ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਨਿੱਕਾ ਸੁਨਿਆਰ

ਨਾਲ ਦੇ ਪਿੰਡ ਰਹਿ ਕੇ ਹੁਣ ਨਿੱਕਾ ਰਾਮ ਕੰਮ ਕਰਦਾ ਹੈ। ਇਹ ਪਿੰਡ ਸਾਡੇ ਪਿੰਡ ਤੋਂ ਤਿੰਨ ਚਾਰ ਮੀਲ ਹੀ ਹੈ। ਇਸ ਪਿੰਡ ਮੈਂ ਵੀ ਕਦੇ ਕਦੇ ਆਪਣੇ ਕੰਮ ਜਾਂਦਾ ਹਾਂ।

ਨਿੱਕਾ ਰਾਮ ਦਾ ਘਰ ਸਾਡੇ ਗਵਾਂਢ ਵਿੱਚ ਹੀ ਹੈ। ਉਨ੍ਹਾਂ ਦੇ ਘਰਦਿਆਂ ਨੂੰ ਪਤਾ ਨਹੀਂ ਕਿਵੇਂ ਸੌਅ ਹੋ ਗਈ ਕਿ ਅੱਜ ਮੈਂ ਉਸ ਪਿੰਡ ਜਾਣਾ ਹੈ। ਉਨ੍ਹਾਂ ਦਾ ਇੱਕ ਬਾਰ੍ਹਾਂ ਤੇਰਾਂ ਸਾਲ ਦਾ ਮੁੰਡਾ ਇੱਕ ਚਿੱਠੀ ਫੜਾ ਕੇ ਮੈਨੂੰ ਕਹਿਣ ਲੱਗਾ-'ਚਾਚਾ, ਆਹ ਚਿੱਠੀ ਮੇਰੇ ਬਾਈ (ਪਿਤਾ) ਨੂੰ ਫੜਾ ਦੀਂ ਜ਼ਰੂਰ। ਉਹ ਓਥੇ ਈ ਰਹਿੰਦੇ।' ਚਿੱਠੀ ਦਾ ਕਾਗਜ਼ ਉਸ ਮੁੰਡੇ ਨੇ ਆਪਣੀ ਰਫ਼ ਕਾਪੀ ਵਿੱਚੋਂ ਪਾੜਿਆ ਹੋਇਆ ਲੱਗਦਾ ਸੀ-ਅੱਧਾ ਵਰਕਾ, ਘਸਮੈਲ਼ਾ ਜਿਹਾ। ਮੁੰਡਾ ਤਾਂ ਐਨੀ ਗੱਲ ਕਹਿ ਕੇ ਚਲਿਆ ਗਿਆ। ਮੈਂ ਚਿੱਠੀ ਗ਼ੌਰ ਨਾਲ ਦੇਖੀ। ਲਿਖਿਆ ਸੀ-

'ਛੋਟੀ ਮਾਊਂ ਤਾਂ ਗਈ ਤੈਨੂੰ ‘ਡੀਕ ਡੀਕ'। ਜੇ ਆਪ ਨੀ ਆਉਣਾ ਤਾਂ ਕੁਸ ਪੈਸੇ ਭੇਜ ਦੇ। ਘਰੇ ਨਾ ਗੁੜ ਐ, ਨਾ ਚਾਹ ਤੇ ਨਾ ਆਟਾ। ਮੁੰਡਾ ਕਾਪੀਆਂ ਕਿਤਾਬਾਂ ਕੰਨੀਓਂ ਬੈਠੇ।'

ਇਹ ਕਾਗਜ਼ੀ ਓਸੇ ਮੁੰਡੇ ਦੀ ਲਿਖੀ ਲੱਗਦੀ ਸੀ, ਪਰ ਉਸ ਦੀ ਮਾਂ ਵੱਲੋਂ।

ਚਿੱਠੀ ਮੈਂ ਜੇਬ੍ਹ ਵਿੱਚ ਪਾ ਲਈ ਤੇ ਸਾਈਕਲ ਚੁੱਕ ਕੇ ਤੁਰ ਪਿਆ। ਰਾਹ ਵਿੱਚ ਕਈ ਗੱਲਾਂ ਮੇਰੇ ਦਿਮਾਗ਼ ਨੂੰ ਟਕਰਾਉਂਦੀਆਂ ਰਹੀਆਂ। ਮੇਰੇ ਆਪਣੇ ਕੰਮਾਂ ਦੇ ਧੁੰਦਲੇ ਜਿਹੇ ਵਿਚਾਰ ਨਾਲ ਹੀ ਫੱਟ ਨਿੱਕਾ ਰਾਮ ਦਾ ਖਿਆਲ ਮੇਰੇ ਮੱਥੇ ਨਾਲ ਆ ਵੱਜਦਾ।

ਜਦ ਮੈਂ ਛੋਟਾ ਜਿਹਾ ਸੀ, ਉਸ ਵੇਲੇ ਨਿੱਕਾ ਰਾਮ ਸੁਨਿਆਰ ਦਾ ਘਰ ਸਾਰੇ ਪਿੰਡ ਵਿੱਚ ਖੱਬੀਖਾਨ ਸਮਝਿਆ ਜਾਂਦਾ ਸੀ। ਸਾਰੇ ਪਿੰਡ ਦੀਆਂ ਟੂਮਾਂ ਉਨ੍ਹਾਂ ਦੇ ਪਹਾਰੇ 'ਤੇ ਬਣਦੀਆਂ। ਉਸ ਨੇ ਲਵੇ ਲੌਣੇ ਦੇ ਕਈ ਹੋਰ ਸੁਨਿਆਰ ਨੌਕਰ ਰੱਖੇ ਹੋਏ ਸਨ, ਜਿਹੜੇ ਤਨਖ਼ਾਹ ਲੈ ਕੇ ਉਸ ਦੀਆਂ ਟੂਮਾਂ ਘੜਦੇ। ਪਿੰਡ ਸਾਰੇ ਵਿੱਚ ਹੀ ਉਸ ਦੀ ਸ਼ਾਹਾਂ ਵਰਗੀ ਹੁੱਬ ਸੀ। ਸਤਿਕਾਰ ਵਜੋਂ ਉਸ ਦਾ ਕੋਈ ਨਾਂ ਨਹੀਂ ਸੀ ਲੈਂਦਾ ਤੇ ਸਾਰੇ ਉਸ ਨੂੰ 'ਸੋਨੀ ਭਗਤ' ਕਹਿ ਕੇ ਬੁਲਾਉਂਦੇ। ਉਹ ਬੰਦਾ ਐਸ਼ੀ ਵੀ ਬੜਾ ਸੀ। ਆਥਣ ਨੂੰ ਕੰਮ ਤੋਂ ਬਾਅਦ ਦੋ ਤਿੰਨ ਬੋਤਲਾਂ ਦੇ ਡਾਟ ਖੁੱਲ੍ਹ ਜਾਂਦੇ ਤੇ ਦੂਜੇ ਤੀਜੇ ਦਿਨ ਮੁਰਗਾ, ਬੱਕਰਾ ਜਾਂ ਤਿੱਤਰ ਵੀ ਬਣਦਾ। ਮੀਟ ਵਾਸਤੇ ਮਸਾਲਾ ਰਗੜਨ ਦੀ ਆਵਾਜ਼ ਸਾਡੇ ਘਰ ਤੀਕ ਸੁਣਦੀ ਹੁੰਦੀ। ਲੋਕ ਗੀਤ ਦੀ ਇਹ ਤੁੱਕ ਠੀਕ ਹੀ ਢੁਕਦੀ ਸੀ- ‘ਗਹਾਂ ਘਰ ਸੁਨਿਆਰਾਂ ਦਾ, ਜਿੱਥੇ ਕੁੰਡਾ ਘੋਟਣਾ ਖੜਕੇ।'

126

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ