ਉਸ ਡੇਰੇ ਦੇ ਮਹੰਤ ਨੇ ਇੱਕ ਹੋਰ ਗੱਦੀ ਸਥਾਪਤ ਕੀਤੀ ਹੋਈ ਸੀ। ਯੋਗਤਾ ਦੇਖ ਕੇ ਉਸ ਸਥਾਨ 'ਤੇ ਮੰਗਲ ਦਾਸ ਨੂੰ ਭੇਜ ਦਿੱਤਾ ਗਿਆ। ਉਸ ਪਿੰਡ ਵਿੱਚ ਜਾਣ ਸਾਰ ਮੰਗਲ ਦਾਸ ਦੀ ਮਹਿਮਾ ਬਣ ਗਈ। ਉਸ ਵਰਗਾ ਤਿਆਗੀ ਸਾਧ ਤਾਂ ਉਸ ਪਿੰਡ ਵਿੱਚ ਕਦੇ ਆਇਆ ਹੀ ਨਹੀਂ ਸੀ। ਉਹ ਤਾਂ ਕਰਨੀ ਵਾਲਾ ਸੀ। ਉਸ ਦੇ ਤਾਂ ਬੋਲ ਪੂਰੇ ਹੁੰਦੇ। ਔਰਤ ਵੱਲ ਝਾਕਦਾ ਨਹੀਂ ਸੀ। ਮਾਇਆ ਦਾ ਉਸ ਨੂੰ ਮੋਹ ਨਹੀਂ ਸੀ। ਉਹ ਤਾਂ ਅੱਠੇ ਪਹਿਰ ਭਜਨ ਬੰਦਗੀ ਵਿੱਚ ਮਗਨ ਰਹਿੰਦਾ। ਉਸ ਦੇ ਟਿੱਲੇ ਤੇ ਬੁੱਢੇ ਆਉਂਦੇ, ਜਵਾਨ ਤੇ ਅੱਧਖੜ ਵਿਆਹੇ-ਵਰੇ ਆਉਂਦੇ। ਕੁੜੀਆਂ, ਬੁੜ੍ਹੀਆਂ ਤੇ ਬਹੂਆਂ ਵੀ ਆਉਣ ਲੱਗੀਆਂ
ਚਾਰ ਸਾਲ ਤੋਂ ਉਹ ਉਸ ਪਿੰਡ ਵਿੱਚ ਰਹਿ ਰਿਹਾ ਸੀ। ਟਿੱਲਾ ਪਿੰਡ ਤੋਂ ਬਾਹਰਵਾਰ ਸੀ। ਮੰਗਲ ਦਾਸ ਨੂੰ ਲੱਗਦਾ ਜਿਵੇਂ ਇਹ ਸੰਸਾਰ ਤਾਂ ਨਾਸ਼ਵਾਨ ਹੈ। ਇੱਥੋਂ ਦੀ ਤਾਂ ਕੋਈ ਵੀ ਚੀਜ਼ ਸਥਿਰ ਨਹੀਂ। ਇੱਕ ਦੂਜੇ ਨਾਲ ਰਿਸ਼ਤੇ-ਨਾਤੇ ਤਾਂ ਸਭ ਝੂਠੇ ਹਨ। ਪ੍ਰਮਾਤਮਾ ਦਾ ਨਾਂ ਹੀ ਇੱਕ ਸੱਚਾ ਹੈ। ਪਰ ਕਦੇ-ਕਦੇ ਉਸ ਨੂੰ ਮਹਿਸੂਸ ਹੁੰਦਾ ਕਿ ਇਹ ਸੰਸਾਰ ਤਾਂ ਭੋਗਣ ਵਾਲੀ ਵਸਤੂ ਹੈ, ਮਾਨਣ ਵਾਲਾ ਪਦਾਰਥ ਹੈ। ਸਾਧ ਹੋ ਕੇ ਤਾਂ ਮਨੁੱਖ ਬਹੁਤ ਵੱਡਾ ਪਾਪ ਕਰਦਾ ਹੈ। ਜ਼ਿੰਦਗੀ ਨਾਲ ਧੋਖਾ। ਅਜਿਹੇ ਪਲਾਂ ਵਿੱਚ ਉਸ ਨੂੰ ਔਰਤ ਦੀ ਜ਼ਰੂਰਤ ਮਹਿਸੂਸ ਹੁੰਦੀ। ਕਦੇ-ਕਦੇ ਤਾਂ ਬਹੁਤ ਹੀ ਸ਼ਿੱਦਤ ਨਾਲ ਉਹ ਸੋਚਦਾ, ਇੱਕ ਸੀਤੋ ਜੇ ਨਹੀਂ ਮਿਲੀ ਤਾਂ ਜ਼ਿੰਦਗੀ ਨੂੰ ਧੱਕਾ ਤਾਂ ਨਹੀਂ ਦੇਣਾ ਚਾਹੀਦਾ। ਕਿਸੇ ਇੱਕ ਪਿੱਛੇ ਮਰਨ ਦੀ ਕੀ ਲੋੜ ਹੈ। ਉਹ ਨਹੀਂ ਤਾਂ ਹੋਰ ਸਹੀ। ਉਸ ਦਾ ਜੀਅ ਕਰਦਾ ਕਿ ਸਾਧਗਿਰੀ ਛੱਡ ਕੇ ਵਿਆਹ ਕਰਵਾ ਲਵੇ ਤੇ ਮਨੁੱਖਾਂ ਵਾਲੀ ਸਾਦੀ ਪੱਧਰੀ ਜ਼ਿੰਦਗੀ ਬੀਤ ਕਰੇ। ਇੱਕ ਵਾਰ ਤਾਂ ਉਸ ਦੀ ਇਹ ਮਨੋਦਸ਼ਾ ਕਈ ਦਿਨ ਉਸ ਦਾ ਪਿੱਛਾ ਕਰਦੀ ਰਹੀ। ਤੇ ਫਿਰ ਉਹ ਇਸ ਫ਼ੈਸਲੇ 'ਤੇ ਪਹੁੰਚ ਗਿਆ ਕਿ ਔਰਤ ਭੋਗ ਇੱਕ ਸਾਰਥਕ ਕਰਮ ਹੈ। ਇਨ੍ਹਾਂ ਦਿਨਾਂ ਵਿੱਚ ਹੀ ਉਸ ਪਿੰਡ ਦੀ ਇਕ ਭਰ ਜਵਾਨ, ਪਰ ਛੁਟੜ ਲੜਕੀ ਨਾਲ ਉਸ ਦਾ ਸਰੀਰਕ ਸਬੰਧ ਹੋ ਗਿਆ। ਕੁੜੀ ਉਹ ਆਪਣੇ-ਆਪ ਹੀ ਹਨੇਰੀ ਦੇ ਝਾਫ਼ੇ ਵਾਂਗ ਮੰਗਲ ਦਾਸ ਵਿੱਚ ਆ ਵੱਜੀ। ਪਤਾ ਨਹੀਂ ਕਿਹੜੀ ਗੱਲ ਤੋਂ ਉਸ ਦੇ ਪਤੀ ਨੇ ਉਸ ਨੂੰ ਪੇਕੀਂ ਛੱਡ ਰੱਖਿਆ ਸੀ। ਕਾਮ ਅਗਨੀ ਵਿੱਚ ਅੰਨ੍ਹੀ ਉਹ ਕੋਈ ਮਰਦ ਭਾਲਦੀ। ਸੋ, ਮੰਗਲ ਦਾਸ ਨਾਲ ਉਸ ਦਾ ਮੇਲ ਹੋ ਗਿਆ। ਤੇ ਫਿਰ ਮੰਗਲ ਦਾਸ ਦੀ ਅਧਿਆਤਮਿਕਤਾ ਦੁਨਿਆਵੀਂ ਵਿਚਾਰਾਂ ਵਿੱਚ ਤਬਦੀਲ ਹੋ ਕੇ ਰਹਿ ਗਈ। ਦਿੱਸਦਾ ਸੰਸਾਰ ਇਕ ਹਕੀਕਤ ਬਣ ਗਿਆ। ਉਦੋਂ ਹੀ ਕੰਨ ਉਘੜੇ, ਜਦੋਂ ਉਸ ਲੜਕੀ ਨੂੰ ਗਰਭ ਠਹਿਰ ਗਿਆ। ਮੰਗਲ ਦਾਸ ਨੂੰ ਘਬਰਾਹਟ ਹੋਈ। ਪਿੰਡ ਵਿੱਚ ਉਸ ਦਾ ਕਿੰਨਾ ਮਾਣ ਤਾਨ ਹੈ। ਉਹ ਤਾਂ ਦੇਵਤਾ ਸਰੂਪ ਸਾਧ ਸਮਝਿਆ ਜਾਂਦਾ ਹੈ। ਚੌਥੇ ਮਹੀਨੇ ਹੀ ਕੱਖਾਂ ਵਿਚਲੀ ਅੱਗ ਭੜਕ ਉੱਠੀ। ਪਤਾ ਨਹੀਂ ਕਿਉਂ ਉਹ ਤਾਂ ਆਪਣਾ ਹਮਲ ਗਿਰਾ ਕੇ ਵੀ ਰਾਜ਼ੀ ਨਹੀਂ ਸੀ। ਸਾਫ਼ ਕਹਿ ਰਹੀ ਸੀ ਕਿ ਉਹ ਮੰਗਲ ਦਾਸ ਕੋਲ ਜਾਂਦੀ ਹੁੰਦੀ। ਜਿਹੜਾ ਸੁਣੇ, ਦੰਦਾਂ ਹੇਠ ਜੀਭ ਲਵੇ। ਇਸ ਗੱਲ ਦਾ ਕੋਈ ਵਿਸ਼ਵਾਸ ਹੀ ਨਾ ਕਰੇ। ਸਭ ਆਖਣ, ਕੁੜੀ ਝੂਠ ਬੋਲਦੀ ਐ। ਪਤਾ ਨਹੀਂ ਕੀਹਦਾ ਪਾਪ ਖਰੀਦ ਬੈਠੀ। ਸਾਧ ਦਾ ਤਾਂ ਨਾਉਂ ਬਦਨਾਮ ਕਰਦੀ ਐ ਐਵੇਂ।
50
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ