ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਨੇ ਰੋਟੀ ਜਦ ਤਿਆਰ ਕਰ ਲਈ ਤਾਂ ਉਸ ਨੂੰ ਰਸੋਈ ਵਿਚ ਹੀ ਆਪਣੇ ਕੋਲ ਸੱਦ ਲਿਆ, ਫਿਰ ਅੰਦਰਲੇ ਕਮਰੇ ਵਿਚ ਕੁਰਸੀ ਮੇਜ਼ ਡਾਹ ਕੇ ਉਸ ਨੂੰ ਰੋਟੀ ਪਰੋਸ ਦਿੱਤੀ। ਰੋਟੀ ਖਾਂਦੇ ਕਮਲਿੰਦਰ ਕੋਲ ਉਹ ਅੰਦਰ ਆ ਕੇ ਬੈਠ ਗਈ। ਉਹ ਰੋਟੀ ਖਾਂਦਾ ਰਿਹਾ ਤੇ ਉਹ ਬੋਲਦੀ ਰਹੀ-

'ਬਸ ਏਸ ਗੱਲੋਂ ਮੈਂ ਡਰਦੀ ਸੀ। ਜਦੋਂ ਕਦੇ ਇਹ ਉਹ ਪ੍ਰੋਫ਼ੈਸਰ ਦੀ ਗੱਲ ਕਿਸੇ ਨਾਲ ਛੇੜ ਬੈਠੇ ਤਾਂ ਇਸ ਨੂੰ ਫੱਟ ਦੌਰਾ ਪੈ ਜਾਂਦੈ। ਏਵੇਂ ਜਿਵੇਂ ਬੱਸ ਹੁਣ ਇਹ ਦੋ ਦਿਨ ਬੇਸੁਰਤ ਪਈ ਰਹੂ। ਨਾ ਬੋਲੇ, ਨਾ ਉੱਠੇ, ਨਾ ਖਾਵੇ ਪੀਵੇ।'

'ਪ੍ਰੋਫ਼ੈਸਰ ਉਹ ਹੁਣ ਕਿੱਥੇ ਐ?' ਕਮਲਿੰਦਰ ਨੇ ਉਤਸੁਕ ਹੋ ਕੇ ਪੁੱਛਿਆ।

ਪ੍ਰੋਫ਼ੈਸਰ ਉਹ ਤਾਂ ਪਤਾ ਨੀ ਕਿੱਥੇ ਐ। ਇਹਦੀ ਜ਼ਿੰਦਗੀ ਖ਼ਰਾਬ ਕਰਕੇ ਆਪ ਇੱਕ ਵਜ਼ੀਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਵਜ਼ੀਰ ਨੇ ਤਾਂ ਕਾਰ ਦਿੱਤੀ ਦਾਜ ਵਿਚ। ਕੁੜੀ ਦਸਵੀਂ ਪਾਸ ਸੀ। ਵਿਆਹ ਕਰਵੌਣ ਲੱਗੇ ਨੇ ਇਹਨੂੰ ਦੱਸਿਆ ਵੀ ਨਾ। ਇਹ ਅਜੇ ਐੱਮ. ਏ. 'ਚ ਦਾਖ਼ਲ ਹੋਈ ਈ ਸੀ।ਉਹ ਦਾ ਵਿਆਹ ਸੁਣ ਕੇ ਘਰ ਆ ਬੈਠੀ। ਹੁਣ ਇਹਦੇ ਨਾਲ ਬੱਸ ਮੈਂ ਈ ਕੱਟਦੀ ਆਂ।' ਐਨੀ ਗੱਲ ਕਹਿ ਕੇ ਮਾਂ ਦਾ ਬੋਲ ਰੁਕ ਗਿਆ ਤੇ ਉਹਦੀਆਂ ਅੱਖਾਂ ਪਾਣੀ ਨਾਲ ਪਿਆਲੀਆਂ ਵਾਂਗ ਭਰ ਗਈਆਂ।

'ਤੁਸੀਂ ਕਿਸੇ ਡਾਕਟਰ ਨੂੰ ਦਿਖਾਓ ਇਹ ਨੂੰ ਬੇ ਜੀ।' ਕਮਲਿੰਦਰ ਨੇ ਰੋਟੀ ਖਾ ਹੱਥ ਕੇ ਧੋਣ ਲੱਗੇ ਨੇ ਸੁਝਾਓ ਦਿੱਤਾ।

'ਡਾਕਟਰਾਂ ਦੀ ਕਸਰ ਕਿਹੜਾ ਛੱਡੀਐ। ਹੁਣ ਤਾਂ ਇਹ ਹਾਲ ਹੈ ਕਿ ਜੇ ਕੋਈ ਮੁੰਡਾ ਇਸ ਨੂੰ ਮਖ਼ੌਲ ਕਰ ਬੈਠੇ ਤਾਂ ਲਫੇੜਿਆਂ ਨਾਲ ਉਸ ਦਾ ਮੂੰਹ ਭੰਨ ਦਿੰਦੀ ਐ। ਕੱਲ੍ਹ ਸਵੇਰੇ ਸਵੇਰੇ ਬਜ਼ਾਰ 'ਚੋਂ ਅਸੀਂ ਸਬਜ਼ੀ ਲਈ ਆਉਂਦੀਆਂ ਸੀ। ਇੱਕ ਮੁੰਡਾ ਸਾਈਕਲ 'ਤੇ ਚੜ੍ਹਿਆ ਕਦੇ ਸਾਡੇ ਮੁਹਰੇ ਹੋ ਜਾਵੇ, ਕਦੇ ਮਗਰ ਮਗਰ ਆਵੇ ਤੇ ਕਦੇ ਤੇਜ਼ ਕਰਕੇ ਸਾਈਕਲ ਕੋਲ ਦੀ ਲੰਘਾਵੇ। ਇੱਕ ਵਾਰੀ ਜਦੋਂ ਉਹ ਕੋਲ ਦੀ ਤੇਜ਼ ਤੇਜ਼ ਲੰਘਣ ਲੱਗਿਆ ਤਾਂ ਇਸ ਨੇ ਗਿੱਚਿਓਂ ਫੜ ਲਿਆ ਉਸ ਨੂੰ ਤੇ ਲੱਫੜ ਮਾਰ ਮਾਰ ਉਹਦਾ ਮੂੰਹ ਲਾਲ ਕਰ 'ਤਾ। ਮੈਂ ਡਰਾਂ ਕਿਤੇ ਕੋਈ ਸਿਆਪਾਨਾ ਖੜ੍ਹਾ ਹੋ ਜੇ। ਪਰ ਉਹ ਢੀਠ ਕੱਪੜੇ ਝਾੜ ਕੇ ਔਹ ਗਿਆ।' ♦

ਇੱਕ ਕੁੜੀ ਤੇ ਕਵੀ

159