ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/136

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਦੋ ਕੰਬਲ, ਗਰਮ ਚਾਦਰ ਤੇ ਆਰਾਮ ਕੁਰਸੀ

ਪੱਕਾ ਡੱਬੇ ਵਰਗਾ ਵਧੀਆ ਮਕਾਨ। ਦਰਵਾਜ਼ਾ, ਦਰਵਾਜ਼ੇ ਦੇ ਨਾਲ ਬੈਠਕ, ਬੈਠਕ 'ਤੇ ਚੁਬਾਰਾ, ਸਭ ਪੱਕੇ ਤੇ ਸੀਮਿੰਟ ਕੀਤੇ ਹੋਏ। ਅੱਗੇ ਜਾ ਕੇ ਖੁੱਲ੍ਹਾ ਵਿਹੜਾ ਤੇ ਪਿੱਛੇ ਦੋ ਸਬਾਤਾਂ।

ਹੌਲਦਾਰ ਮਰੇ ਨੂੰ ਸਾਲ ਭਰ ਹੋ ਚੱਲਿਆ ਸੀ। ਪਹਿਲਾਂ ਉਸ ਦੀ ਨਿਗ੍ਹਾ ਘਟ ਗਈ, ਫੇਰ ਲੱਤਾਂ ਪੈਰਾਂ ਵੱਲੋਂ ਆਰੀ ਤੇ ਅਖ਼ੀਰ ਜਦ ਜ਼ੁਬਾਨ ਵੀ ਥਿੜਕਣ ਲੱਗੀ ਤਾਂ ਮਹੀਨਾ ਕੁ ਮੰਜੀ ਵਿੱਚ ਪੈ ਕੇ ਚਲਦਾ ਹੋਇਆ। ਪੂਰਾ ਸੱਤਰ ਸਾਲ ਦਾ ਹੋ ਕੇ ਮਰਿਆ ਸੀ ਉਹ।

ਚਾਲੀ ਸਾਲ ਦਾ ਸੀ, ਜਦ ਉਸ ਨੇ ਜੰਗੀਰੋ ਵਿਆਹ ਕੇ ਲਿਆਂਦੀ। ਵਿਆਹ ਕਰਵਾ ਕੇ ਉਹ ਉਸ ਨੂੰ ਨਾਲ ਹੀ ਛਾਉਣੀ ਵਿੱਚ ਲੈ ਗਿਆ ਸੀ। ਨਿਆਣੀ ਉਮਰ, ਸੋਲਾਂ-ਸਤਾਰਾਂ ਸਾਲ ਦੀ ਸੀ ਮਸ੍ਹਾਂ। ਛਾਉਣੀ ਜਾ ਕੇ ਜੰਗੀਰੋ ਰੋਂਦੀ ਰਹਿੰਦੀ। ਮਹੀਨਾ ਵੀਹ ਦਿਨ ਰੱਖ ਕੇ ਹੀ ਹੌਲਦਾਰ ਉਸ ਨੂੰ ਆਪਣੇ ਪਿੰਡ ਛੱਡ ਗਿਆ। ਹੁਣ ਉਹ ਕੁਝ ਇੱਥੇ ਰਹਿੰਦੀ ਕੁਝ ਪੇਕੀਂ। ਹੌਲਦਾਰ ਕਦੇ ਕਦੇ ਹੀ ਛੁੱਟੀ ਆਉਂਦਾ। ਪਿੰਡ-ਜੰਗੀਰੋ ਦੀ ਸਿਰ ਹਿਲਦੇ ਵਾਲੀ ਸੱਸ, ਉਸ ਦਾ ਜੇਠ, ਉਸ ਦੀ ਘਰਵਾਲੀ ਮਰ ਚੁੱਕੀ ਸੀ, ਉਸ ਨੂੰ ਫੁੱਲਾਂ ਵਾਂਗ ਸਾਂਭ ਸਾਂਭ ਰੱਖਦੇ।

ਪੰਜ ਸਾਲ ਬਾਅਦ ਹੀ ਹੌਲਦਾਰ ਪੈਨਸ਼ਨ ਲੈ ਕੇ ਆ ਗਿਆ। ਆ ਕੇ ਉਹ ਆਪਣੇ ਵੱਡੇ ਭਰਾ ਨਾਲੋਂ ਅੱਡ ਹੋ ਗਿਆ। ਮਕਾਨ ਪਾਇਆ ਪੱਕਾ, ਜ਼ਮੀਨ ਹੋਰ ਖਰੀਦ ਲਈ। ਇੱਕ ਝੋਰਾ ਸੀ, ਉਸ ਨੂੰ ਕਿ ਜੰਗੀਰੋ ਅਜੇ ਢਿੱਡੋਂ ਨਹੀਂ ਸੀ ਫੁੱਟੀ। ਬਥੇਰੀਆਂ ਦਾਈਆਂ ਨੇ ਜ਼ੋਰ ਲਾਇਆ, ਡਾਕਟਰੀ ਇਲਾਜ ਦੀ ਕੋਈ ਕਸਰ ਨਾ ਛੱਡੀ, ਧਾਗੇ ਤਵੀਤ ਵੀ ਕਰਾ ਕੇ ਦੇਖ ਲਏ, ਪਰ ਕੁਦਰਤ ਨੂੰ ਬਿਲਕੁੱਲ ਹੀ ਮਨਜ਼ੂਰ ਨਾ ਹੋਇਆ। ਇਸੇ ਤਰ੍ਹਾਂ ਦਸ ਸਾਲ ਲੰਘ ਗਏ। ਕਈ ਸਿਆਣੇ ਆਦਮੀਆਂ ਨੇ ਹੌਲਦਾਰ ਨੂੰ ਦੂਜੇ ਵਿਆਹ ਦੀ ਸਲਾਹ ਦਿੱਤੀ। ਹੋਲਦਾਰ ਜਦ ਵੀ ਦੂਜੇ ਵਿਆਹ ਦੀ ਗੱਲ ਕਰਦਾ, ਜੰਗੀਰੋ ਰੋਣ ਬਹਿ ਜਾਂਦੀ।ਦਿਨ ਲੰਘਦੇ ਗਏ।

ਅੱਜ ਜੰਗੀਰੋ ਬੜੀ ਉਦਾਸ ਸੀ। ਹੌਲਦਾਰ ਮਰੇ ਨੂੰ ਸਾਲ ਭਰ ਹੋ ਚੱਲਿਆ ਸੀ। ਪਾਲੀ ਉਸ ਦਾ ਰੋਜ਼ ਵਾਂਗ ਮਹਿੰ ਲੈ ਕੇ ਖੇਤ ਨੂੰ ਜਾ ਚੁੱਕਿਆ ਸੀ। ਉਸ ਦੇ ਕੋਲ ਰਹਿੰਦਾ ਉਸ ਦਾ ਪੰਦਰਾਂ-ਸੋਲਾਂ ਸਾਲ ਦਾ ਭਾਣਜਾ ਛੀ ਦਿਨ ਹੋ ਗਏ, ਪਲਾਹੜੇ ਦੇ ਮੇਲੇ ਗਿਆ, ਅਜੇ ਤੀਕ ਨਹੀਂ ਸੀ ਮੁੜਿਆ। ਜੰਗੀਰੋ ਮੱਥੇ 'ਤੇ ਹੱਥ ਰੱਖੀ ਬੈਠੀ ਸੀ। ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ। ਉਸ ਦਾ ਰਾਜੇ ਵਰਗਾ ਘਰ ਅਜਾਈ ਜਾ ਰਿਹਾ ਸੀ।

136

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ