ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਆਣੀ ਸਮਝਦਾ ਸੀ ਤੇ ਉਸ ਨੂੰ ਕੁਝ ਕਹਿਣਾ ਪਾਪ ਸਮਝਦਾ ਸੀ, ਕਿਸ ਤਰ੍ਹਾਂ ਦੀ ਨਿਕਲੀ। ਉਹ ਨਰਸ ਕੁੜੀ ਏਸੇ ਕਰਕੇ ਤਾਂ ਉਹਦੇ ਨਾਲ ਕਿਸੇ ਇਮਤਿਹਾਨ ਵਿਚ ਪੈਣਾ ਨਹੀਂ ਚਾਹੁੰਦੀ ਕਿ ਉਸ ਨੂੰ ਪਹਿਲਾਂ ਹੱਥ ਲੱਗ ਚੁੱਕੇ ਸਨ। ਗੱਲਾਂ ਕਰਕੇ ਤੇ ਅੰਗਾਂ ਦੇ ਦੱਬਣ ਘੁਟਣ ਵਿਚੋਂ ਹੀ ਉਹ ਸਾਰੇ ਸੁਆਦ ਪੂਰੇ ਕਰ ਲੈਂਦੀ ਸੀ। ਉਹ ਉਸ ਨੂੰ ਕਿੰਨੀ ਚੰਗੀ ਸਮਝਦਾ ਸੀ। ਕਿਸੇ ਇਮਤਿਹਾਨ ਵਿਚ ਨਾ ਪੈਣ ਵਾਲੀ, ਉਸ ਦੀ ਗੱਲ ਦਾ ਉਹ ਸਿੱਕਾ ਮੰਨਦਾ ਸੀ, ਉਸ ਦੀ ਕਦਰ ਕਰਦਾ ਸੀ। ਸੋਚਦਾ ਸੀ ਕਿ ਉਹ ਕਿੱਡੀ ਪਤੀਵਰਤਾ ਇਸਤਰੀ ਬਣੇਗੀ ਤੇ ਇਸਤਰੀ ਧਰਮ ਵਿਚ ਕਿੰਨੀ ਪੱਕੀ ਸਾਬਤ ਹੋਵੇਗੀ। ਪਰ ਅੱਜ ਅੱਡੇ ਤੇ ਮਿਲੇ ਉਸ ਬੰਦੇ ਦੀਆਂ ਗੱਲਾਂ ਸੁਣ ਕੇ ਉਸ ਦੇ ਦਿਮਾਗ਼ ਵਿਚੋਂ ਸਭ ਕੁਝ ਧੋਤਾ ਗਿਆ ਸੀ।

ਉਸ ਨੇ ਇੱਕ ਘੰਟਾ ਅੱਖ ਲਾਈ ਹੋਵੇਗੀ ਕਿ ਉਸ ਦੀ ਬੈਠਕ ਦੇ ਤਖ਼ਤੇ ਖੜਕੇ। ਸਮਝਿਆ ਕਿ ਚਿੱਟੀ ਸਾੜੀ ਵਾਲੀ ਤੀਵੀਂ ਆ ਗਈ ਹੈ। ਉਹ ਢਿੱਲਾ ਢਿੱਲਾ ਉੱਠਿਆ ਤੇ ਬਾਰ ਖੋਲ੍ਹਕੇ ਦੇਖਿਆ, ਕੋਈ ਵੀ ਨਹੀਂ ਸੀ। ਉਸ ਨੇ ਬਾਹਰ ਨਿਕਲ ਕੇ ਦੇਖਿਆ, ਸੁੰਨ ਸਰਾਂ ਪਈ ਸੀ। ਬਾਹਰ ਕੋਈ ਵੀ ਨਹੀਂ ਸੀ। ਬੈਂਕ ਵਾਲੇ ਬਾਬੂ ਦੀ ਬੈਠਕ ਵਿਚ ਬਿਜਲੀ ਜਗ ਰਹੀ ਸੀ। ਉਹ ਦੱਬੇ ਪੈਰੀਂ ਓਧਰ ਨੂੰ ਤੁਰ ਪਿਆ। ਬਾਰੀ ਦੀਆਂ ਸੀਖਾਂ ਨੂੰ ਹੱਥ ਪਾ ਕੇ ਉਸ ਨੇ ਉਹ ਚੜ੍ਹਕੇ ਸ਼ੀਸ਼ਿਆਂ ਵਿਚ ਵੀ ਦੇਖਿਆ, ਖੋਦੀ ਦਾੜੀ ਤੇ ਚੁੰਨੀਆਂ ਅੱਖਾਂ ਵਾਲਾ ਪਹਿਲਵਾਨ ਡਰਾਈਵਰ ਬੈਠਕ ਵਿਚ ਖੜ੍ਹਾ ਆਪਣੇ ਬੂਟਾਂ ਦੇ ਫ਼ੀਤੇ ਖੋਲ੍ਹ ਰਿਹਾ ਸੀ ਤੇ ਤੀਵੀਂ ਬਾਰ ਦੀ ਚਿਟਕਣੀ ਲਾ ਰਹੀ ਸੀ। ਸੁਰਿੰਦਰ ਦੇ ਸਾਹ ਸੂਤੇ ਗਏ। ਉਹ ਉਨੀਂ ਪੈਰੀਂ ਆਪਣੀ ਬੈਠਕ ਵਿਚ ਮੰਜੀ 'ਤੇ ਆ ਡਿੱਗਿਆ ਤੇ ਉੱਤੋਂ ਖੇਸ ਲੈ ਕੇ ਅੱਖਾਂ ਮੀਚ ਲਈਆਂ। ਨੀਂਦ ਬਿਲਕੁੱਲ ਨਾ ਆਈ ਤੇ ਘੰਟਾ ਭਰ ਅੱਖਾਂ ਮੀਚ ਕੇ ਉਹ ਉੱਠ ਖੜੋਤਾ। ਟੂਟੀ ਦਾ ਪਾਣੀ ਆ ਗਿਆ ਸੀ। ਉਸ ਨੇ ਕੱਪੜੇ ਲਾਹੇ ਤੇ ਖ਼ਾਸਾ ਚਿਰ ਮਲ ਮਲ ਕੇ ਨਾਉਂਦਾ ਰਿਹਾ। ਨਾਲ ਦੀ ਨਾਲ ਉਸ ਦੇ ਦਿਮਾਗ਼ ਵਿਚ ਅਨੇਕਾਂ ਪ੍ਰਕਾਰ ਦੇ ਤੂਫ਼ਾਨ ਦੌੜਦੇ ਰਹੇ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਨੇ ਆਪਣੇ ਸਾਰੇ ਪਿੰਡੇ ਦੀ ਮੈਲ ਉਤਾਰ ਦਿੱਤੀ ਹੈ। ਅੰਗ ਅੰਗ ਨਿਖੇਰ ਲਿਆ ਹੈ।

ਸੂਰਜ ਚੜ੍ਹੇ ਤੋਂ ਉਹ ਤਿਆਰ ਹੋ ਕੇ ਅੰਡੇ ਵੱਲ ਨੂੰ ਜਾਣ ਲੱਗਿਆ, ਪਰ ਚਿੱਟੀ ਸਾੜ੍ਹੀ ਵਾਲੀ ਤੀਵੀਂ ਦੇ ਘਰ ਵੱਲ ਉਸ ਦਾ ਮੂੰਹ ਹੋ ਗਿਆ। ਤੀਵੀਂ ਇੱਕ ਤੌਲੀਏ ਨੂੰ ਥਾਪੀ ਨਾਲ ਕੁੱਟ ਕੁੱਟ ਧੋ ਰਹੀ ਸੀ। ਸੁਰਿੰਦਰ ਨੂੰ ਜਦ ਉਸ ਨੇ ਦੇਖਿਆ ਤਾਂ ਮੁਸਕਰਾਈ ਤੇ ਉਸ ਨੂੰ ਕੁਰਸੀ 'ਤੇ ਬੈਠ ਜਾਣ ਲਈ ਆਖਿਆ। ਸੁਰਿੰਦਰ ਦਾ ਮੂੰਹ ਬਣਿਆ ਹੋਇਆ ਸੀ। ਉਸ ਨੇ ਪੁੱਛਿਆ, 'ਬਾਊ ਜੀ, ਕਿੱਥੇ ਨੇ? ਪੁੱਛਣਾ ਸੀ ਬੈਂਕ 'ਚ ਅੱਜ ਛੁੱਟੀ ਤਾਂ ਨੀ? ਹੋਰ ਦਫ਼ਤਰ ਤਾਂ ਬੰਦ ਨੇ।' ਉਹ ਤੀਵੀਂ ਨੇ ਦੱਸਿਆ ਕਿ ਉਹ ਤਾਂ ਚਾਰ ਦਿਨ ਹੋ ਗਏ ਪਟਿਆਲੇ ਗਏ ਹੋਏ ਨੇ। ਸੁਰਿੰਦਰ ਸਭ ਕੁਝ ਸਮਝ ਗਿਆ ਤੇ ਬਿਨਾਂ ਹੋਰ ਕੁਝ ਬੋਲੇ ਅੱਡੇ ਨੂੰ ਤੁਰ ਪਿਆ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨੇ ਉਸ ਨੂੰ ਚਾਹ ਵੀ ਪੁੱਛੀ ਸੀ, ਪਰ ਉਹ ਬੋਲਿਆ ਨਹੀਂ ਸੀ।

ਉਸ ਦਿਨ ਉਹ ਅੱਡੇ ਤੋਂ ਛੁੱਟੀ ਲੈ ਕੇ ਸਿੱਧਾ ਆਪਣੇ ਘਰ ਪਿੰਡ ਨੂੰ ਆ ਗਿਆ ਤੇ ਚਾਰ ਦਿਨ ਪਿੰਡ ਹੀ ਰਿਹਾ। ਚਾਰੇ ਦਿਨ ਉਹ ਸੋਚਦਾ ਰਿਹਾ ਕਿ ਜ਼ਿੰਦਗੀ ਨੂੰ ਦੁਬਾਰਾ

ਪਰਵਾਸ

165