ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਢੇਰੀ ਮਿੱਟੀ ਦੀ

"ਖੜ੍ਹ ਭਾਬੀ। ਮੈਂ ਲੁਹੌਨੀ ਆਂ। ਕੜ੍ਹੀ ਵਾਲਾ ਤਪਲਾ ਟੇਢਾ ਨਾ ਹੋ ਜੇ ਕਿਤੇ।" ਲੱਸੀ ਦੀ ਬਾਲਟੀ ਟਾਹਲੀ ਕੋਲ ਰੱਖ ਕੇ ਸ਼ਿੰਦਰ ਨੇ ਰੋਟੀਆਂ ਵਾਲੇ ਟੋਕਰੇ ਨੂੰ ਹੱਥ ਪਾਇਆ। ਚਾਰ ਬਾਹਵਾਂ ਦੇ ਵੰਗਣੇ ਨੇ ਟੋਕਰਾ ਲੱਸੀ ਦੀ ਬਾਲਟੀ ਦੇ ਨਾਲ ਲੱਗਵਾਂ ਹੀ ਧਰ ਦਿੱਤਾ। ਕੱਚੇ ਡਲਿਆਂ ਦੇ ਅੜ੍ਹੋਕਣ ਲਾ ਦਿੱਤੇ।

"ਦੀ.. ਦੀਪਿਆ...ਵੇ ਦੀਪ...।" ਸ਼ਿੰਦਰ ਨੇ ਉੱਚੀ ਉੱਚੀ ਹਾਕਾਂ ਮਾਰੀਆਂ। ਟਰੈਕਟਰ ਦੇ ਖੜਕੇ ਵਿਚ ਦੀਪ ਦੇ ਕੰਨਾਂ ਤੀਕ ਕੋਈ ਆਵਾਜ਼ ਨਾ ਪਹੁੰਚੀ। "ਲੀਲਿਆ, ਜਾਹ, ਤੂੰ ਜਾਹ ਵੇ।ਟਰੈਕਟਰ ਮੂਹਰੇ ਹੋ ਕੇ ਦੱਸ ਮਾਮੇ ਨੂੰ" ਨਾਲ ਆਏ ਆਪਣੇ ਛੀ ਸੱਤ ਸਾਲ ਦੇ ਮੁੰਡੇ ਨੂੰ ਸਿਕੰਦਰ ਨੇ ਆਖਿਆ। ਮੁੰਡਾ ਟਰੈਕਟਰ ਵੱਲ ਸਿਰ ਮਦਾਨ ਭੱਜਿਆ।

ਦੋ ਵਿੱਘੇ ਕਣਕ ਦੇ ਵੱਢ ਨੂੰ ਪਰਸੋਂ ਹੀ ਟਿਊਬਵੈੱਲ ਦਾ ਪਾਣੀ ਲਾਇਆ ਗਿਆ ਸੀ। ਚਰ੍ਹੀ ਬੀਜਣ ਵਾਸਤੇ ਦੀਪ ਅੱਜ ਸਵੇਰ ਤੋਂ ਹੀ ਉਸ ਨੂੰ ਤਵੀਆਂ ਵਾਲੇ ਹਲਾਂ ਨਾਲ ਵਾਹ ਰਿਹਾ ਸੀ। ਪਰ੍ਹੇ ਦੂਰ ਸਾਰੇ ਇੱਕ ਸੀਰੀ ਤੇ ਚਾਰ ਦਿਹਾੜੀਏ ਥੋੜ੍ਹੀ ਜਿਹੀ ਰਹਿੰਦੀ ਕਣਕ ਵੱਢ ਰਹੇ ਸਨ।

ਨਣਦ-ਭਰਜਾਈ ਰੋਟੀਆਂ ਵਾਲੇ ਟੋਕਰੇ ਦੇ ਕੋਲ ਬੈਠ ਗਈਆਂ ਤੇ ਰੋਟੀ ਖਾਣ ਵਾਲਿਆ ਦੀ ਉਡੀਕ ਕਰਨ ਲੱਗੀਆਂ।

ਸਾਰੇ ਜਣੇ ਰੋਟੀ ਖਾ ਕੇ ਆਪਣੇ ਕੰਮ 'ਤੇ ਜਾ ਲੱਗੇ। ਭਾਬੀ ਭਾਂਡੇ ਮਾਂਜਣ ਲੱਗੀ। ਸਿੰਦਰ ਲੀਲੇ ਨੂੰ ਉਂਗਲੀ ਲਾ ਕੇ ਟਿਊਬਵੈੱਲ ਵੱਲ ਤੁਰ ਪਈ।

ਟਿਊਬਵੈੱਲ ਵਾਲੇ ਕਮਰੇ ਦੇ ਸੱਜੇ ਹੱਥ ਵਿਹਲੀ ਪਈ ਥਾਂ 'ਤੇ ਜੋ ਇੱਕ ਥੜ੍ਹਾ ਜਿਹਾ ਉਭਰਿਆ ਹੁੰਦਾ ਸੀ, ਉਹ ਹੁਣ ਨਹੀਂ ਸੀ। ਉੱਥੇ ਤਾਂ ਜ਼ਮੀਨ ਪੱਧਰ ਕਰ ਦਿੱਤੀ ਗਈ ਸੀ। ਥੜ੍ਹੇ ਵਾਲੀ ਥਾਂ ਦਾ ਤਾਂ ਕੋਈ ਨਾ-ਨਿਸ਼ਾਨ ਨਹੀਂ ਸੀ ਰਿਹਾ। ਇਕ ਬਿੰਦ ਉਹ ਥਾਂ ਦੀ ਥਾਂ ਖੜ੍ਹੀ ਸੋਚਦੀ ਰਹੀ-ਥੜ੍ਹਾ ਕਾਹਨੂੰ ਪੱਟਣਾ ਸੀ ਕਿਸੇ ਨੇ? ਲੀਲਾ ਕਮਰੇ ਦਾ ਕੁੰਡਾ ਖੋਲ ਕੇ ਟਿਊਬਵੈੱਲ ਦੀ ਮੋਟਰ ਨੂੰ ਹੱਥ ਲਾ ਲਾ ਦੇਖਣ ਲੱਗ ਪਿਆ ਸੀ। ਉਹ ਖ਼ਾਲ ਦੀ ਵੱਟ 'ਤੇ ਬੈਠ ਗਈ ਅਤੇ ਕਣਕ ਦੀ ਤੀਲ ਨਾਲੋਂ ਡੱਕਾ ਤੋੜ ਕੇ ਦੰਦ ਖੁਰਚਣ ਲੱਗੀ।

ਸਿੰਦਰ ਪ੍ਰੈੱਪ ਵਿਚ ਪੜ੍ਹਦੀ ਸੀ। ਕਾਲਜ ਪਿੰਡ ਤੋਂ ਦੋ ਕੁ ਮੀਲ ਹੀ ਸੀ। ਉਸ ਪਿੰਡ ਦੇ ਮੁੰਡੇ ਕੁੜੀਆਂ ਸਾਈਕਲਾਂ 'ਤੇ ਕਾਲਜ ਜਾਂਦੇ। ਆਲੇ ਦੁਆਲੇ ਦੇ ਹੋਰ ਕਈ ਪਿੰਡਾਂ ਤੋਂ ਵੀ ਏਸੇ ਤਰ੍ਹਾਂ ਮੁੰਡੇ ਕੁੜੀਆਂ ਸਾਈਕਲਾਂ 'ਤੇ ਕਾਲਜ ਆਉਂਦੇ ਸਨ। ਦਸ ਬਾਰਾਂ ਪਿੰਡਾਂ ਦੇ ਵਿਚਕਾਰ ਇਹ ਇੱਕ ਭਰਪੂਰ ਕਾਲਜ ਸੀ। ਨਾਲ ਦੇ ਪਿੰਡ ਦਾ ਇੱਕ ਮੁੰਡਾ ਸੰਤੋਖ

ਇੱਕ ਢੇਰੀ ਮਿੱਟੀ ਦੀ

35