ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਔਰਤਾਂ ਦਾ ਵਪਾਰੀ


ਲਾਲਾ ਜਦ ਪੂਰਾ ਘੂਕਰ ਗਿਆ, ਉਹ ਘਰ ਆ ਕੇ ਮਸ੍ਹਾਂ ਹੀ ਰਾਤ ਕੱਟਦਾ। ਹੁਣ ਉਹ ਉਨ੍ਹਾਂ ਮੁੰਡਿਆਂ ਦੀ ਢਾਣੀ ਵਿੱਚ ਰਹਿੰਦਾ, ਜਿਹੜੇ ਘਰ ਦੇ ਕੰਮ ਦਾ ਡੱਕਾ ਨਹੀਂ ਸੀ ਤੋੜਦੇ। ਸਾਰਾ ਦਿਨ ਸੱਥ ਵਿੱਚ ਖੁੰਢਾਂ ’ਤੇ ਬੈਠੇ ਰਹਿੰਦੇ। ਜਾਂ ਤਾਂ ਤਾਸ਼ ਖੇਡਦੇ ਤੇ ਜਾਂ ਆਉਂਦੀ ਜਾਂਦੀ ਤੀਵੀਂ ਵੱਲ ਝਾਕ ਕੇ ਮੁੱਛਾਂ ਨੂੰ ਵੱਟ ਦਿੰਦੇ ਰਹਿੰਦੇ। ਆਥਣ ਨੂੰ ਘਰ ਦੀ ਕੱਢੀ ਸ਼ਰਾਬ ਪੀਂਦੇ। ਕੁੜਤਾ, ਚਾਦਰਾ ਤੇ ਸਾਫ਼ਾ ਚਿੱਟੇ ਸਫ਼ੈਦ, ਲਾਜਵਰ ਦੇ ਕੇ ਰੱਖਦੇ ਤੇ ਕਿਤੇ ਮੈਲ ਦਾ ਚਹੁ ਨਾ ਲੱਗਣ ਦਿੰਦੇ।

ਨਾਲ ਦੇ ਪਿੰਡ ਵਾਲਾ ਘੀਚਰ ਬਦਮਾਸ਼ ਇੱਕ ਦਿਨ ਉਨ੍ਹਾਂ ਕੋਲ ਇੱਕ ਤੀਵੀਂ ਲੈ ਆਇਆ। ਘੀਚਰ ਨੇ ਉਸ ਤੀਵੀਂ ਸਮੇਤ ਲਾਲੇ ਹੋਰਾਂ ਕੋਲ ਤਿੰਨ ਰਾਤਾਂ ਕੱਟੀਆਂ। ਤਿੰਨ ਦਿਨ ਬੱਕਰਾ ਸ਼ਰਾਬ ਉਡਦੀ ਰਹੀ। ਤੀਵੀਂ ਉਹ ਘੀਚਰ ਨੇ ਸੌ ਮੀਲ ਦੂਰ ਤੋਂ ਕਿਤੋਂ ਉਧਾਲ ਕੇ ਲਿਆਂਦੀ ਸੀ। ਚੌਥੇ ਦਿਨ ਉਹ ਤੀਵੀਂ ਘੀਚਰ ਨੇ ਲਾਲੇ ਵਿੱਚ ਦੀ ਪੈ ਕੇ ਉੱਥੇ ਹੀ ਇੱਕ ਫ਼ੌਜੀ ਪੈਨਸ਼ਨੀਏ ਨੂੰ ਦੋ ਸੌ ਰੁਪਈਏ ਦੀ ਵੇਚ ਦਿੱਤੀ।

ਲੰਡੇ ਨੂੰ ਖੁੰਡਾ ਕਹਿੰਦੇ ਸੌ ਕੋਹ ਦਾ ਵਿੰਗ ਪਾ ਕੇ ਵੀ ਮਿਲ ਜਾਂਦਾ ਹੈ। ਲਾਲਾ ਵੀ ਘੀਚਰ ਦਾ ਪੂਰਾ ਜੁੰਡੀਦਾਰ ਹੋ ਗਿਆ। ਘੀਚਰ ਤਾਂ ਅਧਖੜ ਸੀ, ਪਰ ਲਾਲਾ ਛਟੀ ਵਰਗਾ ਗੱਭਰੂ ਸੀ। ਹੁਣ ਉਹ ਦੋਵੇਂ ਜਿੱਥੇ ਜਾਂਦੇ ਇਕੱਠੇ ਜਾਂਦੇ।

ਇੱਕ ਵਾਰੀ ਉਹ ਛਪਾਰ ਦੇ ਮੇਲੇ ਗਏ। ਮੁੜਦੇ ਹੋਏ ਉਨ੍ਹਾਂ ਨੇ ਰਾਹ ਵਿੱਚ ਇੱਕ ਪਿੰਡ ਰਾਤ ਕੱਟੀ। ਉੱਥੇ ਉਨ੍ਹਾ ਦੀ ਕੋਈ ਮਾੜੀ ਮੋਟੀ ਸਿਆਣ ਗਿਆਣ ਸੀ। ਜਿਨ੍ਹਾਂ ਦੇ ਘਰ ਰਾਤ ਕੱਟੀ, ਉਨ੍ਹਾਂ ਦੇ ਗਵਾਂਢ ਵਿੱਚ ਹੀ ਇੱਕ ਜੁਲਾਹੇ ਦਾ ਘਰ ਸੀ। ਜੁਲਾਹਾ ਤਾਂ ਖਾਂਘੂ ਜਿਹਾ ਸੀ, ਪਰ ਜੁਲਾਹੀ ਪੂਰੀ ਤੇਜ਼ ਤਰਾਰ। ਅੱਖਾਂ ਵਿੱਚ ਹੀ ਹੱਸਦੀ ਦੇਖ ਕੇ ਘੀਚਰ ਨੇ ਲਾਲੇ ਨੂੰ ਸ਼ਿੰਗਾਰ ਦਿੱਤਾ, 'ਮੇਰੇ ’ਚ ਤਾਂ ਹੁਣ ਦਮ ਨੀ, ਤੂੰ ਛੇੜ ਕੇ ਦੇਖ।’ ਲਾਲੇ ਵਰਗੇ ਜਵਾਨ ਨੂੰ ਦੇਖ ਕੇ ਜੁਲਾਹੀ ਦੀ ਚਾਂਗ ਨਿਕਲ ਗਈ। ਦੂਜੇ ਦਿਨ ਵੀ ਉਹ ਉੱਥੇ ਹੀ ਰਹੇ। ਅੱਧੀ ਰਾਤ ਟੱਪੀ ਤੋਂ ਦਿਨ ਚੜ੍ਹਦੇ ਨੂੰ ਉਨ੍ਹਾਂ ਨੇ ਜੁਲਾਹੀ ਪਿੰਡ ਲਿਆ ਮਾਰੀ। ਇੱਕ-ਦੋ ਦਿਨ ਰੱਖ ਕੇ ਫੇਰ ਪਤਾ ਨਹੀਂ ਕਿੱਧਰ ਚਲਾ ਦਿੱਤੀ।

ਘੀਚਰ ਨੇ ਲਾਲੇ ਨੂੰ ਪੂਰਾ ਹੱਥ ਦੇ ਦਿੱਤਾ। ਉਸ ਨੂੰ ਭੁੱਸ ਪੈ ਗਿਆ। ਹੁਣ ਉਹ ਸੌ-ਸੌ ਕੋਹ ਦੂਰ ਨਿਕਲ ਜਾਂਦੇ। ਇਕੱਲਾ-ਦੁਕੱਲਾ ਆਦਮੀ ਦੇਖਦੇ, ਨਾਲ ਤੀਵੀਂ ਹੁੰਦੀ ਤਾਂ ਖੋਹ ਲੈਂਦੇ। ਆਦਮੀ ਨੂੰ ਕੁੱਟ ਕੇ ਸੁੱਟ ਜਾਂਦੇ। ਕਿਸੇ ਨੂੰ ਦਰਖ਼ਤ ਨਾਲ ਨੂੜ ਆਉਂਦੇ। ਤੀਵੀਂ ਨੂੰ ਆਪਣੇ ਪਿੰਡਾਂ ਵੱਲ ਲੈ ਆਉਂਦੇ। ਪੰਜ-ਦਸ ਦਿਨ ਰੱਖਦੇ ਤੇ ਫੇਰ ਵੇਚ ਦਿੰਦੇ।

44

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ