ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਰਹਿ ਕੇ ਪ੍ਰਮਾਤਮਾ ਦੇ ਨੇੜੇ ਹੋਣ ਦੀਆਂ ਸਿਖਿਆਵਾਂ ਦਿੰਦਾ। ਮਾੜੇ ਕੰਮਾਂ ਤੋਂ ਰੋਕਦਾ, ਸ਼ਰਾਬ, ਫ਼ੀਮ ਦੇ ਔਗੁਣ ਦੱਸਦਾ। ਦਵਾਈ ਬੂਟੀ ਵੀ ਕਰਦਾ।

ਉਹ ਕਿਸੇ ਔਰਤ ਵੱਲ ਕਦੇ ਅੱਖ ਭਰ ਕੇ ਨਹੀਂ ਝਾਕਿਆ ਸੀ। ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਕਦੇ ਆਈ ਹੀ ਨਹੀਂ ਸੀ। ਉਸ ਦੀ ਜ਼ਿੰਦਗੀ ਤਾਂ ਇੱਕ ਹੀਜੜੇ ਦੀ ਜ਼ਿੰਦਗੀ ਸੀ। ਪਰ ਇਸ ਗੱਲ ਦਾ ਪਤਾ ਪਿੰਡ ਵਿੱਚ ਕਿਸੇ ਨੂੰ ਵੀ ਨਹੀਂ ਸੀ। ਇਹ ਪਿੰਡ ਤਾਂ ਉਸ ਪਿੰਡ ਤੋਂ ਸੌ ਮੀਲ ਦੂਰ ਸੀ। ਮੰਗਲ ਦਾਸ ਦੀ ਜਨਮ ਭੂਮੀ ਤੋਂ ਵੀ ਸੱਠ-ਸੱਤਰ ਮੀਲ ਦੂਰ। ਉੱਧਰ ਦਾ ਬੰਦਾ ਤਾਂ ਕੋਈ ਏਧਰ ਕਦੇ ਆਇਆ ਹੀ ਨਹੀਂ ਸੀ। ਪਤਾ ਨਹੀਂ ਨੰਬਰਦਾਰ ਦੀ ਵੱਡੀ ਨੂੰਹ ਦਾ ਦਿਲ ਮੰਗਲ ਦਾਸ ’ਤੇ ਕਿਉਂ ਆ ਗਿਆ ਸੀ?

ਉਹ ਉਸ ਨੂੰ ਮੂੰਹੋਂ ਬੋਲ ਕੇ ਕੀ ਦੱਸਦਾ?

ਅੱਧੀ ਤੋਂ ਬਹੁਤੀ ਰਾਤ ਟੱਪ ਚੁੱਕੀ ਸੀ। ਚੰਦ ਟਿੱਲੇ ਤੋਂ ਥੋੜ੍ਹੀ ਦੂਰ ਖੜ੍ਹੀ ਉੱਚੀ ਨਿੰਮ੍ਹ ਦੀ ਪਿੱਠ ਪਿੱਛੇ ਜਾ ਖੜ੍ਹਾ। ਗੋਧੂ ਨਾਈ ਛੱਪਰੀ ਵਿੱਚ ਪਿਆ ਹੌਲੀ-ਹੌਲੀ ਖੰਘ ਰਿਹਾ ਸੀ। ਤੇ ਫਿਰ ਮੰਗਲ ਦਾਸ ਨੇ ਧੂਣੇ ਦੀ ਲੱਕੜ ਵਿੱਚ ਇੱਕ ਹੁੱਜ ਹੋਰ ਮਾਰੀ। ਇਸ ਵਾਰ ਕੋਈ ਅੰਗਿਆਰੀ ਨਹੀਂ ਡਿੱਗੀ। ਅੱਗ ਸੌਂ ਗਈ ਲੱਗਦੀ। ਮੰਗਲ ਦਾਸ ਖੜ੍ਹਾ ਹੋ ਗਿਆ। ਉਸ ਦੇ ਮੂੰਹੋਂ ਆਲੱਖ ਨਿਰੰਜਣ ਨਹੀਂ ਨਿਕਲਿਆ। ਨਹੀਂ ਤਾਂ ਜਦ ਕਦੇ ਵੀ ਉਹ ਧਰਤੀ ਤੋਂ ਖੜ੍ਹਾ ਹੁੰਦਾ ਤਾਂ ਅਗਵਾੜੀ ਲੈਂਦਾ ਤੇ ‘ਆਲੱਖ ਨਿਰੰਜਣ’ ਕਹਿੰਦਾ। ਹੁਣ ਤਾਂ ਉਸ ਨੇ ਅਗਵਾੜੀ ਵੀ ਕੋਈ ਨਹੀਂ ਲਈ। ਉਸ ਨੇ ਦੇਖਿਆ, ਟੋਭੇ ਦੀ ਪੱਤਣ ਦੇ ਨਾਲ-ਨਾਲ ਕੋਈ ਪਰਛਾਵਾਂ ਟਿੱਲੇ ਵੱਲ ਵਧਿਆ ਆ ਰਿਹਾ ਹੈ। ਨੇੜਿਓਂ ਪਤਾ ਲੱਗਾ, ਉਹ ਤਾਂ ਨੰਬਰਦਾਰ ਦੀ ਵੱਡੀ ਨੂੰਹ ਹੈ। ਹੱਥ ਵਿੱਚ ਗੜਵੀ ਦੁੱਧ ਦੀ ਭਰੀ ਹੋਵੇਗੀ। ਚਾਦਰ ਦੀ ਬੁੱਕਲ। ਮੰਗਲ ਦਾਸ ਦੇ ਸਰੀਰ ਨੂੰ ਇੱਕ ਕੰਬਣੀ ਚੜ੍ਹੀ। ਇੱਕ ਬਿੰਦ ਉਸ ਨੇ ਪਤਾ ਨਹੀਂ ਕੀ ਸੋਚਿਆ, ਸਿਰਮਦਾਨ ਭੱਜ ਕੇ ਟੋਭੇ ਵਿੱਚ ਛਾਲ ਮਾਰ ਦਿੱਤੀ। ਪਿਛਲੇ ਸਾਲ ਹੀ ਟੋਭੇ ਦੀ ਮਿੱਟੀ ਪੁੱਟ ਕੇ ਨਵਾਂ ਪਾਣੀ ਪਾਇਆ ਗਿਆ ਸੀ। ਛਾਲ ਮਾਰਨ ਵਾਲੀ ਥਾਂ ਤਾਂ ਹਾਥੀ ਦਾ ਡੋਬ ਸੀ। ਨੰਬਰਦਾਰ ਦੀ ਵੱਡੀ ਨੂੰਹ ਦੇ ਮੂੰਹੋਂ ਇੱਕ ਦੱਬਵੀਂ ਜਿਹੀ ਚੀਕ ਨਿਕਲੀ। ਆਪਣੇ ਕਲਪਿਤ ਭਵਿੱਖ ’ਤੇ ਇੱਕ ਡੂੰਘਾ ਪੱਛ ਲਵਾ ਕੇ ਉਹ ਉਹਨੀਂ ਪੈਰੀਂ ਵਾਪਸ ਘਰ ਨੂੰ ਮੁੜ ਗਈ। ਗੋਧੂ ਨਾਈ ਨੂੰ ਪਤਾ ਕੋਈ ਨਹੀਂ ਲੱਗਿਆ। ਛੱਪਰੀ ਵਿੱਚ ਪਿਆ ਉਹ ਹਲਕਾ-ਹਲਕਾ ਲਗਾਤਾਰ ਖੰਘੀ ਜਾ ਰਿਹਾ ਸੀ।♦

52

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ