ, ਉਹ ਫੇਰ ਗੁੱਥਮ ਗੁੱਥਾ ਸਨ। ਮੈਂ ਬੋਲਿਆ-'ਓਏ ਸਾਲਿਓ, ਮੈਂ ਤਾਂ ਨੀਂਦ ਵੀ ਸਾਰੀ ਲੈ 'ਲੀ, ਤੁਸੀਂ ਸੁੱਤੇ ਨ੍ਹੀ ਹਾਲੇ ਤਾਈਂ। ਛੱਡੋ ਯਾਰ ਹੁਣ।'
ਉਹ ਤਿੰਨ
151