ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/208

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਹੀ ਤੇ ਫਿਰ ਆਥਣ ਉਗਣ ਹੋਰ ਨਿੱਕੇ ਮੋਟੇ ਕੰਮ ਵੀ ਕਰਨੇ ਸਨ। ਰਾਤ ਨੂੰ ਵੀ ਓਥੇ ਹੀ ਰਹਿਣਾ ਸੀ। ਰੋਟੀ ਟੁੱਕ ਵੀ ਓਥੇ ਹੀ। ਅੱਠੀਂ ਦਸੀਂ ਦਿਨੀਂ ਬੇਸ਼ੱਕ ਘਰ ਗੇੜਾ ਮਾਰ ਆਵੇ-ਬਿੰਦ ਦੀ ਬਿੰਦ।

ਕਰਮ ਸਿੰਘ ਦੇ ਕੋਠੇ ਪਿੰਡ ਤੋਂ ਦੋ ਮੀਲ ਦੂਰ ਸਨ। ਮਾਲ ਪਸ਼ੂ ਤੇ ਉਸ ਦਾ ਸਾਰਾ ਟੱਬਰ ਕੋਠੀਂ ਹੀ ਰਹਿੰਦਾ ਸੀ। ਜਿਨ੍ਹਾਂ ਦੇ ਨਾਲ ਹੀ ਖੇਤ ਸਨ, ਦੋ ਘਰ ਹੋਰ ਵੀ ਰਹਿੰਦੇ ਸਨ।

ਜਬਰਾ ਜਵਾਨੀ ਦੀ ਉਮਰ ਵਿੱਚ ਸੀਰੀ ਰਿਹਾ ਸੀ। ਰਾਤ ਨੂੰ ਰੂੜੀ ਦਾ ਰੇਹ ਪਾਉਂਦਿਆਂ ਇੱਕ ਵਾਰ ਗੱਡੇ ਦੇ ਪੱਟ ਤੋਂ ਡਿੱਗ ਕੇ ਉਸ ਦਾ ਗਿੱਟਾ ਟੁੱਟ ਗਿਆ ਸੀ। ਥਹਿ ਸਿਰ ਆਇਆ ਹੀ ਨਹੀਂ ਸੀ। ਤੁਰਨ ਜੋਗਾ ਉਹ ਹੋ ਗਿਆ ਸੀ, ਪਰ ਪੂਰਾ ਬੋਝ ਲੱਤ ’ਤੇ ਦਿੱਤਾ ਨਹੀਂ ਸੀ ਜਾ ਸਕਦਾ। ਸੀਰੀ ਨੂੰ ਤਾਂ ਹਰ ਵੇਲੇ ਦਾ ਕੰਮ ਹੁੰਦਾ ਹੈ। ਇਹ ਕੰਮ ਕਰਨ ਤੋਂ ਉਹ ਨਾਕਾਰਾ ਹੋ ਚੁੱਕਿਆ ਸੀ। ਜੱਟ ਤਾਂ ਸੀਰੀ ਦੀ ਖੱਲ ਉਧੇੜਨ ਤੱਕ ਜਾਂਦੇ ਹਨ, ਪਰ ਰੋਟੀ ਵੀ ਤਾਂ ਕਿਤੋਂ ਖਾਣੀ ਸੀ। ਸੋ, ਉਹ ਸੜਕ 'ਤੇ ਜਾ ਲੱਗਿਆ ਸੀ। ਖਤਾਨਾ ਵਿਚੋਂ ਮਿੱਟੀ ਪੁੱਟ ਕੇ ਸੜਕ ਦੇ ਦੁਪਾਸੀਂ ਖੁਰੇ ਥਾਵਾਂ ਨੂੰ ਭਰਨ ਤੇ ਜਾਂ ਕਦੇ ਕਦੇ ਟੁੱਟ ਰਹੀ ਸੜਕ ਦੇ ਟੋਇਆ ਵਿੱਚ ਬਜਰੀ ਤੇ ਲੁੱਕ ਦੀਆਂ ਟਾਕੀਆਂ ਲਾਉਣੀਆਂ।

ਉਹ ਤਾਂ ਤਿੰਨ ਕੁੜੀਆਂ ਦੇ ਵਿਆਹਾਂ ਨੇ ਹੀ ਥੋਥਾ ਕਰ ਦਿੱਤਾ ਸੀ। ਇੱਕ ਮੁੰਡਾ ਇਹੀ ਪੀਤਾ, ਉਸੇ ਨੂੰ ਹੀ ਉਹ ਪਰਾਏ ਵੱਸ ਪਾਉਣ ਜਾ ਰਿਹਾ ਸੀ। ਇਹ ਵੀ ਪਤਾ ਸੀ, ਪਤਾ ਨਹੀਂ ਕਿੰਨੇ ਕੁ ਛੇ ਮਹੀਨੇ ਲੰਘ ਜਾਣ। ਢਾਈ ਤਿੰਨ ਸੌ ਰੁਪਿਆ ਮੁਸ਼ਕਲ ਨਾਲ ਹੀ ਇਕੱਠਾ ਹੋਵੇਗਾ।

ਉਹ ਸੂਏ ਦੇ ਪੁਲ 'ਤੇ ਆ ਗਿਆ ਸੀ। ਮਗਰ ਆ ਰਹੇ ਪੀਤੇ ਨੂੰ ਹਾਕ ਮਾਰ ਕੇ ਉਹ ਪੁਲ ਦੇ ਇੱਕ ਪਾਸੇ ਬੈਠ ਗਿਆ। ਫਿਰ ਪੁਲ 'ਤੇ ਆ ਕੇ ਖੜ੍ਹੇ ਪੀਤੇ ਨੂੰ ਉਸ ਨੇ ਕੋਲ ਬਿਠਾ ਲਿਆ।‘ਲਾਇਆ ਕਰੇਂਗਾ ਮਹੀਆਂ ਦੇ ਮੋੜੇ?"

ਹਾਂ ਵਿੱਚ ਪੀਤੇ ਨੇ ਸਿਰ ਹਿਲਾਇਆ। ਮੂੰਹ ਵਿੱਚ ਤਾਂ ਉਸ ਦੇ ਜਿਵੇਂ ਬੋਲ ਹੀ ਨਹੀਂ ਸੀ।

'ਮਾਂ ਨੂੰ ਵੀ ਯਾਦ ਕਰੇਂਗਾ?

ਨਾਲ ਦੀ ਨਾਲ ਜਬਰੇ ਨੇ ਸੋਚਿਆ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਪੀਤਾ ਵੀ ਬਹੁਤ ਹਲਕਾ ਜਿਹਾ ਜਬਰੇ ਦੀਆਂ ਅੱਖਾਂ ਵੱਲ ਝਾਕਣ ਲੱਗਿਆ। ਜਿਵੇਂ ਕਹਿ ਰਿਹਾ ਹੋਵੇ, ਇਹ ਕਿਸ ਤਰ੍ਹਾਂ ਦਾ ਸਵਾਲ ਹੈ, ਬਾਪੂ?

ਸੂਏ ਦੇ ਦੋਵੇਂ ਪਾਸੀਂ ਖੜ੍ਹੀਆਂ ਉੱਚੀਆਂ ਉੱਚੀਆਂ ਟਾਹਲੀਆਂ ਦੇ ਪੱਤੇ ਹਰੇ ਕਚੂਰ ਸਨ। ਠੰਡੀ ਠੰਡੀ ਹਵਾ ਧੀਮੀ ਧੀਮੀ ਚੱਲ ਰਹੀ ਸੀ। ਟਾਹਲੀਆਂ ਦੇ ਪੱਤੇ ਬਹੁਤ ਥੋੜ੍ਹਾ ਹਿੱਲ ਰਹੇ ਸਨ। ਦੂਰ ਤੱਕ ਕਣਕਾਂ ਦੇ ਖੇਤ ਵਿਛੇ ਹੋਏ ਸਨ। ਕੁਦਰਤ ਦੀ ਹਰੀ ਵਿਸ਼ਾਲ ਚਾਦਰ ਅੱਖਾਂ ਨੂੰ ਸੁਖਾਵੀਂ ਸੁਖਾਵੀਂ ਲੱਗ ਰਹੀ ਸੀ। ਸੂਏ ਦਾ ਪਾਣੀ ਲਗਾਤਾਰ ਵਹਿੰਦਾ ਜਾ ਰਿਹਾ ਸੀ।ਟਾਹਲੀਆਂ ਦੇ ਸੁੱਕੇ ਪੱਤੇ, ਕਿੱਕਰ ਦੀ ਕੋਈ ਟਹਿਣੀ, ਘਾਹ ਦੀ ਕੋਈ ਤਿੜ੍ਹ ਪਾਣੀ ਦਾ ਹੀ ਹਿੱਸਾ ਬਣੇ ਜਾ ਰਹੇ ਸਨ। ਇੱਕ ਥਾਂ ਨਿਗਾਹ ਟਿਕਾਓ, ਦੂਰ ਤੱਕ ਜਾ ਕੇ ਫਿਰ ਉੱਥੇ ਹੀ ਪਰਤ ਆਉਂਦੀ ਸੀ। ਸੁਹਣੇ ਮੌਸਮ ਵਿੱਚ ਕਿੰਨੀ ਸੋਹਣੀ ਥਾਂ, ਪਰ ਜਬਰੇ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ।

208
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ