ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/62

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵੱਡਾ ਸੀ ਤੇ ਉਹਨੇ ਗੇਲੋ ਦੇ ਮੋਢੇ 'ਤੇ ਹੱਥ ਰੱਖ ਦਿੱਤਾ ਤੇ ਆਖ ਦਿੱਤਾ ਕਿ ਤੂੰ ਮੇਰੀ ਹੋ ਚੁੱਕੀ। ਸਾਫ਼ ਸੀ ਫਿਰ ਨਗਾਹੀ ਲਾਲ ਦੀ ਵੰਡ ਵਿੱਚ ਸੀਤੋ ਆ ਗਈ।

ਗੇਲੋ ਦਾ ਰੰਗ ਪਿੱਲੀਆਂ ਇੱਟਾਂ ਜਿਹਾ ਸੀ। ਸਰੀਰ ਢਿਲਕਿਆ-ਢਿਲਕਿਆ। ਲਖਮੀ ਰਾਮ ਦਾ ਰੰਗ ਗੋਰਾ ਸੀ। ਪਰ ਉਹਦਾ ਜੁੱਸਾ ਤਕੜਾ ਸੀ। ਗੇਲੋ ਉਹਦੇ ਨਾਲ ਰਹਿ ਕੇ ਖ਼ੁਸ਼ ਸੀ। ਉਹਦੇ ਅੰਗਾਂ ਵਿੱਚੋਂ ਗੇਲੋ ਨੂੰ ਅਲੋਕਾਰ ਜਿਹਾ ਸੁੱਖ ਮਿਲਿਆ। ਸੀਤੋ ਰੰਗ ਦੀ ਪੱਕੀ ਸੀ। ਸਰੀਰ ਗਠਿਆ ਹੋਇਆ। ਨਗਾਹੀ ਲਾਲ ਜਮਾ ਕਾਲ਼ਾ ਧੂਸ ਸੀ। ਦੋਵੇਂ ਇੱਕ-ਦੂਜੇ ਨੂੰ ਚੰਗੇ ਲੱਗੇ।

ਦੋਵਾਂ ਦੇ ਟਿਕਾਣੇ ਦਿੱਲੀ ਵਿੱਚ ਸਨ। ਲਖਮੀ ਹੋਰ ਪਾਸੇ ਰਹਿੰਦਾ ਸੀ ਤੇ ਨਗਾਹੀ ਹੋਰ ਪਾਸੇ। ਦਿੱਲੀਓਂ ਬਾਹਰ ਜਾਂਦੇ ਤਾਂ ਕਿਵੇਂ ਨਾ ਕਿਵੇਂ ਇਕੱਠੇ ਹੋ ਜਾਂਦੇ। ਲਖਮੀ ਹੰਢਿਆ ਹੋਇਆ ਬੰਦਾ ਸੀ। ਕੰਮ-ਧੰਦੇ ਵਿੱਚ ਨਗਾਹੀ ਉਹਦਾ ਸ਼ਾਗਿਰਦ ਸੀ। ਹੁਣ ਉਹ ਪਤਨੀਆਂ ਨੂੰ ਘਰੀਂ ਛੱਡ ਕੇ ਪੰਜਾਬ ਚਲੇ ਜਾਂਦੇ, ਹਰਿਆਣੇ ਚਲੇ ਜਾਂਦੇ, ਰਾਜਸਥਾਨ ਤੇ ਯੂ.ਪੀ. ਵਿੱਚ ਚਲੇ ਜਾਂਦੇ। ਸੀਤੋ ਤੇ ਗੇਲੋ ਘਰਾਂ ਵਿੱਚ ਰਹਿੰਦੀਆਂ ਤੇ ਮੌਜਾਂ ਕਰਦੀਆਂ। ਉਨ੍ਹਾਂ ਲਈ ਖਾਣ-ਪੀਣ ਨੂੰ ਖੁੱਲ੍ਹਾ ਸੀ। ਚੰਗੇ ਵਾਹਵਾ ਮਕਾਨ ਸਨ। ਜਦੋਂ ਉਹ ਦਿੱਲੀ ਵਿੱਚ ਹੁੰਦੇ ਤਾਂ ਇੱਕ-ਦੂਜੇ ਦੇ ਘਰੀਂ ਵੀ ਜਾਂਦੇ। ਸੀਤੋ ਤੇ ਗੇਲੋ ਸਹੇਲੀਆਂ ਵਾਂਗ ਮਿਲਦੀਆ ਇਕੱਠੀਆਂ ਬੈਠ ਕੇ ਕਦੇ ਗੱਲਾਂ ਕਰਦੀਆਂ ਤੇ ਸੁੱਖ ਦਾ ਸਾਹ ਲੈਂਦੀਆਂ। ਗੇਲੋ ਆਖਦੀ, "ਹੁਣ ਠੀਕ ਆਂ ਆਪਾਂ। ਨੀ ਬਥੇਰਾ ਮੋਹ ਕਰਦੇ ਨੇ ਇਹ ਤਾਂ ਆਪਾਂ ਨੂੰ। ਲਖਮੀ ਤਾਂ ਮੇਰੇ ਪੈਰਾਂ ਥੱਲੇ ਹੱਥ ਦਿੰਦੈ।'

ਸੀਤੋ ਹੱਸਦੀ, "ਪਿਆਰ ਤਾਂ ਨਗਾਹੀ ਵੀ ਅੰਤਾਂ ਦਾ ਕਰਦੈ। ਪਰ ਦੇਖਣ 'ਚ ਚੂਹੜਾ ਜ੍ਹਾ ਲੱਗਦੈ-ਜੈਖਾਣਾ। ਊਂ ਜਦੋਂ ਐਥੇ ਹੁੰਦੈ, ਸਾਰੀ ਰਾਤ ਖਹਿੜਾ ਨੀਂ ਛੱਡਦਾ। ਜਿਵੇਂ ਨਵੀਂ ਮੁਕਲਾਵੇ ਆਈ ਹੋਵਾਂ। ਬਾਹਲਾ ਹੀ ਚਾਹੁੰਦੈ, ਭਾਈ ਮੈਨੂੰ ਤਾਂ। ਫੇਰ ਜਦੋਂ ਜਾਉ ਦੱਸ ਕੇ ਜਾਉ ਬਈ ਮੈਂ ਐਨੇ ਦਿਨ ਨੀਂ ਆਉਂਦਾ ਹੁਣ। ਨੋਟਾਂ ਦੀ ਮੁੱਠੀ ਭਰ ਕੇ ਫ਼ੜਾ ਦਿੰਦੈ। ਆਖਦੈ, ਆਹ ਲੈ, ਤੰਗੀ ਨਾ ਕੱਟੀਂ।"

ਦੋਵੇਂ ਚਾਂਭੜਾਂ ਪਾਉਂਦੀਆਂ, ‘ਨੀ ਆਪਾਂ ਤਾਂ ਸੁਰਗ ‘ਚ ਆ ਗੀਆਂ।' ਏਦਾਂ ਹੀ ਦੋ ਸਾਲ ਲੰਘ ਗਏ। ਫੇਰ ਪੈਸਿਆਂ ਪਿੱਛੇ ਉਨ੍ਹਾਂ ਦੀ ਲੜਾਈ ਹੋ ਗਈ। ਨਗਾਹੀ ਕਹਿੰਦਾ ਸੀ, 'ਮੈਨੂੰ ਪੂਰਾ ਹਿੱਸਾ ਨਹੀਂ ਮਿਲਿਆ।’ ਲਖਮੀ ਦਾ ਜਵਾਬ ਸੀ, 'ਤੇਰਾ ਐਨਾ ਹੀ ਬਣਦਾ ਸੀ।'

ਫੇਰ ਉਹ ਆਪਣਾ-ਆਪਣਾ ਧੰਦਾ ਕਰਨ ਲੱਗੇ। ਇੱਕ-ਦੂਜੇ ਨੂੰ ਮਿਲਦੇ ਵੀ ਨਹੀਂ ਸਨ। ਉਨ੍ਹਾਂ ਦਾ ਮਿਲਣਾ ਬੰਦ ਹੋਇਆ ਤਾਂ ਨਾਲ ਹੀ ਸੀਤੋ ਤੇ ਗੇਲੋ ਵੀ ਮਿਲਣੋਂ ਰਹਿ ਗਈਆਂ। ਉਨ੍ਹਾਂ ਦੇ ਘਰ ਦਸ-ਦਸ ਮੀਲਾਂ ‘ਤੇ ਸਨ। ਪੇਂਡੂ ਜ਼ਨਾਨੀਆਂ। ਉਨ੍ਹਾਂ ਨੂੰ ਤਾਂ ਬੱਸ ਦਾ ਪਤਾ ਨਹੀਂ ਸੀ, ਕਿਹੜੀ ਕਿੱਧਰ ਨੂੰ ਜਾਂਦੀ ਹੈ।

ਦੋਵੇਂ ਡਰਦੀਆਂ ਸਨ, ਕਿਧਰੇ ਗਵਾਚ ਹੀ ਨਾ ਜਾਣ। ਛੇ ਮਹੀਨੇ ਲੰਘ ਗਏ। ਉਹ ਇਕੱਲੀਆਂ ਰਹਿ ਗਈਆਂ। ਗੇਲੋ ਲਖਮੀ ਨੂੰ ਆਖਦੀ, 'ਤੁਸੀਂ ਭਾਵੇਂ ਕਿੰਨਾ ਗੁੱਸੇ-ਗਿਲ੍ਹੇ ਰਹੋ, ਮੇਰਾ ਤਾਂ ਬਾਹਲਾ ਚਿੱਤ ਕਰਦੈ, ਜਾਣੀ ਕੋਈ ਚਿੜੀ-ਜਨੌਰ ਬਣ ਕੇ ਸੀਤੋ ਨੂੰ ਜਾ ਮਿਲਾਂ। ਮੈਨੂੰ ਇੱਕ ਵਾਰੀ ਤਾਂ ਮਿਲਾ ਦੇ ਉਹਨੂੰ। ਪਤਾ ਨ੍ਹੀਂ ਵਿਚਾਰੀ ਦਾ ਕੀ

62

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ