ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/168

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਅੱਜ ਜ਼ਰੂਰੀ ਐ? ਕੱਲ੍ਹ ਨੂੰ ਚਲੇ ਜਾਇਓ। ਤਵੇ 'ਤੇ ਅੱਗ ਮਚਾ ਦਿੰਨੇ ਓਂ ਤੁਸੀਂ ਤਾਂ?'

'ਕੀ ਆਖਿਐ ਮੈਂ ਤੈਨੂੰ...' ਮੈਂ ਕੜਕ ਕੇ ਬੋਲਿਆ ਹਾਂ। ਬੀਵੀ ਦੇ ਮੰਜੇ 'ਤੇ ਖੇਸ ਵਿਚ ਲਿਪਟੀ ਪਈ ਬੇਬੀ ਜਾਗ ਪਈ ਹੈ। ਉੱਭੜਵਾਹੇ ਉੱਠ ਬੈਠੀ ਹੈ। ਅੱਖਾਂ ਮਲ ਰਹੀ ਹੈ ਤੇ ਰੋ ਰਹੀ ਹੈ। ਬੀਵੀ ਉਸ ਨੂੰ ਦੁਬਾਰਾ ਮੰਜੇ 'ਤੇ ਪਾਉਂਦੀ ਹੈ ਤੇ ਉਸ ਦੀ ਪਿੱਠ ਥਾਪੜਦੀ ਹੈ। ਬੇਬੀ ਰੋ ਰਹੀ ਹੈ। 'ਆ ਬਾਬਾ, ਲਹੂ ਪੀ ਲਿਆ ਤੈਂ ਵੀ। ਨਾਲ ਈ ਉੱਠ ਖੜ੍ਹਦੀ ਐਂ। ਹੁਣੇ ਜਾਗ ਕੇ ਦੱਸ ਕੀ ਕਰਨਾ ਸੀ ਤੂੰ?' ਬੇਬੀ ਨੂੰ ਗੋਦੀ ਚੁੱਕ ਕੇ ਉਹ ਰਸੋਈ ਵਿਚ ਹੀ ਲੈ ਆਈ ਹੈ।

ਟੂਟੀ ਦਾ ਪਾਣੀ ਛੱਡ ਕੇ ਮੈਂ ਬਾਲਟੀ ਭਰੀ ਹੈ। ਕੱਪੜੇ ਉਤਾਰੇ ਹਨ ਤੇ ਨਹਾਉਣ ਲੱਗ ਪਿਆ ਹਾਂ। ਠੰਡਾ ਠੰਡਾ ਪਾਣੀ ਪਿੰਡੇ ਨੂੰ ਧੁੜਧੁੜੀ ਛੇੜ ਗਿਆ ਹੈ। ਇਕ ਤਰ੍ਹਾਂ ਨਾਲ ਸੁਆਦ ਜਿਹਾ ਵੀ ਆ ਰਿਹਾ ਹੈ।

ਮਈ, ਜੂਨ, ਜੁਲਾਈ ਅਤੇ ਅਗਸਤ ਦੇ ਮਹੀਨੇ ਛੱਡ ਕੇ ਹਮੇਸ਼ਾ ਹੀ ਮੈਂ ਗਰਮ ਪਾਣੀ ਨਾਲ ਨਹਾਉਂਦਾ ਹਾਂ। ਬਸ ਇੱਕ ਆਦਤ ਜਿਹੀ ਹੈ। ਇਹ ਆਦਤ ਪਰ ਆਪਣੇ ਘਰ ਵਿਚ ਹੀ ਹੈ। ਬਿਗਾਨੇ ਥਾਂ ਜਾ ਕੇ ਤਾਂ ਠੰਡਾ ਹੀ ਵਰਤੀਦਾ ਹੈ। ਭਾਵੇਂ ਦਸੰਬਰ-ਜਨਵਰੀ ਹੋਵੇ, ਬਿਗਾਨੇ ਥਾਂ ਕੌਣ ਦਿੰਦਾ ਹੈ, ਤੱਤਾ ਕਰਕੇ ਜਲੂਆ। ਕੋਈ ਖ਼ਾਸ ਥਾਂ ਹੋਵੇ, ਫਿਰ ਤਾਂ ਕਹਿ ਕੇ ਵੀ ਕਰਵਾ ਲਈਦਾ ਹੈ।

ਸਾਬਣ ਲਾਉਣ ਤੋਂ ਬਾਅਦ ਮੈਂ ਆਪਣੇ ਅੰਗਾਂ ਨੂੰ ਮਲ ਮਲ ਕੇ ਧੋ ਰਿਹਾ ਹਾਂ। ਡੌਲਿਆਂ ਦੀਆਂ ਕੁੱਕੜੀਆਂ ਤੇ ਪੱਟਾਂ ਦੀਆਂ ਘੁੱਗੀਆਂ 'ਤੇ ਰਗੜਵਾਂ ਹੱਥ ਫੇਰ ਕੇ ਮੈਨੂੰ ਕੋਈ ਮਿੱਠਾ ਜਿਹਾ ਅਹਿਸਾਸ ਹੁੰਦਾ ਹੈ। ਆਪਣੇ ਸਰੀਰ ਵਿਚੋਂ ਹੀ ਮੈਨੂੰ ਮਹਿਕ ਆਉਂਦੀ ਹੈ। ਮੈਂ ਆਪਣੇ ਪੱਟਾਂ, ਡੌਲਿਆਂ ਤੇ ਗਰਦਨ ਨਾਲ ਗੱਲਾਂ ਕਰਦਾ ਹਾਂ। ਦੂ ਆਖਿਆ ਕਰਦੀ ਸੀ-ਕੱਪੜੇ ਪਾਇਆਂ ਤੋਂ ਪਤਾ ਜਾ ਨੀ ਲਗਦਾ, ਅੰਦਰੋਂ ਥੋਡਾ ਸਰੀਰ ਖਿੱਦੋ ਵਾਂਗੂੰ ਮੜਿਆ ਪਿਐ।' ਗਰਦਨ 'ਤੇ ਹੱਥ ਫੇਰਦਿਆਂ ਮੈਨੂੰ ਯਾਦ ਆਉਂਦਾ ਹੈ, ਇੱਕ ਵਾਰੀ ਉਸ ਨੇ ਮੈਨੂੰ ਗਰਦਨ ਤੋਂ ਚੰਮਿਆ ਸੀ। ਮੈਨੂੰ ਮਹਿਸੂਸ ਹੁੰਦਾ ਹੈ, ਮੇਰੀ ਗਰਦਨ ਤੇ ਬੁੱਲ੍ਹ ਉੱਗ ਆਏ ਹਨ।

ਆਦਮ ਕੱਦ ਸ਼ੀਸ਼ੇ ਅੱਗੇ ਦਾੜੀ ਬੰਨ੍ਹ ਰਿਹਾ ਮੈਂ ਆਪਣੀਆਂ ਅੱਖਾਂ ਵਿਚੋਂ ਕੁੱਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੱਖਾਂ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਆਪਣੀਆਂ ਅੱਖਾਂ ਹੀ ਮੈਨੂੰ ਓਪਰੀਆਂ ਓਪਰੀਆਂ ਲੱਗ ਰਹੀਆਂ ਹਨ। ਆਪਣੀਆਂ ਅੱਖਾਂ 'ਤੇ ਜਿਵੇਂ ਮੈਨੂੰ ਵਿਸ਼ਵਾਸ ਨਹੀਂ ਰਿਹਾ ਹੈ। ਮੈਨੂੰ ਆਪਣਾ ਚਿਹਰਾ ਉਦਾਸ ਜਾਪਦਾ ਹੈ। ਸੋਚਦਾ ਹਾਂ, ਖੁਸ਼ੀ ਹੋਣੀ ਚਾਹੀਦੀ ਹੈ, ਉਦਾਸੀ ਕਿਉਂ? ਮੈਂ ਆਪਣੇ ਚਿਹਰੇ 'ਤੇ ਮੁਸ਼ਕਰਾਹਟ ਦਾ ਲੇਪ ਕਰਨਾ ਚਾਹੁੰਦਾ ਹਾਂ। ਠਾਠੀ ਬੰਨ੍ਹ ਰਿਹਾ ਗੁਣ ਗੁਣਾ ਰਿਹਾ ਹਾਂ... 'ਯੀਏ ਜੋ ਮੁਹੱਬਤ ਹੈ, ਬਸ ਉਨਕਾ ਹੈ ਉਨਕਾ ਹੈ ਕਾਮ...'

ਚਾਹ ਲਿਆ ਕੇ ਬੀਵੀ ਨੇ ਮੇਜ਼ 'ਤੇ ਰੱਖੀ ਹੈ। ਪੈਂਟ ਬਸ਼ਰਟ ਪਾ ਲਿਆ ਹੈ।‘ਜਾਲੀ 'ਚੋਂ ਬਰੈੱਡ ਦੇ ਪੀਸ ਰੱਖੀਂ, ਦੋ।ਜਾਮ ਵੀ ਦੇਈਂ।' ਮੈਂ ਬੀਵੀ ਨੂੰ ਕਿਹਾ ਹੈ। ਬਹੁਤ ਕਾਹਲ ਵਿਚ ਹਾਂ। ਪੌਣੇ ਸੱਤ ਹੋ ਗਏ ਹਨ। ਸੱਤ ਵਜੇ ਗੱਡੀ ਆ ਜਾਂਦੀ ਹੈ। ਸਟੇਸ਼ਨ ਦੇ ਕੋਲ ਹੀ

168
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ