ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈਣ ਵਾਲਿਆਂ ਦਾ ਮੇਲਾ ਲੱਗ ਜਾਂਦਾ। ਆਪਣੇ ਘਰ ਦਾ ਦੁੱਧ ਲੈਣ ਲਈ ਹਮੇਸ਼ਾ ਉਹੀ ਕਾਲਜ ਵਾਲੀ ਕੁੜੀ ਆਉਂਦੀ। ਟੱਪਦੀ ਬੁੜ੍ਹਕਦੀ ਡੋਲੂ ਫੜੀ ਉਹ ਆਉਂਦੀ ਤੇ ਧੁੱਸ ਦੇ ਕੇ ਦੂਜਿਆਂ ਦੇ ਦੁੱਧ ਵੀ ਪਵਾ ਦਿੰਦੀ। ਏਵੇਂ ਜਿਵੇਂ ਇੱਕ ਦਿਨ ਉਸ ਨੇ ਸੁਰਿੰਦਰ ਦੇ ਹੱਥੋਂ ਗੜਵੀ ਫੜੀ ਤੇ ਮੂਹਰ ਦੀ ਹੋ ਕੇ ਉਸ ਨੂੰ ਦੁੱਧ ਪਵਾ ਦਿੱਤਾ। ਗੜਵੀ ਫੜਾਉਣ ਲੱਗੀ ਤਾਂ ਉਸ ਨੇ ਸੁਰਿੰਦਰ ਦੀਆਂ ਉਂਗਲਾਂ ਘੁੱਟ ਦਿੱਤੀਆਂ ਤੇ ਹੱਸ ਹੱਸ ਦੂਹਰੀ ਹੁੰਦੀ, ਔਹ ਗਈ। ਸੁਰਿੰਦਰ ਸਾਰਾ ਦਿਨ ਇਹੀ ਖੌਝਲਦਾ ਰਿਹਾ-'ਲੋਹੜਾ ਓਏ, ਰਤੀ ਭਰ ਕੁੜੀ ਐ ਤੇ ਕਿੰਨੀ ਚੱਕਵੀਂ ਐਂ।'

ਜਦ ਉਹਦੀ ਬੈਠਕ ਕੋਲ ਦੀ ਲੰਘਣ ਲੱਗਦੀ, ਖੰਘ ਕੇ ਲੰਘਦੀ। ਕਦੇ ਕਦੇ ਕੋਈ ਰੋੜੀ ਵੀ ਮਾਰ ਜਾਂਦੀ। ਇੱਕ ਦਿਨ ਜਦ ਉਹ ਓਥੋਂ ਦੀ ਲੰਘਣ ਲੱਗੀ ਤਾਂ ਚਾਰ ਚੁਫ਼ੇਰਾ ਜਿਹਾ ਦੇਖ ਕੇ ਸੁਰਿੰਦਰ ਨੇ ਉਸ ਦੀ ਬਾਂਹ ਫੜੀ ਤੇ ਬੈਠਕ ਅੰਦਰ ਧੂ ਲਿਆ। 'ਮੈਂ ਰੌਲਾ ਪਾ ਦੂੰਗੀ, ਹਾਂ। 'ਕੁੜੀ ਨੇ ਬਾਂਹ ਛੁਡਾ ਕੇ ਆਖਿਆ। 'ਰੌਲਾ ਤਾਂ ਤੂੰ ਕੀ ਪਾ ਦੇਂਗੀ ਬਚੀਏ ਜੀਏ। ਊਈਂ ਗਠਿੱਲ ਜ੍ਹੀ ਦੇਖਕੇ, ਤੇਰੇ 'ਤੇ ਤਰਸ ਔਂਦੈ।' ਉਸ ਦੀ ਗੱਲ੍ਹ 'ਤੇ ਪੋਲਾ ਜਿਹਾ ਲੱਫੜ ਮਾਰ ਕੇ ਸੁਰਿੰਦਰ ਨੇ ਉਸ ਨੂੰ ਛੱਡ ਦਿੱਤਾ।

ਸੁਰਿੰਦਰ ਦੇ ਮਨ ਵਿਚ ਆਉਂਦੀ ਕਿ ਇਹ ਕੁੜੀ ਕਿੰਨੀ ਔਲੋ ਹੱਥੀ ਹੈ, ਪਰ ਹੈ ਨਿੱਕੀ ਜਿਹੀ। ਐਡੀ ਕੁ ਕੁੜੀ ਨੂੰ ਬੁਰੀ ਨਿਗਾਹ ਨਾਲ ਦੇਖਣਾ ਤਾਂ ਉਂਝ ਹੀ ਪਾਪ ਏ। ਉਸ ਨੂੰ ਉਹ ਛੇੜਦੀ ਰਹਿੰਦੀ, ਪਰ ਉਹ ਹੱਸ ਛੱਡਦਾ ਤੇ ਉਸ ਨੂੰ ਕੁਝ ਨਾਂ ਕਹਿੰਦਾ। ਉਹ ਕਿਸੇ ਤਰ੍ਹਾਂ ਛੇੜਦੀ ਰਹਿੰਦੀ। ਕਦੇ ਉਸ ਦੀ ਬੈਠਕ ਵਿਚ ਪਾਣੀ ਦਾ ਛਿੱਟਾ ਦੇ ਜਾਂਦੀ। ਕਦੇ ਰੋੜੀ ਮਾਰ ਜਾਂਦੀ। ਕਦੇ ਖੰਘ ਜਾਂਦੀ ਤੇ ਕਦੇ ਕੋਈ ਚੁਭਵੀਂ ਗੱਲ ਕਹਿ ਜਾਂਦੀ, ਪਰ ਸੁਰਿੰਦਰ ਉਸ ਨੂੰ ਨਿਆਣੀ ਸਮਝ ਕੇ ਹੱਸ ਛੱਡਦਾ। ਦਿਲੋਂ ਉਸ ਨੂੰ ਪਿਆਰ ਕਰਦਾ ਕਿ ਉਹ ਉਸ ਨੂੰ ਕਿੰਨਾ ਸ਼ਰਾਰਤੀ ਲਾਡ ਕਰਦੀ ਹੈ।

ਇਹ ਤਿੰਨੇ ਇਸ਼ਕ ਉਹਦੇ ਪੰਜ ਛੀ ਮਹੀਨਿਆਂ ਤੋਂ ਬਰਾਬਰ ਵਧੀਆ ਚੱਲ ਰਹੇ ਸਨ। ਉਸ ਦਾ ਪੱਬ ਧਰਤੀ 'ਤੇ ਮਸ਼ਾਂ ਟਿਕਦਾ। ਉਸ ਦੀ ਸੋਚ ਵਿਚ ਹਵਾ ਨੂੰ ਗੰਢਾਂ ਆਉਂਦੀਆਂ ਰਹਿੰਦੀਆਂ।

ਪੰਜ ਸੱਤ ਦਿਨ ਤਾਂ ਸੁਰਿੰਦਰ ਚੁੱਪ ਕਰਿਆ ਰਿਹਾ ਤੇ ਮਹਿਸੂਸ ਜਿਹਾ ਕਰਦਾ ਰਿਹਾ, ਪਰ ਦਸ ਕੁ ਦਿਨਾਂ ਬਾਅਦ ਉਹ ਹੈਰਾਨ ਰਹਿਣ ਲੱਗ ਪਿਆ ਕਿ ਕਾਲਜ ਵਾਲੀ ਕੁੜੀ ਹੁਣ ਕਦੇ ਬਾਹਰ ਕਿਉਂ ਨਹੀਂ ਨਿਕਲੀ। 'ਬਿਮਾਰ ਹੋਣੀ ਐ?; ਉਹ ਸਮਝਦਾ। ਬੀਮਾਰ ਹੋਵੇ ਤਾਂ ਕੋਈ ਡਾਕਟਰ ਘਰ ਆਉਂਦਾ ਜਾਂਦਾ ਹੋਵੇ ਜਾਂ ਉਹ ਆਪ ਕਦੇ ਡਾਕਟਰ ਦੇ ਜਾਂਦੀ ਦੇਖੀ ਹੋਵੇ। ਉਸ ਨੂੰ ਕੁਝ ਥਹੁ ਨਾ ਲਗਦਾ। ਪੰਦਰਾਂ ਦਿਨਾਂ ਬਾਅਦ ਸੁਰਿੰਦਰ ਨੇ ਉਸ ਨੂੰ ਦੇਖਿਆ। ਉਹ ਆਪਣੇ ਘਰ ਮੂਹਰੇ ਖੜ੍ਹੀ ਸਿਰ ਦੇ ਵਾਲ ਸੁਕਾਅ ਰਹੀ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ। ਉਹ ਉਸ ਵੱਲ ਝਾਕੀ ਤਾਂ ਓਵੇਂ ਜਿਵੇਂ ਸ਼ਰਾਰਤ ਭਰੀਆਂ ਅੱਖਾਂ ਨਾਲ ਮੁਸਕਰਾਈ।

ਚਿੱਟੀ ਸਾੜੀ ਵਾਲੀ ਤੀਵੀਂ ਨੇ ਉਸ ਨੂੰ ਇਹ ਗੱਲ ਦੱਸ ਕੇ ਪੈਰਾਂ ਥੱਲਿਓਂ ਮਿੱਟੀ ਕੱਢ ਦਿੱਤੀ ਕਿ ਕਾਲਜ ਵਿਚ ਪੜ੍ਹਦੀ, ਉਸ ਕੁੜੀ ਦੀ ਜਾਨ ਮਸਾਂ ਬਚੀ ਹੈ। 'ਜੂੰ ਜਿੰਨੀ ਕੁੜੀ ਐ। ਪਤਾ ਨੀ ਕਿੱਥੋਂ ਖੱਟ ਲਿਆਈ ਚੰਦਰੀ।'

ਪਰਵਾਸ

163