ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਧਾ ਆਦਮੀ

ਐਤਵਾਰ ਇੱਕ:

ਗੁਰਦੁਆਰੇ ਦਾ ਲਾਊਡ ਸਪੀਕਰ ਬੰਦ ਹੋਇਆ ਤਾਂ ਉਹ ਦਾ ਉੱਠਣ ਨੂੰ ਜੀਅ ਕੀਤਾ, ਪਰ ਉਹ ਉੱਠਿਆ ਨਹੀਂ। ਪਿਆ-ਪਿਆ ਹੀ ਅੱਖਾਂ ਝਮਕਣ ਲੱਗਿਆ। ਉਹ ਨੇ ਪਾਸਾ ਪਰਤਿਆ, ਉਹ ਦਾ ਮੁੰਡਾ ਕੁਲਜੀਤ ਅਜੇ ਤੱਕ ਵੀ ਘੂਕ ਸੁੱਤਾ ਪਿਆ ਸੀ। ਉਹ ਮੰਜੇ 'ਤੇ ਬੈਠਾ ਹੋਇਆ ਤੇ ਦੋਵੇਂ ਹੱਥ ਸਿਰ ਤੋਂ ਉਤਾਂਹ ਲਿਜਾ ਕੇ ਅੰਗੜਾਈ ਲਈ। ਉਸ ਨੂੰ ਆਪਣਾ ਸਰੀਰ ਟੁੱਟਿਆ ਜਿਹਾ ਲੱਗਿਆ। ਉਹ ਫਿਰ ਪੈ ਗਿਆ ਤੇ ਮੈਲ ਭਰਿਆ ਖੇਸ ਲੱਕ ਤੱਕ ਖਿੱਚ ਲਿਆ। ਉਹ ਦਾ ਜੀਅ ਕੀਤਾ, ਕੋਈ ਆਵੇ ਤੇ ਚਾਹ ਦੀ ਗੜਵੀ ਮੰਜੇ ਦੇ ਪਾਵੇ ਕੋਲ ਰੱਖ ਕੇ ਉਹ ਨੂੰ ਉੱਠਣ ਲਈ ਕਹੇ। ਦੇਵਾਂ ਹੁੰਦੀ ਸੀ ਤਾਂ....।

ਉਹ ਮੰਜੇ ਉੱਤੋਂ ਉੱਠਿਆ ਤੇ ਹੌਲੀ-ਹੌਲੀ ਚੱਪਲਾਂ ਪਾਉਣ ਲੱਗਿਆ। ਸੱਜੇ ਪੈਰ ਦੀ ਚੱਪਲ ਗਾਇਬ ਸੀ। ਮੰਜੇ ਦੀ ਬਾਹੀ ਹੇਠ ਸਿਰ ਕਰਕੇ ਉਹਨੇ ਦੇਖਿਆ, ਸੱਜੇ ਪੈਰ ਦੀ ਚੱਪਲ ਕੁਲਜੀਤ ਦੇ ਮੰਜੇ ਥੱਲੇ ਪਈ ਹੋਈ ਸੀ। ਇਹ ਔਧਰ ਕਿਵੇਂ ਚਲੀ ਗਈ ਸਾਲੀ? ਉਹ ਨੇ ਮਨ ਵਿੱਚ ਆਖਿਆ ਤੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਖੜ੍ਹਾ ਹੋਇਆ ਤੇ ਕੁਲਜੀਤ ਦੇ ਮੰਜੇ ਥੱਲਿਓਂ ਚੱਪਲ ਪਾ ਕੇ ਸੋਚਿਆ, ਕੁਲਜੀਤ ਨੂੰ ਵੀ ਜਗਾ ਦੇਵੇ, ਪਰ ਨਹੀਂ। ਉਸ ਨੇ ਚਾਹਿਆ, ਚਾਹ ਬਣ ਜਾਣ ਪਿੱਛੋਂ ਹੀ ਉਹ ਕੁਲਜੀਤ ਨੂੰ ਜਗਾਵੇਗਾ। ਉੱਚੇ ਬਨ੍ਹੇਰੇ ’ਤੋਂ ਦੀ ਗਲ ਕੱਢ ਕੇ ਵਿਹੜੇ ਵਿੱਚ ਦਾਦੀ ਕੋਲ ਪਏ ਵੱਡੇ ਮੁੰਡੇ ਨੂੰ ਹਾਕ ਮਾਰੀ। ਦੋ ਹਾਕਾਂ ਨਾਲ ਤਾਂ ਉਹ ਬੋਲਿਆ ਹੀ ਨਾ। ਫਿਰ ਉਸ ਨੇ ਇੱਕ ਕੱਚੀ ਡਲੀ ਬਨੇਰੇ ਕੋਲੋਂ ਚੁੱਕੀ ਤੇ ਮਿਹਰ ਵੱਲ ਵਗਾਹ ਮਾਰੀ। ਡਲੀ ਦਾਦੀ ਦੇ ਹੀ ਲੱਗ ਗਈ। ਉਹ ਤ੍ਰਭਕਿਆ ਤੇ ਫਿਰ ਬਹੁਤ ਉੱਚੀ ਮਿਹਰ ਨੂੰ ਬੋਲ ਮਾਰਿਆ। ਮਿਹਰ ਨੇ ਅੱਖਾਂ ਖੋਲ੍ਹੀਆਂ ਤੇ ਮੱਥੇ 'ਤੇ ਹੱਥ ਫੇਰਨ ਲੱਗਿਆ। ਚਾਹ ਧਰ ਓਏ, ਉੱਠ ਕੇ। ਉਹ ਪਹਿਲਾਂ ਜਿੰਨਾ ਹੀ ਉੱਚਾ ਬੋਲ ਗਿਆ। ਦਾਦੀ ਵੀ ਜਾਗ ਪਈ, ਪਰ ਉੱਠ ਨਹੀਂ ਸਕੀ ਹੋਵੇਗੀ। ਉਹ ਦੀ ਉਮਰ ਨੱਬੇ ਸਾਲ ਤੋਂ ਉੱਤੇ ਸੀ। ਚਿਹਰੇ `ਤੇ ਲਕੀਰਾਂ ਦਾ ਜਾਲ ਬੁਣਿਆ ਹੋਇਆ। ਲੱਤਾਂ ਵਿੱਚ ਪਹੁੰਚ ਨਹੀਂ ਰਹਿ ਗਈ। ਕਮਰ ਦੂਹਰੀ ਹੋ ਚੁੱਕੀ। ਕੋਈ ਵੀ ਕੰਮ ਉਸ ਕੋਲੋਂ ਹੁੰਦਾ ਨਹੀਂ।

ਮਿਹਰ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤੇ ਨਲਕੇ ਤੋਂ ਪਤੀਲੇ ਵਿੱਚ ਪਾਣੀ ਪਾਉਣ ਲੱਗਿਆ। ਚੰਦਨ ਵਾਪਸ ਆਪਣੇ ਮੰਜੇ 'ਤੇ ਜਾ ਬੈਠਾ। ਪੂਰਬ ਵੱਲ ਬਦਲਾਂ ਦੀ ਇੱਕ ਲੰਬੀ ਪਰਤ ਜਿਹੀ ਖੜ੍ਹੀ ਸੀ। ਜਿਵੇਂ ਕਿਸੇ ਚਿੱਤਰਕਾਰ ਨੇ ਕਾਲਾ-ਸਲੇਟੀ ਰੰਗ ਲੈ ਕੇ

ਅੱਧਾ ਆਦਮੀ

13