'ਬਹੂ ਦੀ ਦੱਸ ਗੱਲ, ਰਾਮ ਐ ਹੁਣ ਕੁਸ ਲੱਤ ਨੂੰ?' ਸੰਤੋਂ ਬੁੜ੍ਹੀ ਆਪਣੀ ਸੋਟੀ ’ਤੇ ਦੋਵੇਂ ਹੱਥਾਂ ਦਾ ਭਾਰ ਦੇ ਕੇ ਝੁਕੀ ਤੇ ਗਹੁ ਨਾਲ ਈਸਰੀ ਤੋਂ ਪੁੱਛਿਆ।
ਈਸਰੀ ਬੁੜ੍ਹੀ ਆਪਣੇ ਦਰਵਾਜ਼ੇ ਅੱਗੇ ਪੱਕੀ ਚੌਕੜੀ 'ਤੇ ਪੀਹੜੀ 'ਤੇ ਬੈਠੀ ਗਲੋਟੇ ਅਟੇਰ ਰਹੀ ਸੀ। ਸਾਲ ਸਵਾ ਸਾਲ ਦੀ ਉਸ ਦੀ ਪੋਤੀ ਉਸ ਦੇ ਕੋਲ ਹੀ ਗਿਲਟ ਦਾ ਛੁਣਛੁਣਾ ਵਜਾ ਵਜਾ ਖੇਡ ਰਹੀ ਸੀ ਤੇ ਪਤਲੀ ਮਲਮਲ ਦੇ ਝੱਗੇ 'ਤੇ ਮੂੰਹ ਦੀਆਂ ਲਾਰਾਂ ਵਗਾ ਰਹੀ ਸੀ।
ਤੇ ਫਿਰ ਸੰਤੋ ਆਪਣੀਆਂ ਐਨਕਾਂ ਠੀਕ ਕਰਨ ਲੱਗੀ। ਈਸਰੀ ਨੇ ਅਟੇਰਨ ਖੜ੍ਹਾ ਕੇ ਖੰਘੂਰ ਮਾਰੀ ਤੇ ਕਹਿਣ ਲੱਗੀ- 'ਡਾਕਟਰ ਨੇ ਗੋਲੀਆਂ ਦਿੱਤੀਆਂ ਸੀ, ਖਾਈ ਜਾਂਦੀ ਐ, ਪੰਜ ਦਿਨ ਹੋਗੇ। ਸੂਆ ਵੀ ਨਿੱਤ ਲੱਗਦੈ ਇੱਕ। ਪੀਣ ਨੂੰ ਦਿੱਤੀ ਐ ਦਵਾਈ। ਪਰ ਰਾਮ ਤਾਂ, ਸੰਤ ਕੁਰੇ ਆਇਆ ਕੁਸ ਦੀਂਹਦਾ ਨੀ। ਮੰਜੇ ਤੋਂ ਥੱਲੇ ਤਾਂ ਪੈਰ ਨਹੀਂ ਲੌਂਦੀ। ਕੀ ਰਾਮ ਸਮਝੀਏ ਭਲਾ?'
'ਕੋਈ ਪੁੱਛਿਆ ਕਢਾ ਕੇ ਈ ਦੇਖ ਲੈਂਦੇ।' ਸੰਤੋ ਸੋਟੀ ਨੂੰ ਪਰ੍ਹਾਂ ਰੱਖ ਕੇ ਚੌਕੜੀ ’ਤੇ ਬੈਠ ਗਈ। ਇੱਕ ਪੈਰ ਉੱਤੇ ਅਤੇ ਇੱਕ ਥੱਲੇ ਲਮਕਾ ਲਿਆ। ਗੱਲ ਤਾਂ ਉਹ ਈਸਰੀ ਨਾਲ ਕਰਦੀ ਸੀ, ਪਰ ਨਿਗਾਹ ਉਸ ਦੀ ਗਲੀ ਵੱਲ ਸੀ। ਇੱਕੜ ਦੁੱਕੜ ਆਉਂਦੇ ਜਾਂਦੇ ਲੋਕਾਂ ਨੂੰ ਮੈਂ ਧਿਆਨ ਨਾਲ ਦੇਖ ਲੈਂਦੀ।
'ਪੁੱਛ ਵੀ ਕਢਾਈ ਸੀ, ਮੈਂ ਤਾਂ ਮੁੰਡੇ ਤੋਂ ਚੋਰੀਓ। ਲਾਲਾਂ' ਆਲੇ ਦੀ ਨਿਕਲੀ। ਮੱਥਾ ਟੇਕਣ ਲੱਗੀ ਬਹੂ ਤਾਂ ਮੁੰਡੇ ਨੇ ਕਲੇਸ਼ ਪਾ ਲਿਆ। ਤੈਨੂੰ ਪਤਾ ਈ ਐ ਕਾਸੇ ਨੂੰ ਨਹੀਂ ਮੰਨਦਾ। ਪਤਾ ਨਹੀਂ ਕੀਹਨੇ ਦੇ ਦਿੱਤੀ ਮੱਤ ਚੰਦਰੇ ਨੂੰ। ਕਹਿੰਦਾ, ਦੇਵੀ ਦੇਵਤਾ ਕੋਈ ਚੀਜ਼ ਈ ਨਹੀਂ। ਟੂਣੇ ਟਾਮਣ ਸਭ ਪਖੰਡ ਐ। ਲੁੱਟਣ ਖਾਣ ਦੇ ਢਕਵੰਜ ਖੜ੍ਹੇ ਕੀਤੇ ਨੇ ਵਿਹਲੇ ਲੋਕਾਂ ਦੇ।' ਈਸਰੀ ਦਾ ਅਟੇਰਨ ਬਹੁਤ ਹੌਲੀ ਚੱਲ ਰਿਹਾ ਸੀ।
'ਅੱਛਿਆ, ਐਂ ਬੋਲਦੈ?'
‘ਹੋਰ ਤਾਂ ਹੀ ਤਾਂ ਮੁਸੀਬਤ ਨੂੰ ਫੜਿਆ ਬੈਠੇ। ਜੇਹੇ ਜਾ ਕਰੀਂ ਜਾਂਦੈ, ਉਹੋ ਜਾਂ ਭਰੀ ਜਾਂਦੈ। ਪੁੱਤ ਤਾਂ ਆਬਦੈ ਫੇਰ ਵੀ, ਨੂੰਹ ਘਰ ਦੀ ਨਿਉਂ ਜੜ੍ਹ ਹੈ। ਝੱਲਿਆ ਨੀ ਜਾਂਦਾ ਦੁੱਖ। ਮੈਂ ਤਾਂ ਫੇਰ ਵੀ ਓਹੜ ਪੋਹੜ ਕਰੀਂ ਜਾਨੀ ਆਂ।'
'ਮੁੰਡਾ ਨਾ ਮੰਨੇ, ਬਹੁ ਨੂੰ ਕਹਿ, ਮੰਨੇ ਸਿੱਧੀ ਹੋ ਕੇ ਵਚਾਰੇ ਸਤਿਆਮਾਨ ਲਾਲਾਂ 'ਆਲੇ ਨੂੰ। ਗਹਿਣਾ ਚੱਕ ਕੇ ਰੱਖ ਦਿਓ। ਭੈਰੋਂ (ਕਾਲੇ ਕੁੱਤੇ) ਨੂੰ ਰੋਟੀ ਪਾਓ, ਸੱਤ ਡੰਗ-ਦੱਸਿਆ ਜਿਵੇਂ ਭਲਾਂ ‘ਸਿਆਣੇ' ਨੇ। ਰਾਮ ਕਿਵੇਂ ਨਹੀਂ ਆਊ, ਆਪੇ ਆਊ। ਡਾਕਧਾਰਾਂ ਕੋਲ ਕੁਸ ਨੀ ਈਸਰੀ।’
222
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ