ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ ਹੌਲੀ ਜ਼ਮਾਨਾ ਬਦਲਦਾ ਗਿਆ। ਨਿੱਕਾ ਰਾਮ ਦਾ ਕੰਮ ਅੱਗੇ ਨਾਲੋਂ ਥਿਵਣ ਲੱਗ ਪਿਆ। ਉਸ ਨੂੰ ਆਪਣੇ ਕੰਮ ਦੇ ਮੰਦੇ ਦਾ ਫ਼ਿਕਰ ਨਹੀਂ ਸੀ ਹੋਇਆ। ਇੱਕ ਕੁੜੀ, ਦੂਜੀ ਕੁੜੀ ਤੇ ਫੇਰ ਤੀਜੀ ਕੁੜੀ। ਚੌਥੀ ਕੁੜੀ ਜਦ ਹੋਈ, ਉਸ ਦਾ ਨਾਂ ਉਨ੍ਹਾਂ ਖਿਝ ਕੇ ‘ਮਾਊ ਰੱਖ ਲਿਆ। ਪੰਜਵੀਂ ਕੁੜੀ ਜਦੋਂ ਹੋਈ ਉਸ ਦਾ ਨਾਂ ‘ਛੋਟੀ ਮਾਊ' ਤੇ ਪਹਿਲੀ ਮਾਊ ਹੁਣ ‘ਵੱਡੀ ਮਾਊਂ' ਆਖੀ ਜਾਣ ਲੱਗੀ। ਵਧ ਰਹੇ ਪਰਿਵਾਰ ਦਾ ਉਸ ਨੂੰ ਭੋਰਾ ਵੀ ਖਿਆਲ ਨਹੀਂ ਸੀ-ਪਰਿਵਾਰ ਵੀ ਨਿਰੇ ਪੱਥਰਾਂ ਦਾ, ਉਹ ਚਾਹੁੰਦਾ ਸੀ ਕਿ ਕਦੇ ਤਾਂ ਮੁੰਡਾ ਹੋਵੇ। ਛੇਵੀਂ ਵਾਰ ਤਾਂ ਪੂਰੀ ਆਸ ਸੀ ਕਿ ਮੁੰਡਾ ਹੋਊ। ਪਰ ਜੰਮੀ ਤਾਂ ਜੰਮੀ ‘ਛੋਟੀ ਟਿੱਡਾ’। 'ਨਿੱਕਾ ਰਾਮ ਦੇ ਫੂਸ ਉੱਡ ਗਏ।

ਚੀਨੀ ਹੱਲੇ ਤੋਂ ਪਿੱਛੋਂ ਸੋਨੇ ਦੇ ਸਬੰਧ ਵਿੱਚ ਨਵੀਆਂ ਤਬਦੀਲੀਆਂ ਆਉਣ ਕਰਕੇ ਤੇ ਮਹਿੰਗਾਈ ਕਾਰਨ ਸੋਨੇ ਵੱਲ ਆਮ ਲੋਕਾਂ ਦਾ ਰੁਝਾਨ ਘਟਣ ਕਰਕੇ ਸੁਨਿਆਰਾਂ ਦਾ ਕੰਮ ਲਗਭਗ ਠੱਪ ਹੀ ਹੋ ਗਿਆ। 'ਸੋਨੀ ਭਗਤ’ ਦੇ ਪਹਾਰੇ ਵਿਚੋਂ ਵੀ ਹੁਣ ਕਦੇ ਕਦੇ ਹੀ ਠੱਕ ਠੱਕ ਸੁਣਦੀ। ਹੁਣ ਸੱਤ ਧੀਆਂ ਬਾਅਦ ਉਸ ਦੇ ਮੁੰਡਾ ਵੀ ਹੋ ਗਿਆ ਸੀ, ਜਿਹੜਾ ਹੁਣ ਕਾਫ਼ੀ ਉਡਾਰ ਸੀ। ਮੁੰਡੇ ਦਾ ਨਾਂ ਤਾਂ ‘ਕੁਲਦੀਪ’ ਸੀ, ਪਰ ਲੋਕਾਂ ਦੀਆਂ ਟੂਮਾਂ ਵਿੱਚ ਖੋਟ ਪਾ ਪਾ ਜੋੜਿਆਂ ਸਾਰਾ ਸੋਨਾ ਕੁੜੀਆਂ ਦੇ ਵਿਆਹ ’ਤੇ ਲੱਗ ਗਿਆ ਤੇ ਹੁਣ ਘਰ ਵਿਚ ਰੋਟੀ ਦੇ ਫ਼ਿਕਰ ਨੇ ਭਵਿੱਖ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ।

ਚਾਰ ਕੁੜੀਆਂ ਆਪੋ ਆਪਣੇ ਘਰੀਂ ਚਲੀਆਂ ਗਈਆਂ ਸਨ। ਪੰਜਵੀਂ ਕੁੜੀ ‘ਛੋਟੀ ਮਾਊ’ ਦਾ ਵਿਆਹ ਤਾਂ ਉਸ ਨੇ ਔਖਾ ਸੁਖਾਲਾ ਹੋ ਕੇ ਕਰ ਦਿੱਤਾ ਸੀ, ਪਰ ਮੁਕਲਾਵਾ ਅਜੇ ਤੋਰਨਾ ਰਹਿੰਦਾ ਸੀ। ਉਸ ਦੇ ਸਹੁਰਿਆਂ ਨੇ ਮੁਕਲਾਵੇ ਲਈ ਨੱਕ ਜਿੰਦ ਲਿਆ ਦਿੱਤੀ।

ਨਿੱਕਾ ਹੁਣ ਇੱਕ ਸਾਲ ਤੋਂ ਪਹਾਰਾ ਛੱਡ ਬੈਠਾ ਸੀ ਤੇ ਭਾਂਡੇ ਕਲੀ ਕਰਨ ਦਾ ਕੰਮ ਕਰਨ ਲੱਗ ਗਿਆ ਸੀ। ਹੌਲੀ-ਹੌਲੀ ਇਹ ਕੰਮ ਵੀ ਮੁੱਕ ਗਿਆ। ਕਿੰਨੇ ਕੁ ਲੋਕ ਪਿੰਡਾਂ ਵਿੱਚ ਭਾਂਡਿਆਂ ਨੂੰ ਕਲੀ ਕਰਵਾਉਂਦੇ ਹਨ? ਤੇ ਨਾਲੇ ਇਸ ਕੰਮ ਵਿਚੋਂ ਨਿੱਕੇ ਦੇ ਘਰ ਦੀ ਰੋਟੀ ਵੀ ਨਹੀਂ ਸੀ ਤੁਰਦੀ।

ਕੁੜੀਆਂ ਦੋ ਅਜੇ ਵਿਆਹੁਣ ਵਾਲੀਆਂ ਰਹਿੰਦੀਆਂ ਸਨ। ਮੁੰਡਾ ਪੜ੍ਹਦਾ ਸੀ, ਛੇਵੀਂ ਜਮਾਤ ਵਿੱਚ। ਹਾਰ ਕੇ ਨਿੱਕਾ ਨਾਲ ਦੇ ਪਿੰਡ ਚਲਿਆ ਗਿਆ। ਉੱਥੇ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲਾਂ ਤਾਂ ਤੀਜੇ ਚੌਥੇ ਦਿਨ ਉਹ ਘਰ ਆ ਜਾਂਦਾ, ਪਰ ਹੁਣ ਤਾਂ ਉਹ ਦਸ ਦਸ ਦਿਨ ਨਹੀਂ ਸੀ ਮੁੜਦਾ। ਕੰਮ ਦੀ ਤੱਦੀ ਬਹੁਤ ਰਹਿੰਦੀ। ਹੁਣ ਉਹ ਨਿੱਤ ਦੇ ਤਿੰਨ ਰੁਪਈਏ ਕਮਾਉਂਦਾ ਸੀ- 'ਰੋਟੀ ਵੀ ਅਗਲੇ ਦੇ ਸਿਰੋਂ।’

‘ਛੋਟੀ ਮਾਊਂ' ਦਾ ਮੁਕਲਾਵਾ ਵੀ ਧਰ ਦਿੱਤਾ। ਇਕੱਲੇ ਪ੍ਰਾਹੁਣੇ ਨੇ ਹੀ ਉਸ ਨੂੰ ਆ ਕੇ ਲੈ ਜਾਣਾ ਸੀ। ਸੋ, ਅੱਜ ਉਹ ਚਲੀ ਗਈ ਸੀ- ਰੋਂਦੀ ਧਿਸਾਉਂਦੀ। ਨਿੱਕਾ ਸੱਤ ਅੱਠ ਦਿਨਾਂ ਤੋਂ ਪਿੰਡ ਨਹੀਂ ਸੀ ਆਇਆ। ਉਡੀਕ ਉਡੀਕ ਕੇ ‘ਛੋਟੀ ਮਾਊਂ' ਚਲੀ ਗਈ।

ਨਾਲਦੇ ਪਿੰਡ ਜਾ ਕੇ ਆਪਣਾ ਕੰਮ ਕਰਨ ਤੋਂ ਪਹਿਲਾਂ ਮੈਂ ਨਿੱਕੇ ਦੀ ਭਾਲ ਕੀਤੀ। ਮੈਂ ਸਮਝਿਆ ਕਿ ਉਹ ਕਿਸੇ ਹੋਰ ਸੁਨਿਆਰ ਦੇ ਪਹਾਰੇ ਤੇ ਕੰਮ ਕਰਦਾ ਹੋਵੇਗਾ ਜਾਂ ਭਾਂਡੇ ਕਲੀ ਕਰਦਾ ਹੋਵੇਗਾ। ਪਰ ਉਹ ਮੈਨੂੰ ਕਿਤੋਂ ਵੀ ਨਾ ਲੱਭਿਆ।

ਨਿੱਕਾ ਸੁਨਿਆਰ

127