ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/224

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕੁੜੀ, ਕੁੜੀ ਨੂੰ ਚੁੱਕ ਕੇ ਲੈ ਗਈ ਤਾਂ ਉਹ ਨੇ ਹੌਲੀ ਹੌਲੀ ਚੰਦਾ ਸਿੰਘ ਦੀ ਕਾਲਜ ਪੜਦੀ ਕੁੜੀ ਦੀ ਗੱਲ ਤੋਰ ਲਈ।

‘ਲੈ, ਮੁੰਡਾ ਤਾਂ ਉਹ ਘਰ ਵੀ ਆ ਜਾਂਦੈ ਹੁਣ ਤਾਂ, ਨਾਲ ਈ ਛਿੰਦੋ ਦੇ।'

'ਕਿਹੜਾ ਪਿੰਡੋਂ ਐਂ ਅੜੀਏ?'

'ਖ਼ਬਰੈ, ਕਿਥੋਂ ਐ, ਜਾਤ ਕੁਜਾਤ ਈ ਨਾ ਹੋਵੇ? ਕੀ ਪਤੈ ਭਾਈ।'

‘ਦੇਖਣ ਨੂੰ ਤਾਂ, ਭਾਈ, ਸੋਹਣਾ ਸੁਨੱਖਾ ਲਗਦੈ।'

'ਅੱਕ ਕੱਲ੍ਹ ਤਾਂ ਫੈਂਸਲ (ਫੈਸ਼ਨ) ਨੇ ਪੱਟ ’ਤੀ ਦੁਨੀਆ। ਚੂਹੜੇ ਚਮਿਆਰਾਂ ਦੇ ਮੁੰਡੇ ਵੀ ਸਰਦਾਰਾਂ ਦੇ ਕਾਕੇ ਲੱਗਦੇ ਨੇ। ਹੁਣ ਤਾਂ ਕੋਈ ਵੀ ਧਰਮ ਨ੍ਹੀਂ ਰਿਹਾ। ਸਭ ਇੱਕੋ ਹੀ ਹੋਈ ਪਈ ਐ।'

‘ਲੈ ਹੋਰ..... ਤਾਂ ਹੀ ਤਾਂ ਲੈ ਹੋਣੈ ਸੰਸਾਰ ਨੇ।'

'ਅਕੇ, ਵਿਆਹ ਕਰਾਉਂਗੀ ਇਹ ਦੇ ਨਾਲ...?

ਸੰਤੋ ਨੇ ਫਿਰ ਓਲੀ ਵਰਗਾ ਮੂੰਹ ਬਣਾਇਆ।

‘ਕਰਾਊਂਗੀ ਨਾ, ਜਿਹੜੀ ਨਾਲ ਤੁਰੀ ਫਿਰਦੀ ਐ।'

'ਨ੍ਹੀਂ ਪਿਓ ਕੰਜਰ ਨੂੰ ਸ਼ਰਮ ਨੀ ਔਂਦੀ?'

‘ਪਿਓ ਨੂੰ ਸ਼ਰਮ ਕਾਹਦੀ ਐ। ਅਕੇ ਜੀਹਨੇ ਲਾਹ 'ਤੀ ਲੋਈ, ਕੀ ਕਰੂਗਾ ਕੋਈ। ਸ਼ਰਮ ਹੁੰਦੀ ਤਾਂ ਕੁੜੀ ਦਾ ਪੈਰ ਕਾਹਨੂੰ ਪਵੌਦਾ ਘਰੋਂ ਬਾਹਰ। ਪਿੰਡ 'ਚ ਦਸ ਜਮਾਤਾਂ ਕਰਗੀ, ਕੀ ਲੈਣਾ ਸੀ ਬੀਆ-ਐਮਾਂ ਕਰਾ ਕੇ?'

‘ਨੀ ਸੰਤੋ!'

'ਹਾਂ!'

'ਊਂ ਤਾਂ......’ ਈਸਰੀ ਦਾ ਅਟੇਰਨ ਖੜ੍ਹ ਗਿਆ।

'ਕੀ?'

'ਆਪਾਂ ਤਾਂ ਕੁੜੇ ਨ੍ਹੇਰਾ ਈ ਢੋਇਆ, ਸਾਰੀ ਉਮਰ। ਚੱਜ ਦੇ ਬੰਦੇ ਵੀ ਨਾ ਮਿਲੇ।'

'ਲੈ ਭਾਈ, ਜਿੱਥੇ ਸਾਈਂ ਰੱਖੇ, ਉੱਥੇ ਈ ਰਹਿਣਾ ਚਾਹੀਦੈ। ਭਲੇ ਘਰਾਂ ਦੀਆਂ ਧੀਆਂ ਤਾਂ ਰੱਬ ’ਤੇ ਸਾਕਰ ਰਹਿੰਦੀਆਂ ਨੇ। ਇਹੋ ਜੀਆਂ ਕੰਜਰੀਆਂ ਦਾ ਕੀਹ ਐ। ਸੰਤੋ ਕੁੜ੍ਹ ਕੁੜ੍ਹ ਕੇ ਚੰਦਾ ਸਿੰਘ ਦੀ ਲੜਕੀ ਸੁਰਿੰਦਰ ਨੂੰ ਗਾਲ੍ਹਾਂ ਕੱਢਣ ਲੱਗੀ।

ਈਸਰੀ ਦਾ ਅਟੇਰਨ ਛੇਤੀ ਛੇਤੀ ਚੱਲਣ ਲੱਗਿਆ। ਉਹ ਚੁੱਪ ਹੋ ਗਈ ਸੀ।ਸੰਤੋ ਹੀ ਬੋਲੀ ਜਾ ਰਹੀ ਸੀ। ਚੌਂਕੜੀ ’ਤੇ ਧੁੱਪ ਆ ਗਈ ਸੀ। ਗੱਲਾਂ ਦੇ ਚਸਕੇ ਵਿੱਚ ਸੰਤੋਂ ਦੀ ਪਿੱਠ 'ਤੇ ਪੈ ਰਹੀ ਬੁੱਕ ਸਾਰੀ ਧੁੱਪ ਨੂੰ ਮਹਿਸੂਸ ਨਹੀਂ ਹੋਈ ਸੀ।

ਤੇ ਫਿਰ ਬੋਹਟੀ ਵਿੱਚ ਬਚਦੇ ਦੋ ਗਲੋਟੇ ਪਹਿਲਾਂ ਤਾਂ ਈਸਰੀ ਨੇ ਚੁੱਕ ਲਏ, ਪਰ ਫਿਰ ਪਤਾ ਨਹੀਂ ਕੀ ਸੋਚ ਕੇ ਬੋਹਟੀ ਵਿੱਚ ਹੀ ਰੱਖ ਦਿੱਤੇ। ਅਟੇਰਨ ਉੱਤੋਂ ਅੱਟੀ ਲਾਹ ਕੇ ਬੋਹਟੀ ਵਿੱਚ ਰੱਖੀ ਤੇ ਖੜ੍ਹੀ ਹੋ ਕੇ ਪੀਹੜੀ ਚੁੱਕਣ ਲੱਗੀ ਕਹਿਣ ਲੱਗੀ= ‘ਚੰਗਾ ਭੈਣੇ...।'

‘ਚੰਗਾ ਕੁੜੇ, ਮੈਂ ਵੀ ਚੱਲਾਂ... ਰੋਟੀ ਪਕਾ ਲੀ ਹੋਣੀ ਐ, ਬਹੂ ਨੇ। ਦੋ ਬੁਰਕੀਆਂ ਖਾਵਾਂ ਜਾ ਕੇ।' ਹੌਲੀ ਹੌਲੀ ਸੋਟੀ ਖੜਕਾਉਂਦੀ ਸੰਤੋ ਘਰ ਨੂੰ ਜਾਣ ਲੱਗੀ।

224

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ