ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੰਨੀਂ ਦੇਖ, ਮੇਰੇ ਕੁੱਛ ਵੀ ਨਹੀਂ। ਤੇਰੇ ਮੁੰਡਾ ਹੋਇਆ ਤਾਂ ਸਹੀ। ਰੱਬ ਉਹਨੂੰ ਲੈ ਗਿਆ। ਫੇਰ ਤੇਰੇ ਚਾਰ ਕੁੜੀਆਂ ਤਾਂ ਹਨ। ਕੁੜੀਆਂ ਵਿਆਹੇਂਗਾ ਤਾਂ ਤੇਰੇ ਚਾਰੇ ਜਮਾਈ ਤੇਰੇ ਚਾਰ ਪੁੱਤ ਹੋਣਗੇ।"

ਰਾਮ ਨਰਾਇਣ ਨੂੰ ਗੋਬਿੰਦਪਰੇ ਆਇਆਂ ਦੋ ਸਾਲ ਹੋ ਗਏ ਸਨ। ਪਿਛਲੀ ਵਾਰੀ ਉਹ ਓਦੋਂ ਆਇਆ ਸੀ, ਜਦ ਉਨ੍ਹਾਂ ਦੇ ਘਰਾਂ ਵਿਚੋਂ ਉਹ ਦੇ ਦਾਦੇ ਦੇ ਭਰਾ ਦੇ ਪੋਤੇ ਦੀ ਕੁੜੀ ਦਾ ਵਿਆਹ ਸੀ।ਓਦੋਂ ਵੀ ਇਸ ਕਰਕੇ ਕਿ ਉਹ ਇਸ ਕੁੜੀ ਦਾ ਵਿਚੋਲਾ ਸੀ। ਉਹ ਦਾ ਸਾਕ ਪਟਿਆਲੇ ਹੀ ਆਪਣੇ ਇੱਕ ਕੁਲੀਗ ਦੇ ਸਕੂਲ ਅਧਿਆਪਕ ਮੁੰਡੇ ਨੂੰ ਲੈ ਗਿਆ ਸੀ। ਨਹੀਂ ਤਾਂ ਹੁਣ ਉਹਦੇ ਲਈ ਆਪਣੇ ਪਿੰਡ ਗੇੜਾ ਮਾਰਨਾ ਮੁਸ਼ਕਲ ਸੀ। ਨਾਲੇ ਉਨ੍ਹਾਂ ਦਾ ਹੁਣ ਇਸ ਪਿੰਡ ਵਿਚ ਕੀ ਰਹਿ ਗਿਆ ਸੀ? ਜ਼ਮੀਨ ਉਨ੍ਹਾਂ ਕੋਲ ਨਹੀਂ ਸੀ। ਇੱਕ ਘਰ ਸੀ, ਜਿਹੜਾ ਉਸ ਦੇ ਬਾਪ ਨੇ ਪਟਿਆਲੇ ਜਾ ਕੇ ਵਸਣ ਬਾਅਦ ਸ਼ਰੀਕਾਂ ਨੂੰ ਵੇਚ ਦਿੱਤਾ ਸੀ। ਫੇਰ ਵੀ ਪਿੰਡ ਦੀ ਮਿੱਟੀ ਦਾ ਇੱਕ ਮੋਹ ਸੀ, ਜਿਹੜਾ ਉਸ ਨੂੰ ਕਦੇ ਕਦੇ ਇੱਥੇ ਖਿੱਚ ਲਿਆਉਂਦਾ। ਤੇ ਫੇਰ ਹਰਦੇਵ ਸਿੰਘ ਇਥੇ ਜੁ ਸੀ। ਭਾਵੇਂ ਉਹ ਕਿੰਨੇ ਹੀ ਸਾਲਾਂ ਬਾਅਦ ਮਿਲਦੇ ਹੋਣ, ਹਰਦੇਵ ਸਿੰਘ ਨਾਲ ਗੱਲਾਂ ਕਰਕੇ ਉਹ ਦਾ ਮਨ ਹੌਲਾ ਹੋ ਜਾਂਦਾ। ਜਦੋਂ ਵੀ ਉਹ ਮਿਲਦੇ, ਇਕੱਠੇ ਰਾਤ ਕੱਟਦੇ। ਗੱਲਾਂ ਵਿਚ ਹੀ ਰਾਤ ਲੰਘ ਜਾਂਦੀ। ਹਰਦੇਵ ਸਿੰਘ ਵੀ ਕਦੇ ਕਦੇ ਉਹ ਦੇ ਕੋਲ ਪਟਿਆਲੇ ਰਹਿ ਆਉਂਦਾ।

ਪਿੰਡ ਦੇ ਫਲ੍ਹੇ ਵਾਰਗੇ ਉਹ ਪਹੁੰਚਿਆ ਤਾਂ ਪਹਿਲਾਂ ਉਹ ਨੂੰ ਹਰਦੇਵ ਸਿੰਘ ਦਾ ਬਾਹਰਲਾ ਘਰ ਦਿਸਿਆ। ਬਾਹਰਲੇ ਘਰ ਦੀ ਬੈਠਕ 'ਤੇ ਲੱਗਿਆ ਐਂਟੀਨਾ। ਇਹ ਬੈਠਕ ਉਹ ਨੇ ਆਏ ਗਏ ਬੰਦੇ ਵਾਸਤੇ ਰੱਖੀ ਹੋਈ ਸੀ। ਓਥੇ ਅਗਲੇ ਨੂੰ ਬਿਠਾਉਂਦਾ, ਓਥੇ ਹੀ ਉਹ ਦੀ ਸੇਵਾ ਕਰਦਾ। ਰਾਤ ਕਿਸੇ ਨੇ ਠਹਿਰਨਾ ਹੁੰਦਾ ਤਾਂ ਓਸੇ ਬੈਠਕ ਵਿਚ। ਰਾਮ ਨਰਾਇਣ ਥੋੜ੍ਹਾ ਅੱਗੇ ਹੋਇਆ ਤਾਂ ਹਰਦੇਵ ਸਿੰਘ ਦਾ ਅੰਦਰਲਾ ਘਰ ਵੀ ਦਿਸ ਪਿਆ। ਬਾਹਰਲੇ ਘਰ ਦੇ ਅੱਗੋਂ ਦੀ ਲੰਘ ਕੇ ਹੀ ਅੰਦਰਲਾ ਘਰ ਸੀ। ਉਹ ਅੰਦਰਲੇ ਘਰ ਹੀ ਜਾਣਾ ਚਾਹੁੰਦਾ ਸੀ। ਉਹ ਬਾਹਰਲੇ ਘਰ ਕਿਉਂ ਜਾਵੇ? ਉਹ ਕੋਈ ਓਪਰਾ ਥੋੜ੍ਹਾ ਸੀ। ਹਰਦੇਵ ਸਿੰਘ ਦੇ ਅੰਦਰਲੇ ਘਰ ਅੱਗੇ ਖੜ੍ਹ ਕੇ ਉਹ ਖੰਘਿਆ। ਨਾਲ ਦੀ ਨਾਲ ਉਹ ਦੀ ਨਿਗਾਹ ਉਨ੍ਹਾਂ ਦੇ ਆਪਣੇ ਘਰ ਵੱਲ ਚਲੀ ਗਈ। ਜੋ ਹੁਣ ਉਨ੍ਹਾਂ ਦਾ ਨਹੀਂ ਰਹਿ ਗਿਆ ਸੀ। ਸ਼ਰੀਕਾਂ ਦਾ ਕਬਜ਼ਾ ਸੀ। ਉਨ੍ਹਾਂ ਦਾ ਇਹ ਘਰ ਖਰੀਦ ਕੇ ਸ਼ਰੀਕ ਜਿਵੇਂ ਉੱਚਾ ਬਣਾ ਬੈਠਾ ਹੋਵੇ। ਉਹ ਜਿਵੇਂ ਨੀਵੇਂ ਰਹਿ ਗਏ ਹੋਣ। ਸ਼ਰੀਕ ਭਾਵੇਂ ਸਾਰੀ ਉਮਰ ਤੋਂ ਬਾਣੀਆਂ ਦਾ ਕਰਜ਼ਾਈ ਸੀ, ਪਰ ਸ਼ਰੀਕਾਂ ਦੀ ਜਾਇਦਾਦ ਖਰੀਦ ਕੇ ਉਹ ਫੇਰ ਵੀ ਉੱਚਾ ਸੀ। ਬੈਂਕ ਵਿਚ ਪੈਸਾ ਜਮ੍ਹਾਂ ਰੱਖਣ ਵਾਲੇ ਪਟਿਆਲੀਏ ਉਹ ਦੇ ਕੋਲੋਂ ਫੇਰ ਵੀ ਨੀਵੇਂ ਸਨ।

ਇੱਕ ਖੰਘੂਰ ਉਹ ਨੇ ਹੋਰ ਮਾਰੀ। ਨਾਲ ਦੀ ਨਾਲ ਉਹ ਦੀ ਨਿਗਾਹ ਹਰਦੇਵ ਸਿੰਘ ਦੇ ਮਹਿਰਾਬੀ ਬਾਰ 'ਤੇ ਚਲੀ ਗਈ। ਅਸਮਾਨ ਵਿਚ ਚੰਦ ਪੂਰਾ ਚਮਕ ਰਿਹਾ ਸੀ। ਮਹਿਰਾਬੀ ਬਾਰ ਦੇ ਉਤਾਂਹ ਜਿਹੇ ਸਿੱਧੇ ਲਾਈਨ ਵਿਚ ਉੱਕਰੇ ਉਹ ਨੂੰ ਕਾਲੇ ਅੱਖਰ ਦਿੱਸੇ। ਅਰਬੀ ਵਿਚ ਲਿਖੇ ਇਹ ਵਰ੍ਹਿਆਂ ਪੁਰਾਣੇ ਅੱਖਰ ਸਨ।

ਰਾਮ ਨਰਾਇਣ ਨੂੰ ਇੱਕ ਪੁਰਾਣੀ ਗੱਲ ਯਾਦ ਆਈ। ਜਦੋਂ ਉਹ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ ਤਾਂ ਹਰਦੇਵ ਸਿੰਘ ਇੱਕ ਦਿਨ ਇਨ੍ਹਾਂ ਅੱਖਰਾਂ ਨੂੰ ਹੂਬਹੂ ਆਪਣੀ

90

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ