ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੀੜ ਵਿੱਚ ਗੁਆਚਿਆ ਚਿਹਰਾ

ਕਈ ਮਹੀਨਿਆਂ ਬਾਅਦ ਅੱਜ ਮੈਂ ਬਾਜ਼ਾਰ ਵਿਚ ਆਇਆ ਹਾਂ। ਸਦਰ ਬਾਜ਼ਾਰ ਵਿਚ। ਦਿਨ ਢਲ ਰਿਹਾ ਹੈ, ਬਾਜ਼ਾਰ ਦੀ ਰੋਣਕ ਵਧ ਰਹੀ ਹੈ। ਰੌਣਕ ਨਹੀਂ, ਬਜ਼ਾਰ ਦੀ ਭੀੜ ਵਧ ਰਹੀ ਹੈ। ਉੱਖੜੀਆਂ ਉੱਖੜੀਆਂ ਅੱਖਾਂ ਨਾਲ ਮੈਂ ਚਿਹਰੇ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇੱਕ ਚਿਹਰਾ ਅਜੇ ਸੰਵਾਰ ਕੇ ਦੇਖਿਆ ਵੀ ਨਹੀਂ ਹੁੰਦਾ ਕਿ ਦੂਜਾ ਸਾਹਮਣੇ ਆ ਜਾਂਦਾ ਹੈ। ਇਸੇ ਤਰ੍ਹਾਂ ਤੀਜਾ, ਚੌਥਾ ਤੇ ਕਿੰਨੇ ਹੀ ਬੇਪਛਾਣ ਚਿਹਰੇ। ਬੇਪਛਾਣ? ਨਹੀਂ। ਲੱਗਦਾ ਹੈ, ਜਿਵੇਂ ਹਰ ਚਿਹਰੇ ਨੂੰ ਹੀ ਮੈਂ ਜਾਣਦਾ ਹਾਂ। ਹਰ ਚਿਹਰੇ ਦੀ ਜਿਵੇਂ ਪਹਿਲਾਂ ਤੋਂ ਹੀ ਮੇਰੇ ਨਾਲ ਬੱਝੀ ਸਾਂਝ ਜਿਹੀ ਹੋਵੇ। ਮਨ ਵਿਚ ਸ਼ੰਕਾ ਉੱਠਦਾ ਹੈ ਜਾਣਦਾ ਤਾਂ ਹਾਂ ਪਰ ਭੁੱਲ ਗਿਆ ਹਾਂ। ਆਪਣੇ ਦਿਮਾਗ਼ ਵਿਚੋਂ ਚਿੱਟਾ ਬੱਦਲ ਪਰ੍ਹੇ ਹਟਾਉਣ ਦੀ ਕੋਸ਼ਿਸ਼ ਕਰਦਾ ਹਾਂ। ਨੀਵੀਂ ਪਾਈ ਹੋਈ ਹੈ। ਅੱਖਾਂ ਦੇ ਜ਼ਾਵੀਏ ਧਰਤੀ ਵਿਚ ਸ਼ਾਇਦ ਦੂਰ ਤੀਕ ਜਾ ਧਸੇ ਹਨ। ਭੁੱਲ ਦਾ ਬਦਲ ਜਰਾ ਕੁ ਹਲਕਾ ਪਿਆ ਹੈ। ਨਜ਼ਰਾਂ ਉਠਾਉਂਦਾ ਹਾਂ। ਪਲਕਾਂ ਦੇ ਛੱਪਰ ਭਾਰੇ ਹਨ। ਉਹ ਚਿਹਰਾ ਤਾਂ ਉੱਥੇ ਹੈ ਹੀ ਨਹੀਂ। ਭੀੜ ਵਿਚ ਪਤਾ ਨਹੀਂ ਕਿੱਥੇ ਚਲਿਆ ਗਿਆ ਹੈ। ਕਿਤੇ ਦੀ ਕਿਤੇ ਲੰਘ ਗਿਆ ਹੈ। ਚਿਹਰਿਆਂ ਦੀ ਭੀੜ ਵਿਚ ਮੈਂ ਇਕੱਲਾ ਹਾਂ। ਆਪਣਾ ਚਿਹਰਾ ਵੀ ਮੈਥੋਂ ਗੁਆਚ ਜਾਣਾ ਚਾਹੁੰਦਾ ਹੈ।

ਪੈਰਾਂ ਵਿਚ ਕਾਲੇ ਚਮੜੇ ਦੀਆਂ ਚਪਲੀਆਂ। ਓਹੀ ਹਲਕਾ ਪੀਲਾ ਬਲਾਊਜ਼, ਓਹੀ ਬਿਸਕੁਟੀ ਰੰਗ ਦੀ ਸਾੜ੍ਹੀ-ਕੰਨੀ 'ਤੇ ਦੋ ਬਰੀਕ ਬਰੀਕ ਕਾਲੀਆਂ ਧਾਰੀਆਂ। ਬਿਲਕੁਲ ਉਹੀ। ਇਹ ਤਾਂ ਉਹੀ ਹੈ, ਪਰ ਐਨੀ ਮੋਟੀ ਕਿਉਂ ਹੋ ਗਈ? ਸੋਚਦਾ ਹਾਂ-ਵਿਆਹ ਕਰਵਾਉਣ ਪਿੱਛੋਂ ਕੁੜੀਆਂ ਅਕਸਰ ਮੋਟੀਆਂ ਹੋ ਜਾਂਦੀਆਂ ਹਨ। ਮੈਂ ਸੋਚ ਵਾਲੀ ਰੇਖਾ ਤੋਂ ਪੱਲਾ ਛੁਡਾਉਂਦਾ ਹਾਂ ਤੇ ਅੱਖਾਂ ਝਮਕਦਾ ਹਾਂ। ਉਹ ਤਾਂ ਕਿੰਨੀ ਹੀ ਦੂਰ ਨਿਕਲ ਗਈ ਹੈ। ਉਸ ਦਾ ਤਾਂ ਸਿਰ ਹੀ ਸਿਰ ਦਿਸਦਾ ਹੈ ਜਾਂ ਮੋਢੇ ਤੇ ਜਾਂ ਕਦੇ ਕਦੇ ਵੱਖੀਆਂ ਤੋਂ ਥੱਲੇ ਸਾੜ੍ਹੀ ਵਿਚ ਲਿਪਟੇ ਬੇਮਮੂਲੇ ਜਿਹੇ ਢਾਕਾਂ ਦੇ ਉਭਾਰ। ਮੇਰੀ ਸੋਚ ਵਿਚ ਮਨਫ਼ੀ ਦਾ ਚਿੰਨ੍ਹ ਪਤਾ ਨਹੀਂ ਕਿੱਥੋਂ ਆ ਚਿਪਕਦਾ ਹੈ। ਇਹ ਉਹ ਨਹੀਂ ਸੀ। ਉਹ ਹੁੰਦੀ ਤਾਂ ਝਾਕ ਦੀ ਨਾ? ਝਾਕਦੀ ਤਾਂ ਥਾਂ ਦੀ ਥਾਂ ਠਹਿਰ ਜਾਂਦੀ? ਕਿੰਨੇ ਤਾਂ ਖ਼ਤ ਪਾਏ ਸਨ, ਉਸ ਨੇ... 'ਬਸ ਇਕ ਵਾਰੀ ਆ ਕੇ ਮਿਲ ਜਾਓ ਮੈਨੂੰ। ਜੇ ਨਹੀਂ ਮਿਲਣਾ ਤਾਂ ਤੁਹਾਡੀ ਮਰਜ਼ੀ। ਤੁਹਾਡੇ 'ਤੇ ਮੇਰਾ ਕੀ ਜ਼ੋਰ ਹੈ? ਪਰ ਮੈਨੂੰ ਮਿਲੋ ਵੀ ਕਿਉਂ ਤੁਸੀਂ? ਫਸਾ ਲਿਆ ਹੋਣੈ ਕਿਸੇ ਸੌਕਣ ਮੇਰੀ ਨੇ ਤੁਹਾਨੂੰ। ਸੁਣਿਐ? ਹੁਣ ਤਾਂ ਪਰੀਆਂ ਵਰਗੀਆਂ ਕੁੜੀਆਂ ਵਿਚ ਰਹਿੰਦੇ ਹੋ। ਬੱਸ, ਮੈਂ ਜਾਣ ਗਈ। ਮੇਰੀ ਕਦਰ ਹੁਣ ਕਿੱਥੇ।'

54

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ