ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁਰਸ਼ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਖਾਂ ਮੀਚ ਕੇ ਵਾਹ ਦਿੱਤਾ ਹੋਵੇ ਤੇ ਫਿਰ ਉਸ ਅਦਭੁੱਤ ਰਚਨਾ ਨੂੰ ਬਹੁਤ ਐਨਲਾਰਜ ਕਰਕੇ ਅਕਾਸ਼ ਦੇ ਕੈਨਵੱਸ 'ਤੇ ਟੰਗ ਦਿੱਤਾ ਹੋਵੇ। ਅਕਾਸ਼ ਵਿੱਚ ਤਾਰਾ ਕੋਈ ਨਹੀਂ ਰਹਿ ਗਿਆ। ਠੰਡੀ ਸੁਹਾਣੀ ਹਵਾ ਰੁਮਕ ਰਹੀ ਸੀ। ਕੁਦਰਤ ਦਾ ਵੀ ਕਮਾਲ ਸੀ, ਕੱਲ੍ਹ ਤੇ ਪਰਸੋਂ ਬੇਤਹਾਸ਼ਾ ਧੁੱਪ ਪਈ, ਬਹੁਤ ਤੱਤੀ ਲੂਅ ਵਗੀ, ਅੱਗ ਦੀ ਭੱਠੀ ਵਿੱਚੋਂ ਨਿਕਲ ਕੇ ਆਉਣ ਵਰਗੀ ਹਵਾ। ਹੁਣ ਵੀ ਕੁਝ ਦੇਰ ਤੱਕ ਸੂਰਜ ਚੜ੍ਹੇਗਾ, ਚੜ੍ਹਦਾ ਹੀ ਸਾਰੇ ਸੰਸਾਰ ਨੂੰ ਅੱਗ ਲਾ ਦੇਵੇਗਾ। ਧਰਤੀ 'ਤੇ ਬਿਨਾਂ ਅੱਗ ਤੋਂ ਰੋਟ ਪੱਕਣ ਲੱਗਣਗੇ। ਪਰ ਸੂਰਜ ਚੜ੍ਹਨ ਤੋਂ ਪਹਿਲਾਂ ਹਰ ਚੀਜ਼ ਟਿਕੀ-ਟਿਕੀ ਲੱਗਦੀ, ਆਪਣੀ ਹੀ ਸ਼ਾਂਤੀ ਵਿੱਚ। ਚੰਦਨ ਮੰਜੇ ਉੱਤੋਂ ਲੱਤਾਂ ਲਮਕਾ ਕੇ ਬੈਠਾ ਹੋਇਆ ਸੀ। ਉਹ ਅੱਖਾਂ ਮਲਣ ਲੱਗਿਆ। ਦੂਰ ਕੋਠਿਆਂ 'ਤੇ ਪਏ ਲੋਕ ਅਜੇ ਉੱਠਣ ਨਹੀਂ ਲੱਗੇ। ਉਹ ਦੇ ਖੱਬੇ ਹੱਥ ਦਸ ਕੁ ਕੋਠੇ ਛੱਡ ਕੇ ਇੱਕ ਕੋਠੇ 'ਤੇ ਬਾਰਾਂ-ਤੇਰਾਂ ਮੰਜੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਦੀ ਨਵੀਂ ਬਹੁ ਉੱਠਿਆ ਕਰਦੀ। ਉੱਠਦੀ ਤਾਂ ਸਾਰੇ ਮੰਜਿਆਂ ਨੂੰ ਛੱਡ ਕੇ ਪਰ੍ਹਾਂ ਪੌੜੀਆਂ ਕੋਲ ਜਾ ਖੜ੍ਹੀ ਹੁੰਦੀ। ਇੱਕ ਟੱਕ ਚੰਦਨ ਵੱਲ ਦੇਖਣ ਲੱਗਦੀ। ਛੋਟਾ ਜਿਹਾ ਘੁੰਡ ਵੀ ਕੱਢ ਲੈਂਦੀ। ਖੜ੍ਹੀ ਰਹਿੰਦੀ ਤੇ ਝਾਕਦੀ ਰਹਿੰਦੀ। ਚੰਦਨ ਉਸ ਦੇ ਮਨ ਦੀ ਗੱਲ ਬੁੱਝਣ ਦੀ ਕੋਸ਼ਿਸ਼ ਕਰਨ ਲੱਗਦਾ। ਕਈ ਵਾਰ ਉਹ ਸੋਚ ਜਾਂਦਾ ਕਿ ਉਹ ਦੇਵਾ ਦੀ ਗੱਲ ਮਨ ਵਿੱਚ ਲਿਆ ਕੇ ਉਸ ਵੱਲ ਤਰਸ ਭਰੀਆਂ ਅੱਖਾਂ ਨਾਲ ਦੇਖ ਰਹੀ ਹੋਵੇਗੀ। ਉਸ ਦਾ ਆਪਣਾ ਗੱਭਰੂ ਕਿੰਨਾ ਸੁਹਣਾ ਹੈ ਤੇ ਤਕੜਾ। ਉਸ ਚਾਲੀਓਂ ਟੱਪੇ ਅੱਧਖੜ ਤੋਂ ਉਸ ਨੇ ਕੀ ਲੈਣਾ ਹੈ। ਦੂਜੇ ਮੰਜਿਆਂ ਵਿੱਚੋਂ ਜਦ ਵੀ ਕੋਈ ਉੱਠਦਾ ਜਾਂ ਖੰਘੂਰ ਹੀ ਮਾਰਦਾ ਤਾਂ ਉਹ ਇੱਕ ਇੱਕ ਕਦਮ ਕਰਕੇ ਪੌੜੀਆਂ ਉਤਰਨ ਲੱਗਦੀ। ਚੰਦਨ ਨੇ ਦੇਖਿਆ ਉਹ ਅੱਜ ਉੱਠੀ ਨਹੀਂ। ਸਾਹਮਣੇ ਚੁਬਾਰੇ ਵਾਲੀ ਛੁੱਟੜ ਕੁੜੀ ਉੱਠੀ ਫਿਰਦੀ ਸੀ। ਉਹ ਦਾ ਬਿਰਧ ਤੇ ਕਮਜ਼ੋਰ ਬਾਪ ਢਿਲਕੀ ਮੰਜੀ ਵਿੱਚ ਪਿਆ ਹੌਲੀ-ਹੌਲੀ ਖੰਘ ਰਿਹਾ ਸੀ। ਛੁੱਟੜ ਕੁੜੀ ਮਿੰਦਰੋ ਸਬ੍ਹਾਤ ਦੀ ਛੱਤ ਤੋਂ ਆਪਣਾ ਦਰੀ-ਖੇਸ ਸਿਰ 'ਤੇ ਰੱਖ ਕੇ ਇੱਕ ਹੱਥ ਵਿੱਚ ਪਾਣੀ ਵਾਲੀ ਖਾਲੀ ਕੋਰੀ ਮੱਘੀ ਤੇ ਦੁਜੇ ਹੱਥ ਵਿੱਚ ਸਿਲਵਰ ਦਾ ਕੌਲਾ ਫੜੀ, ਪਹਿਲਾਂ ਤਾਂ ਚੁਬਾਰੇ ਵਿੱਚ ਆਈ ਤੇ ਫਿਰ ਉਵੇਂ ਜਿਵੇਂ ਬਾਂਸ ਦੀ ਪੌੜੀ ਰਾਹੀਂ ਵਿਹੜੇ ਵਿੱਚ ਉਤਰੀ। ਹੁਣ ਉਹ ਪਾਣੀ ਦਾ ਡੋਲੂ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗੀ। ਚਾਹ ਬਣਾਵੇਗੀ ਤੇ ਫਿਰ ਆਪਣੇ ਬਿਰਧ ਬਾਪ ਨੂੰ ਸਬ੍ਹਾਤ ਦੀ ਛੱਤ 'ਤੇ ਜਾ ਕੇ ਚਾਹ ਪਿਆਵੇਗੀ। ਚਾਹ ਪੀ ਰਿਹਾ ਉਹ ਖੰਘਦਾ ਵੀ ਰਹੇਗਾ ਤੇ ਦੂਰ ਤੱਕ ਥੁੱਕਦਾ ਵੀ। ਤੇ ਫਿਰ ਪੋਚ-ਪੋਚ ਆਪਣੀ ਚਿੱਟੀ ਘਸਮੈਲੀ ਪੱਗ ਸਿਰ ਦੁਆਲੇ ਲਪੇਟੇਗਾ। ਖੰਘਦਾ-ਥੱਕਦਾ ਹੱਥ ਵਿੱਚ ਬੇਰੀ ਦੀ ਖੂੰਡੀ ਨਾਲ ਤੁਰਦਾ, ਉਹ ਚੁਬਾਰੇ ਵਿੱਚ ਆਵੇਗਾ ਤੇ ਫਿਰ ਮਿੰਦਰੋ ਨੂੰ ਹਾਕ ਮਾਰੇਗਾ। ਅੱਖਾਂ ਉਤਲੀ ਐਨਕ, ਜਿਸ ਦਾ ਟੁੱਟਿਆ ਫ੍ਰੇਮ ਸੂਤ ਦੇ ਮੋਟੇ ਧਾਗੇ ਨਾਲ ਬੰਨ੍ਹਿਆ-ਸੰਢਿਆ ਹੋਇਆ ਸੀ, ਉਹ ਦੇ ਨੱਕ 'ਤੇ ਢਿਲਕ ਆਵੇਗਾ। ਮਿੰਦਰੋਂ ਬਾਂਸ ਦੀ ਪੌੜੀ ਨੂੰ ਫੜ ਕੇ ਖੜ੍ਹ ਜਾਵੇਗੀ। ਵਿੰਗੀਆਂ ਕਮਜ਼ੋਰ ਲੱਤਾਂ ਨਾਲ ਉਹ ਪੌੜੀ ਉਤਰੇਗਾ।

ਸੱਜੇ ਹੱਥ ਦੂਰ ਕੋਠੇ 'ਤੇ ਦੋ ਮੰਜੇ ਸਨ। ਇੱਕ ਮੰਜੇ ਤੋਂ ਇੱਕ ਸੁੰਦਰ, ਪਤਲੀ ਛਮਕ ਜਿਹੀ, ਲੰਬੀ-ਗੋਰੀ ਤੇ ਚੁਸਤ ਅੰਗਾਂ-ਪੈਰਾਂ ਵਾਲੀ ਔਰਤ ਉੱਠੀ। ਨਾਲ ਪਈ ਕੁੜੀ ਨੂੰ

14

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ