ਸਫ਼ੈਦ ਰਾਤ ਦਾ ਜ਼ਖ਼ਮ
ਧੂਣੇ ਦੀ ਲੱਕੜ ਨੂੰ ਚਿਮਟੇ ਦੀ ਹੁੱਜ ਨਾਲ ਉਸ ਨੇ ਠੋਹਕਰਿਆ, ਦੋ-ਤਿੰਨ ਨਿੱਕੀਆਂ ਅੰਗਿਆਰੀਆਂ ਲਾਲ ਬਿੰਬ ਚਮਕਾਰਾ ਦੇ ਕੇ ਸੁਆਹ ’ਤੇ ਡਿੱਗ ਪਈਆਂ। ਉਸ ਨੂੰ ਸੇਕ ਮੂਹਰੇ ਬੈਠਿਆਂ ਵੀ ਪਾਲ਼ੇ ਦੀ ਧੁੜਧੁੜੀ ਆਈ। ਇੱਕ ਮੌਤ ਵਰਗੀ ਨਮੋਸ਼ੀ ਨੇ ਉਸ ਦਾ ਲੂੰ-ਲੂੰ ਡੰਗਿਆ ਹੋਇਆ ਸੀ। ਵੱਡੇ ਤੜਕੇ ਨੰਬਰਦਾਰ ਦੀ ਵੱਡੀ ਨੂੰਹ ਆਵੇਗੀ ਤਾਂ ਉਹ ਉਸ ਨੂੰ ਕੀ ਜਵਾਬ ਦੇਵੇਗਾ?
ਮੰਗਲ ਦਾਸ ਦੀ ਦਾੜ੍ਹੀ ਵਿੱਚ ਇੱਕ ਵੀ ਧੌਲ਼ਾ ਅਜੇ ਨਹੀਂ ਉੱਗਿਆ ਸੀ। ਉਸ ਦੇ ਚਿਹਰੇ 'ਤੇ ਇੱਕ ਵੀ ਲਕੀਰ ਨਹੀਂ ਉੱਭਰੀ ਸੀ। ਉਸ ਦੀਆਂ ਅੱਖਾਂ ਵਿੱਚ ਪੂਰੀ ਚਮਕ ਸੀ। ਉਸ ਦੇ ਪਿੰਡੇ ਦੀਆਂ ਗੁਲਾਈਆਂ ਤਕੜੀਆਂ ਤੇ ਕਾਠੀਆਂ ਸਨ। ਨੰਬਰਦਾਰ ਦੀ ਵੱਡੀ ਨੂੰਹ ਉਸ ’ਤੇ ਬਹੁਤਾ ਹੀ ਡੁੱਲ੍ਹ ਗਈ। ਉਂਝ ਤਾਂ ਨੰਬਰਦਾਰ ਦਾ ਵੱਡਾ ਮੁੰਡਾ ਪੂਰਾ ਰਿਸ਼ਟ-ਪੁਸ਼ਟ ਸੀ, ਪਰ ਕੁਦਰਤ ਦੀ ਖੇਡ, ਉਹ ਆਪਣੀ ਪਤਨੀ ਨੂੰ ਕੋਈ ਬੱਚਾ ਨਹੀਂ ਦੇ ਸਕਿਆ। ਉਸ ਪਿੰਡ ਦੀਆਂ ਕੁੜੀਆਂ, ਬੁੜ੍ਹੀਆਂ ਤੇ ਬਹੂਆਂ ਆਥਣ ਵੇਲੇ ਮੱਥਾ ਟੇਕਣ ਮੰਗਲ ਦਾਸ ਦੇ ਟਿੱਲੇ ’ਤੇ ਆਉਂਦੀਆਂ। ਉਨ੍ਹਾਂ ਨਾਲ ਨੰਬਰਦਾਰ ਦੀ ਵੱਡੀ ਨੂੰਹ ਵੀ ਕਈ ਦਿਨ ਆਈ ਤੇ ਅੱਜ ਦੀ ਆਥਣ ਦੂਜੀਆਂ ਤੋਂ ਅੱਖ ਬਚਾ ਕੇ ਉਹ ਕੋਈ ਗੁੱਝਾ ਇਸ਼ਾਰਾ ਮੰਗਲ ਦਾਸ ਨੂੰ ਕਰ ਗਈ। ਤੇ ਫੇਰ ਸਾਰਿਆਂ ਦੇ ਨਾਲ ਤੁਰ ਜਾਣ ਬਾਅਦ ਬਿੰਦ ਦੀ ਬਿੰਦ ਵਾਪਸ ਮੁੜੀ ਤੇ ਵੱਡੇ ਤੜਕੇ ਆਉਣ ਬਾਰੇ ਦੱਸ ਗਈ। ਪੈਰੀਂ ਹੱਥ ਲਾਉਣ ਲੱਗੀ ਮੰਗਲ ਦਾਸ ਦੇ ਪੈਰ ਦਾ ਗੂਠਾ ਵੀ ਦੱਬ ਗਈ। ਉਹ ਤਾਂ ਸੁੰਨ ਬਣਿਆ ਹੀ ਬੈਠਾ ਰਹਿ ਗਿਆ। ਉਸ ਦੇ ਮੂੰਹੋ ਤਾਂ ਕੁਝ ਸਰਿਆ ਹੀ ਨਹੀਂ ਤੇ ਹੁਣ ਅੱਧੀ ਰਾਤ ਤੱਕ ਜਾਗਦਾ ਧੂਣੇ ਮੂਹਰੇ ਬੈਠਾ ਉਹ ਝੂਰ ਰਿਹਾ ਸੀ ਕਿ ਉਹ ਜੇ ਆ ਗਈ ਤਾਂ ਧਰਤੀ ਦੇ ਕਿਸ ਬਿਆੜ ਵਿੱਚ ਉਹ ਗਰਕ ਹੋ ਸਕੇਗਾ?
ਜੱਗਾ ਸੁਲਫ਼ਈ ਆਖ਼ਰੀ ਚਿਲਮ ਪੀ ਕੇ ਕਦੋਂ ਦਾ ਘਰ ਨੂੰ ਜਾ ਚੁੱਕਿਆ ਸੀ। ਗੋਧੂ ਨਾਈ ਟਿੱਲੇ ਦੇ ਸਾਰੇ ਨਿੱਕੇ-ਮੋਟੇ ਕੰਮ ਨਿਪਟਾ ਕੇ ਧੂਣੇ ਤੋਂ ਦੂਰ ਕੱਚੀ ਇੱਟ ਦੇ ਓਟਿਆਂ ਵਾਲੀ ਕਪਾਹ ਦੀਆਂ ਛਿਟੀਆਂ ਦੀ ਛਪਰੀ ਵਿੱਚ ਤੱਪੜੀ ’ਤੇ ਲਾਲ ਗੁੱਦੜ ਵਲ੍ਹੇਟੀ ਸੁੱਤਾ ਪਿਆ ਸੀ। ਟੋਭੇ ਦੇ ਸ਼ਾਂਤ ਡੂੰਘੇ ਪਾਣੀ ਵਿੱਚੋਂ ਇੱਕ ਮੁਰਗਾਬੀ ਨਿਕਲੀ ਤੇ ਟਿੱਲੇ ਦੇ ਉੱਤੋਂ ਦੀ ਫੜਫੜਾਉਂਦੀ ਗੇੜਾ ਦੇ ਕੇ ਪਾਣੀ ਵਿੱਚ ਹੀ ਫੇਰ ਜਾ ਡੁੱਬੀ। ਅਸਮਾਨ 'ਤੇ ਪੂਰਾ ਚੰਦ ਬਰਫ਼ ਦੀ ਤਸ਼ਤਰੀ ਵਾਂਗ ਤੈਰ ਰਿਹਾ ਸੀ। ਜਿਵੇਂ ਇੱਕ ਸੂਰਜ ਛਿਪਿਆ ਹੋਵੇ, ਦੂਜਾ ਚੜ੍ਹ ਪਿਆ ਹੋਵੇ। ਸਫ਼ੈਦ ਰਾਤ ਦੀ ਖ਼ਾਮੋਸ਼ੀ ਨੇ ਮੰਗਲ ਦਾਸ ਨੂੰ ਸਗੋਂ ਹੋਰ
48
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ