ਗਲੀ ਵਿੱਚ ਦੀ ਲੰਘੀ ਜਾਂਦੀ ਇੱਕ ਔਰਤ ਉਨ੍ਹਾਂ ਨੂੰ ਦਿੱਸੀ। ਉਹ ਬੋਲੀ ਨਹੀਂ ਸੀ, ਉਨ੍ਹਾਂ ਨਾਲ। ਆਪਣੇ ਮਤੇ ਵਿੱਚ ਹੀ ਨੀਵੀਂ ਪਾ ਕੇ ਲੰਘ ਗਈ। ਜੁੱਤੀ, ਸਲਵਾਰ, ਕਮੀਜ਼ ਤੇ ਚੁੰਨੀ ਸਧਾਰਨ ਵਾਂਗ ਹੀ ਉਸ ਨੇ ਪਹਿਨੀ ਹੋਈ ਸੀ।
‘ਕੁੜੇ, ਕੌਣ ਹੋਈ ਇਹ?' ਸੰਤੋ ਨੇ ਈਸਰੀ ਦੀ ਨੂੰਹ ਦੀ ਗੱਲ ਵਿਚੇ ਛੱਡ ਕੇ ਪੁੱਛਿਆ।
'ਤੈਂ ਨ੍ਹੀਂ ਪਛਾਣੀ? ਬਿੱਕਰ ਦੀ ਬਹੂ ਐ।' ਈਸਰੀ ਨੇ ਅਟੇਰਨ ਘੁੰਮਾ ਕੇ ਜਵਾਬ ਦਿੱਤਾ।
‘ਬਿੱਕਰ, ਦੇਖ ਲੈਂ ਨੌਂ ਨਮੂਦ ਨਹੀਂ ਵਚਾਰੇ ਦਾ ਕਿਤੇ।' ਹਉਕਾ ਲੈ ਕੇ ਸੰਤੋ ਨੇ ਕਿਹਾ।
'ਇਹ ਦੇ ਤਾਂ ਜੁੱਤੀ ਦੇ ਜਾਦ ਨ੍ਹੀ। ਰੰਡੀਆਂ ਤੀਵੀਆਂ ਇਹ ਦੇ ਵਾਂਗੂੰ ਰਹਿੰਦੀਆਂ ਹੁੰਦੀਆਂ ਨੇ? ਰੰਡੀਆਂ ਤਾਂ ਜੁੱਤੀ ਨ੍ਹੀਂ ਪੌਂਦੀਆਂ, ਸਿਰ ਨੀ ਵਾਹੁੰਦੀਆਂ, ਦਾਤਣ ਨ੍ਹੀਂ ਕਰਦੀਆਂ ਹੁੰਦੀਆਂ। ਇਹ ਤਾਂ ਸਾਬਣ ਲਾ ਲਾ ਨ੍ਹੌਂਦੀ ਐ। ਸੁਣਿਐ। ਕੁੜਤੀ ਸਲਵਾਰ ਦੇਖੀ ਸੀ ਕਿਵੇ ਧੋ ਸੰਵਾਰ ਕੇ ਵੱਟ ਕੱਢ ਕੇ ਪਾਈ ਹੋਈ ਐ, ਵਹਿਚਰ ਦੇ?' ਈਸਰੀ ਦਾ ਅਟੇਰਨ ਫਿਰ ਹੌਲੀ ਹੌਲੀ ਚੱਲਣ ਲੱਗਿਆ।
‘ਕਲਯੁਗ ਹੋਰ ਕੀਹਨੂੰ ਕਹਿੰਦੇ ਨੇ, ਭਾਈ। ਆਦਮੀ ਮਰੇ ਦੀ ਸ਼ਰਮ ਨ੍ਹੀ, ਤਾਂ ਧੀਆਂ ਤਿੰਨਾਂ ਦੀ ਤਾਂ ਸ਼ਰਮ ਕਰੇ। ਕੀ ਸੁਝਦੈ ਇਹ ਨੂੰ ਖਾਣ ਪਹਿਨਣ?'
‘ਗੌਰੀ ਦੇ ਨੰਦ ਰਾਮ ਦੀ ਗੱਲ ਸੁਣੀ ਐ ਤੂੰ?' ਈਸਰੀ ਨੇ ਅਟੇਰਨ ਖੜ੍ਹਾ ਕੇ ਨਵੀਂ ਗੱਲ ਤੋਰ ਦਿੱਤੀ।
‘ਕੀ ਕੁੜੇ? ਮੈਂ ਤਾਂ ਸੁਣੀ ਨ੍ਹੀ। ਸੰਤੋ ਨੇ ਆਪਣੀ ਐਨਕ ਫਿਰ ਠੀਕ ਕੀਤੀ ਤੇ ਦੂਜੀ ਲੱਤ ਵੀ ਚੌਂਕੜੀ 'ਤੇ ਧਰ ਲਈ।
‘ਕੁੜੀ, ਦੇਹ ਗਾਂ, ਰੰਡੀ ਹੋਗੀ ਸੀ। ਪਿਛਲੇ ਸਾਲ ਨੰਦ ਰਾਮ ਦੀ। ਜਿਹੜੀ ਮਾਸਟਰ ਲੱਗੀ ਹੋਈ ਹੈ।
‘ਅ੍ਹਾ ਹੋ...' ਸੰਤੋ ਨੇ ਓਲੀ ਕੌਡੀ ਵਰਗਾ ਮੂੰਹ ਬਣਾ ਕੇ ਹੁੰਗਾਰਾ ਭਰਿਆ।
'ਬਾਹਮਣਾਂ ਦੇ ਘਰ ਸੁਣੀ ਸੀ ਕਦੇ ਇਹ ਗੱਲ?'
‘ਤੂੰ ਗੱਲ ਵੀ ਕਰ।
‘ਕੁੜੀ ਨੂੰ ਹੋਰ ਥਾਂ ਬੈਠਾ ਰਹੇ ਨੇ।'
‘ਲੈ ਸੁਣ ਲੈ.....।'
‘ਸੱਚੀ ਗੱਲ ਐ, ਬਾਹਮਣਾਂ ਦੀ ਕੁੜੀ ਵਾਸਤੇ ਤਾਂ ਪਾਪ ਐ। ਭੂਆ ਨੀ ਨ੍ਹੀ ਸੀ ਕੱਟਿਆ ਰੰਡੇਪਾ ਸਾਰੀ ਉਮਰ? ਨਾਲੇ ਉਹ ਤਾਂ ਸੀ ਵੀ ਵਿਚਾਰੀ ਬਾਲ ਰੰਡ।'
‘ਕੁਝ ਨਾ ਪੁੱਛ ਭੈਣੇ। ਪੜ੍ਹਾਈਆਂ ਨੇ ਅੱਗ ਲਾ ਛੱਡੀ ਸਾਰੇ। ਪਿਛਲੀਆਂ ਗੱਲਾਂ ਤਾਂ ਰਹੀਆਂ ਈ ਨ੍ਹੀ। ਮੁੱਕਣ ’ਤੇ ਆ ਗਈ ਦੁਨੀਆ। ਚੰਗਾ ਮਾਲਕਾ......'ਸੰਤੋ ਨੇ ਫਿਰ ਹਉਕਾ ਭਰਿਆ ਤੇ ਨੱਕ ਦਾ ਸੜ੍ਹਾਕਾ ਮਾਰ ਕੇ ਐਨਕ ਠੀਕ ਕੀਤੀ।
ਈਸਰੀ ਦੀ ਪੋਤੀ ਠੁੱਸ ਠੁੱਸ ਕਰਨ ਲੱਗੀ। ਉਸ ਨੇ ਉਸ ਦਾ ਨੱਕ ਪੂੰਝਿਆ। ਉਸ ਦੇ ਹੱਥੋਂ ਦੂਰ ਜਾ ਕੇ ਡਿੱਗਿਆ ਛੁਣਛੁਣਾ ਚੁੱਕ ਕੇ ਉਸ ਨੂੰ ਫੜਾਇਆ। ਪਰ ਉਹ ਤਾਂ ਉੱਚੀ ਰੋਣ ਲੱਗ ਪਈ ਸੀ।ਫਿਰ ਉਸ ਨੇ ਵੱਡੀ ਕੁੜੀ ਨੂੰ ਹਾਕ ਮਾਰੀ ਤੇ ਕਿਹਾ- 'ਲੈ ਜਾ ਭਾਈ, ਹੁਣ ਏਸ ਨੂੰ। ਬਥੇਰਾ ਖੇਡ ਲੀ। ਹੁਣ ਨਹੀਂ ਰਹਿੰਦੀ ਇਹ ਮੇਰੇ ਕੋਲ ਐਥੇ। ਮਾਂ ਨੂੰ ਕਹਿ ਦੁੱਧ ਚੁੰਘਾ ਦੂਗੀ।'