ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਫ਼ਲਤਾ ਮਿਲਦੀ। ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਸੀ। ਲੋਕ ਉਹ ਨੂੰ ਆਦਰ ਨਾਲ ਮਿਲਦੇ, ਚਾਹ ਪਾਣੀ ਪਿਆਉਂਦੇ ਤੇ ਵੀਹਾਂ ਦਾ ਨੋਟ ਕੱਢ ਕੇ ਉਹ ਨੂੰ ਫੜਾ ਦਿੰਦੇ। ਆਪਣੀ ਨੋਟ ਬੁੱਕ ਵਿਚ ਉਹ ਅਗਲੇ ਦਾ ਨਾਉਂ ਨੋਟ ਕਰ ਲੈਂਦਾ।

ਗਰਮੀਆਂ ਦੇ ਦਿਨ ਸਨ। ਉਹ ਇੱਕ ਦੂਰ ਪਿੰਡ ਗਿਆ। ਉਥੋਂ ਦੇ ਤਿੰਨ ਚਾਰ ਮੁੰਡੇ ਉਹ ਦੇ ਪੁਰਾਣੇ ਵਿਦਿਆਰਥੀ ਸਨ। ਇੱਕ ਮੁੰਡਾ ਬੱਸ ਕੰਡਕਟਰ ਸੀ ਤੇ ਉਹ ਨੂੰ ਆਮ ਹੀ ਮਿਲਦਾ ਰਹਿੰਦਾ। ਪਹਿਲਾਂ ਉਹ ਕੰਡਕਟਰ ਮੁੰਡੇ ਦੇ ਘਰ ਹੀ ਗਿਆ। ਉਹ ਮਿਲਿਆ ਨਾ। ਰਾਤ ਨੂੰ ਆਉਂਦਾ ਹੁੰਦਾ-ਆਪਣੀ ਡਿਊਟੀ ਭੁਗਤਾ ਕੇ। ਉਹ ਵੀ ਤੀਜੇ ਚੌਥੇ ਦਿਨ। ਕੰਡਕਟਰ ਮੁੰਡੇ ਦੇ ਘਰ ਉਹ ਨੇ ਪਾਣੀ ਪੀਤਾ ਤੇ ਮੁੰਡੇ ਦੀ ਮਾਂ ਕੋਲ ਇੱਕ ਹੋਰ ਮੁੰਡੇ ਦਾ ਨਾਉਂ ਲਿਆ। ਉਨ੍ਹਾਂ ਦੀ ਨਿੱਕੀ ਕੁੜੀ ਉਹਨੂੰ ਉਹ ਦੇ ਘਰ ਛੱਡ ਆਈ। ਉਸ ਦਾ ਘਰ ਦੂਜੇ ਅਗਵਾੜ ਸੀ।

ਦਰਵਾਜ਼ੇ ਵਿਚ ਖੜ੍ਹ ਕੇ ਮਾਸਟਰ ਨੇ ਬੋਲ ਮਾਰਿਆ। ਉਹ ਘਰ ਹੀ ਸੀ। ਸਿਰ ਦੇ ਵਾਲਾਂ ਦੀ ਜਟੂਰੀ ਬੰਨ੍ਹੀ ਹੋਈ, ਵਿਚਕਾਰੋਂ ਮੁੰਨੇ। ਗਲ੍ਹ 'ਕੱਲੀ ਚਿੱਟੀ ਬੁਨੈਣ ਤੇ ਤੇੜ ਹਲਕੇ ਨੀਲੇ ਰੰਗ ਦੀ ਟੇਰੀਕਾਟ ਦਾ ਚਾਦਰਾ। ਪੈਰੋਂ ਨੰਗਾ, ਉਹ ਭੱਜਿਆ ਭੱਜਿਆ ਅੰਦਰੋਂ ਸਬਾਤ ਵਿਚੋਂ ਨਿਕਲ ਕੇ ਆਇਆ। ਅੱਖਾਂ ਦੱਸਦੀਆਂ ਸਨ, ਸੁੱਤਾ ਉੱਠ ਕੇ ਆਇਆ ਹੈ। ਆਉਂਦੇ ਹੀ ਉਹ ਨੇ ਮਾਸਟਰ ਦੇ ਗੋਡੀਂ ਹੱਥ ਲਾਇਆ। ਵੀਹੀ ਵਿਚ ਖੜ੍ਹਾ ਮਾਸਟਰ ਦਾ ਸਾਈਕਲ ਉਹ ਨੇ ਆਪ ਹੀ ਦਰਵਾਜ਼ੇ ਵਿਚ ਲਿਆਂਦਾ ਤੇ ਇੱਕ ਕੰਧ ਨਾਲ ਟਿਕਾ ਦਿੱਤਾ। ਮਾਸਟਰ ਦੇ ਇੱਕ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿਚ ਫੜ ਕੇ ਉਹ ਉਹ ਨੂੰ ਅੰਦਰਲੀ ਬੈਠਕ ਵਿਚ ਲੈ ਗਿਆ। ਬੈਠਕ ਵਿਚ ਛੱਤ ਉਤਲਾ ਬਿਜਲੀ ਪੱਖਾ ਲੱਗਿਆ ਹੋਇਆ ਸੀ, ਉਹ ਨੇ ਪੱਖਾ ਚਲਾ ਦਿੱਤਾ। ਮਾਸਟਰ ਜੰਗੀਰ ਸਿੰਘ ਸੋਫ਼ੇ 'ਤੇ ਬੈਠ ਗਿਆ। ਨਿਰਭੈ ਸਬਾਤ ਵੱਲ ਗਿਆ ਤੇ ਠੰਡੇ ਪਾਣੀ ਦਾ ਜੰਗ ਲੈ ਆਇਆ। ਸਟੀਲ ਦਾ ਗਿਲਾਸ ਵੀ। ਉਹ ਨੇ ਬੜੇ ਮੋਹ ਨਾਲ ਮਾਸਟਰ ਨੂੰ ਪਾਣੀ ਪਿਆਇਆ। ਪੁੱਛਿਆ-"ਸ਼ਕੰਜਵੀ ਪੀਉਂਗੇ ਜਾਂ ਚਾ?"

-'ਕੁਛ ਵੀ ਪਿਆ ਦੇ, ਤੇਰੀ ਇੱਛਾ ਐ ਨਿਰਭੈ ਸਿਆਂ।'

-"ਨਾ ਦੱਸੋ ਤੁਸੀਂ, ਜਾਂ ਦੁੱਧ ਈ ਲਾਹ ਲਿਆਮਾਂ?"

-"ਦੁੱਧ ਤੌੜੀ ਦਾ? ਲਾਲ ਲਾਲ, ਸੂਹਾ ਸੂਹਾ?"

-"ਹਾਂ ਜੀ।"

"ਹਾਂ ਜੀ ਕਹਿੰਦਾ ਨਿਰਭੈ ਉਹ ਨੂੰ ਓਨਾ ਹੀ ਭੋਲਾ ਜਿਹਾ ਲੱਗਿਆ, ਜਿਵੇਂ ਉਹ ਕਲਾਸ ਵਿਚ ਬੋਲਦਾ ਹੁੰਦਾ ਸੀ। ਮਾਸਟਰ ਕਹਿੰਦਾ, "ਹਾਂ ਯਾਰ, ਦੁੱਧ ਪਿਆ ਤੌੜੀ ਦਾ। ਤਰਸ 'ਗੇ ਏਸ ਦੁੱਧ ਨੂੰ ਤਾਂ। ਬੱਸ, ਮਾਂ ਦੇ ਹੱਥੋਂ ਈ ਪੀ ਲਿਆ ਇਹ ਦੁੱਧ ਤਾਂ।"

ਨਿਰਭੈ ਜੱਗ ਵਿਚ ਦੁੱਧ ਲੈ ਆਇਆ। ਖੰਡ ਦੀ ਕੜਛੀ ਉਹ ਓਧਰੋਂ ਹੀ ਦੁੱਧ ਵਿਚ ਖੋਰ ਲਿਆਇਆ ਸੀ। ਗੇਰੂਏ ਦੁੱਧ ਵਿਚ ਮੋਟੀ ਤਹਿ ਦੀ ਮਲਿਆਈ ਦੀਆਂ ਕਾਤਰਾਂ ਤੈਰ ਰਹੀਆਂ ਸਨ। ਉਹ ਦੁੱਧ ਪੀਣ ਲੱਗੇ। ਮਾਸਟਰ ਉਹ ਨੂੰ ਪੁੱਛਣ ਲੱਗਿਆ-"ਦਸਵੀਂ ਤੋਂ ਬਾਅਦ ਕੀ ਕੀਤਾ ਫੇਰ?" ਮਾਸਟਰ ਜੰਗੀਰ ਸਿੰਘ ਨੂੰ ਨਿਰਭੈ ਮੁੜਕੇ ਕਦੇ ਨਹੀਂ ਮਿਲਿਆ ਸੀ।

72

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ