ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਫ਼ਾਲ ਪਿਆ ਸੀ। ਪ੍ਰਸਿੰਨ ਕੌਰ ਨੇ ਜ਼ੋਰ ਦੀ ਚੀਕ ਮਾਰੀ। ਚੀਕ ਜਿਸ ਨੇ ਸਾਰਾ ਘਰ ਜਗਾ ਦਿੱਤਾ। ਸੱਸ ਭੱਜ ਕੇ ਚੁਬਾਰੇ ਵਿੱਚ ਆਈ। ਦੀਦਾਰ ਸਿੰਘ ਵੀ। ਉਹ ਬੇਥਾਹ ਰੋ ਰਹੀ ਸੀ। ਘਿੱਗੀ ਬੱਝੀ ਹੋਈ ਸੀ। ਜ਼ੋਰ ਲਾਉਣ ਨਾਲ ਵੀ ਉਸ ਦੀ ਲੇਰ ਨਹੀਂ ਸੀ ਨਿਕਲ ਰਹੀ ਥੋੜ੍ਹੀ ਦੇਰ ਬਾਅਦ ਉਸ ਨੂੰ ਗਸ਼ ਪੈ ਗਈ। ਦੀਦਾਰ ਸਿੰਘ ਤੇ ਉਸ ਦੀ ਮਾਂ ਉਸ ਵੱਲ ਡੌਰ-ਭੌਰ ਹੋਏ ਦੇਖਦੇ ਖੜ੍ਹੇ ਸਨ। ਜਿਵੇਂ ਉਹ ਉਸ ਤੋਂ ਡਰ ਰਹੇ ਹੋਣ। ਜਿਵੇਂ ਉਨ੍ਹਾਂ ਨੂੰ ਵੀ ਗਸ਼ ਪੈਣ ਵਾਲੀ ਹੋਵੇ। ਮੁੰਨੀ ਦਾੜ੍ਹੀ ਵਾਲਾ ਬੰਦਾ ਹੌਲੀ-ਹੌਲੀ ਪਲੰਘ ਉੱਤੋਂ ਉੱਠਿਆ। ਉਸ ਦੀਆਂ ਅੱਖਾਂ ਵਿੱਚ ਸ਼ਰਾਬ ਦੀ ਲਾਲੀ ਸੀ। ਅੰਗਾਂ ਵਿੱਚ ਤੋੜ। ਉਸ ਦੇ ਪੈਰ ਥਿੜਕ ਰਹੇ ਸਨ। ‘ਕਿਹਰੂ, ਤੂੰ ਪੌੜੀਆਂ ਉਤਰ ਜਾ।’ ਦੀਦਾਰ ਸਿੰਘ ਨੇ ਹੌਲੀ ਦੇ ਕੇ ਉਸ ਨੂੰ ਆਖਿਆ।

ਸੱਸ ਨੇ ਨੂੰਹ ਦੀ ਦੰਦਲ ਭੰਨੀ। ਦੀਦਾਰ ਸਿੰਘ ਨੇ ਉਸ ਨੂੰ ਭੁੰਜਿਊਂ ਚੁੱਕ ਕੇ ਪਲੰਘ ’ਤੇ ਪਾ ਦਿੱਤਾ। ਉਸ ਦੇ ਮੂੰਹ ਨੂੰ ਪਾਣੀ ਦਾ ਗਲਾਸ ਲਾਇਆ। ਪ੍ਰਸਿੰਨ ਕੌਰ ਦੀਦਾਰ ਸਿੰਘ ਦੇ ਮੂੰਹ ਵੱਲ ਡੂੰਘੀਆਂ ਨਜ਼ਰਾਂ ਨਾਲ ਦੇਖਣ ਲੱਗੀ।

ਦੀਦਾਰ ਸਿੰਘ ਦੀ ਮਾਂ ਮਰ ਚੁੱਕੀ ਸੀ। ਪ੍ਰਸਿੰਨ ਕੌਰ ਦਾ ਮੁੰਡਾ ਕਾਫ਼ੀ ਉਡਾਰ ਹੋ ਚੁੱਕਿਆ ਸੀ। ਪੰਜ ਸਾਲ ਦਾ ਉਹ ਹੋਇਆ ਤਾਂ ਦੀਦਾਰ ਸਿੰਘ ਉਸ ਨੂੰ ਸਕੂਲ ਵਿੱਚ ਪੜ੍ਹਨ ਲਾ ਆਇਆ। ਪ੍ਰਸਿੰਨ ਕੌਰ ਉਸ ਨੂੰ ਚਾਵਾਂ-ਲਾਡਾਂ ਨਾਲ ਪਾਲਦੀ। ਖੁਸ਼ੀ-ਖੁਸ਼ੀ ਉਸ ਦੀ ਪੜ੍ਹਾਈ ਕਰਵਾਉਂਦੀ। ਦਿਨੋ-ਦਿਨ ਉਹ ਜਵਾਨ ਹੋ ਰਿਹਾ ਸੀ। ਦਿਨੋ-ਦਿਨ ਉਹ ਪੜਾਈ ’ਚ ਨਿੱਖਰ ਰਿਹਾ ਸੀ। ਹਰ ਸਾਲ ਹੀ ਜਮਾਤ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੁੰਦਾ। ਦਸਵੀਂ ਪਾਸ ਕੀਤੀ। ਤੇ ਫਿਰ ਉਹ ਨੇੜੇ ਦੇ ਕਾਲਜ ਵਿੱਚ ਜਾਣ ਲੱਗ ਪਿਆ।

ਦੀਦਾਰ ਸਿੰਘ ਨੇ ਖੇਤੀ ਦਾ ਕੰਮ ਮੁੱਢ ਤੋਂ ਹੀ ਨਹੀਂ ਤੋਰਿਆ। ਜਦ ਤੋਂ ਉਸਦੀ ਸੁਰਤ ਸੰਭਲੀ ਸੀ, ਨਾ ਉਹ ਕਦੇ ਖੇਤ ਗਿਆ ਤੇ ਨਾ ਹੀ ਉਸ ਨੇ ਘਰੇ ਕਦੇ ਡੰਗਰ-ਵੱਛੇ ਨੂੰ ਕੱਖ-ਪੱਠਾ ਪਾਇਆ। ਜਵਾਨੀ ਵਿੱਚ ਅਜੇ ਉਸ ਨੇ ਪੈਰ ਧਰਿਆ ਹੀ ਸੀ ਕਿ ਉਸ ਦੇ ਪਿਓ ਨੇ ਖੇਤੀ ਦਾ ਕੰਮ ਆਪ ਕਰਨਾ-ਕਰਵਾਉਣਾ ਛੱਡ ਦਿੱਤਾ ਸੀ। ਉਠ ਬਲ੍ਹਦ ਸਭ ਵੇਚ ਦਿੱਤੇ। ਹਿੱਸੇ ’ਤੇ ਜਾਂ ਠੇਕੇ 'ਤੇ ਜ਼ਮੀਨ ਦੇਣੀ ਸ਼ੁਰੂ ਕਰ ਦਿੱਤੀ। ਉਸ ਦਾ ਪਿਓ ਮਰਿਆ ਤਾਂ ਉਸ ਨੇ ਹੋਰ ਵੀ ਕਈ ਪਸ਼ੂ ਵੇਚ ਦਿੱਤੇ। ਸਿਰਫ਼ ਇੱਕ ਮੱਝ ਹੁੰਦੀ, ਘਰ ਦੁੱਧ ਪੀਣ ਨੂੰ। ਜ਼ਮੀਨ ਨੂੰ ਉਹ ਵੀ ਅਕਸਰ ਠੇਕੇ ’ਤੇ ਦਿੰਦਾ। ਮੱਝ ਵਾਸਤੇ ਚਰ੍ਹੀ, ਬਰਸੀਨ ਜਾਂ ਕੋਈ ਹੋਰ ਹਰਾ ਉਹ ਮੁੱਲ ਲੈ ਲਿਆ ਕਰਦਾ। ਹੁਣ ਤਾਂ ਬੱਸ ਉਹ ਦੀ ਇੱਕੋ ਚਾਹ ਸੀ ਕਿ ਉਹ ਆਪਣੇ ਮੁੰਡੇ ਰਛਪਾਲ ਨੂੰ ਖਾਸਾ ਪੜਾ ਲਵੇ। ਪੜ੍ਹ ਕੇ ਉਹ ਕੋਈ ਅਫ਼ਸਰ ਬਣ ਜਾਵੇ। ਕਿੰਨੀ ਜ਼ਮੀਨ ਸੀ ਉਸ ਕੋਲ। ਰਛਪਾਲ ਨੂੰ ਤਾਂ ਉਹ ਭਾਵੇਂ ਕਿੰਨਾ ਪੜਾ ਲੈਂਦਾ।

ਉਹ ਬੁਢਾਪੇ ਵਿੱਚ ਪੈਰ ਰੱਖ ਰਿਹਾ ਸੀ। ਪ੍ਰਸਿੰਨ ਕੌਰ ਦੀ ਜਵਾਨੀ ਤਾਂ ਉਵੇਂ ਕਾਇਮ ਸੀ।

ਦਿਨੋ-ਦਿਨ ਦੀਦਾਰ ਸਿੰਘ ਦਾ ਸਰੀਰ ਢਲਦਾ ਗਿਆ।

ਦਿਨੋ-ਦਿਨ ਪ੍ਰਸਿੰਨ ਕੌਰ ਦੀ ਜਵਾਨੀ ਮੁੱਦ ਪੈਂਦੀ ਗਈ।

56

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ