ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਘਰੇਲੂ ਮਸਲੇ ਵਿੱਚ ਦੂਰੋ-ਦੂਰੀ ਹੁੰਦੀਆਂ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ। ਗੈਲੋ ਲਈ ਤਾਂ ਲੜਾਈ-ਝਗੜੇ ਲਈ ਵੀ ਕੋਈ ਮੈਦਾਨ ਨਹੀਂ ਸੀ। ਕੀਹਦੇ ਨਾਲ ਲੜਦੀ ਉਹ ਕਾਹਦੇ ਪਿੱਛੇ ਲੜਦੀ।

ਨਣਦ-ਭਰਜਾਈ ਇੱਕ ਦਿਨ ਅਚਾਨਕ ਨੇੜੇ ਦੇ ਸ਼ਹਿਰ ਆਈਆਂ। ਨ੍ਹਾ-ਧੋ ਕੇ ਨਵੇਂ ਕੱਪੜੇ ਪਾ ਕੇ ਆਈਆਂ ਸਨ। ਜਿਵੇਂ ਵਿਆਹ ਜਾਣਾ ਹੋਵੇ। ਦਿਨ ਵੇਲੇ ਤਾਂ ਬਜ਼ਾਰ ਦੀਆਂ ਦੁਕਾਨਾਂ ਤੇ ਫਿਰਦੀਆਂ-ਤੁਰਦੀਆਂ ਰਹੀਆਂ। ਸੂਰਜ ਛਿਪਦੇ ਨੂੰ ਉਹ ਸਟੇਸ਼ਨ ਤੇ ਆ ਬੈਠੀਆਂ। ਗੱਡੀ ਮੂੰਹ-ਹਨ੍ਹੇਰੇ ਆਉਂਦੀ ਹੁੰਦੀ। ਉਨ੍ਹਾਂ ਨੇ ਅੰਬਾਲੇ ਦੀਆਂ ਟਿਕਟਾਂ ਲਈਆਂ। ਉਹ ਘਰੋਂ ਮਿੱਥ ਕੇ ਤੁਰੀਆਂ ਸਨ ਕਿ ਅੰਬਾਲੇ ਜਾ ਕੇ ਉਹ ਕੰਜਰੀਆਂ ਵਾਲਾ ਧੰਦਾ ਕਰਨਗੀਆਂ। ਉਨ੍ਹਾਂ ਨੇ ਗੱਲਾਂ ਸੁਣੀਆਂ ਹੋਈਆਂ ਸਨ, ਉੱਥੇ ਅਜਿਹੇ ਅੱਡੇ ਹਨ। ਉਹ ਭਾਲ ਲੈਣਗੀਆਂ ਉਨ੍ਹਾਂ ਅੱਡਿਆਂ ਨੂੰ, ਦਲਾਲ ਬੰਦੇ ਖੁਦ ਵੀ ਅਜਿਹੀਆਂ ਔਰਤਾਂ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ। ਪਿੰਡ ਵਿਚ ਵੀ ਤਾਂ ਉਹ ਇਹੀ ਧੰਦਾ ਕਰਦੀਆਂ ਸਨ। ਸਾਰਾ ਪਿੰਡ ਉਨ੍ਹਾਂ ਨੂੰ ਦੇਖਦਾ ਹੈ। ਸਾਰੇ ਪਿੰਡ ਸਾਹਮਣੇ ਉਨ੍ਹਾਂ ਨੂੰ ਸਿਰ ਨੀਵਾਂ ਰੱਖ ਕੇ ਜਿਉਣਾ ਪੈਂਦਾ ਹੈ। ਜੇ ਇਹੀ ਕੰਮ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ, ਉਹ ਸ਼ਹਿਰ ਜਾ ਕੇ ਕਰਨਗੀਆਂ। ਉੱਥੇ ਉਨ੍ਹਾਂ ਨੂੰ ਹੋਰ ਕੋਈ ਨਹੀਂ ਜਾਣਦਾ। ਜੋ ਜਾਣਦੇ ਹੋਇਆ ਕਰਨਗੇ, ਉਨ੍ਹਾਂ ਕੋਲ ਆਇਆ ਕਰਨਗੇ। ਕਮਾਉਣਗੀਆਂ ਤੇ ਖਾਣਗੀਆਂ। ਮੌਜਾਂ ਕਰਨਗੀਆਂ। ਘਰ ਨਹੀਂ ਸਹੀ ਚੁਬਾਰਾ ਤਾਂ ਹੋਵੇਗਾ।

ਗੱਡੀ ਦੇ ਡੱਬੇ ਵਿੱਚ ਉਨ੍ਹਾਂ ਦੀ ਸੀਟ ਦੇ ਸਾਹਮਣੇ ਦੋ ਬੰਦੇ ਬੈਠੇ ਸਨ। ਉਹ ਅਗਾਂਹ ਕਿਤੋਂ ਆ ਰਹੇ ਸਨ। ਦੇਖਣ ਨੂੰ ਭਲੇਮਾਣਸ ਜਿਹੇ ਲੱਗਦੇ ਸਨ, ਪਰ ਉਨ੍ਹਾਂ ਵੱਲ ਲਗਾਤਾਰ ਝਾਕੀ ਜਾ ਰਹੇ ਸਨ। ਦੋ ਕੁ ਸਟੇਸ਼ਨ ਅਗਾਂਹ ਜਾ ਕੇ ਉਨ੍ਹਾਂ ਵਿੱਚ ਗੱਲਾਂ ਹੋਣ ਲੱਗੀਆਂ। ਕਿੱਥੋਂ ਚੱਲੇ ਹੋ, ਕਿੱਥੇ ਜਾ ਰਹੇ ਹੋ, ਗੱਲਾਂ ਇੱਕ-ਦੂਜੇ ਨੇ ਸੁਣੀਆਂ। ਦੋਵੇਂ ਬੰਦੇ ਪੰਜਾਬ ਦੇ ਨਹੀਂ ਸਨ, ਪਰ ਪੰਜਾਬ ਵਿੱਚ ਆਉਂਦੇ ਜਾਂਦੇ ਸਨ। ਉਨ੍ਹਾਂ ਦਾ ਕੰਮ ਅਜਿਹਾ ਹੀ ਕੋਈ ਸੀ। ਸਟੇਸ਼ਨ ਲੰਘਦੇ ਗਏ। ਗੱਲਾਂ ਹੋਰ ਹੁੰਦੀਆਂ ਰਹੀਆਂ। ਬੰਦਿਆਂ ਨੇ ਭਾਂਪਿਆ, ਉਹ ਦੋਵੇਂ ਜਣੀਆਂ ਅੰਦਰੋਂ ਉਖੜੀਆਂ ਹੋਈਆਂ ਹਨ। ਦੋਵਾਂ ਦਾ ਥਾਂ ਟਿਕਾਣਾ ਕੋਈ ਨਹੀਂ। ਦੋਵੇਂ ਹੀ ਕਿਸੇ ਥਾਂ ਟਿਕਾਣੇ ਪਹੁੰਚਣਾ ਚਾਹੁੰਦੀਆਂ ਹਨ। ਦੋਵਾਂ ਦਾ ਕੋਈ ਥਾਂ ਟਿਕਾਣਾ ਉਨ੍ਹਾਂ ਨੂੰ ਉਡੀਕ ਰਿਹਾ ਸੀ। ਦੋਵਾਂ ਦੀ ਭਾਵਨਾ ਸੀ, ਕੋਈ ਉਨ੍ਹਾਂ ਨੂੰ ਰੋਟੀ ਕੱਪੜਾ ਦੇ ਸਕਦਾ ਹੋਵੇ। ਉਨ੍ਹਾਂ ਨੂੰ ਘਰ ਵਸਾਵੇ। ਕੋਈ ਵੀ ਹੋਵੇ, ਲਖਮੀ ਰਾਮ ਤੇ ਨਗਾਹੀ ਲਾਲ ਨੇ ਦਿੱਲੀ ਜਾਣਾ ਸੀ, ਪਰ ਉਹ ਅੰਬਾਲੇ ਹੀ ਉਤਰ ਗਏ। ਚਾਰਾਂ ਵਿੱਚ ਇੱਕ ਪਰਸਪਰ ਜਿਹੀ ਸਾਂਝ ਪੈਦਾ ਹੋ ਚੁੱਕੀ ਸੀ। ਕਿਸੇ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ, ਕੋਈ ਓਹਲਾ ਨਹੀਂ ਸੀ, ਕੋਈ ਸ਼ੱਕ ਨਹੀਂ ਸੀ। ਬੰਦਿਆਂ ਕੋਲ ਕਾਫ਼ੀ ਪੈਸੇ ਸਨ। ਕਮੀਜ਼ਾਂ ਥੱਲੇ ਪਹਿਨੀਆਂ ਜਾਕਟਾਂ ਦੀਆਂ ਜੇਬਾਂ ਦੇਖੀਆਂ ਸਨ। ਇਸੇ ਕਰਕੇ ਜਾਂ ਕਿਸੇ ਹੋਰ ਖਿੱਚ ਨਾਲ ਉਹ ਦੋਵੇਂ ਉਨ੍ਹਾਂ ਦੇ ਮਗਰ ਲੱਗ ਤੁਰੀਆਂ। ਸਟੇਸ਼ਨ ਤੋਂ ਬਾਹਰ ਉਨ੍ਹਾਂ ਨੇ ਇੱਕ ਹੋਟਲ ਵਿੱਚ ਰੋਟੀ ਖਾਧੀ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਫੇਰ ਉਸੇ ਹੋਟਲ ਵਿੱਚ ਇੱਕ ਕਮਰਾ ਲੈ ਕੇ ਚਾਰਾਂ ਨੇ ਰਾਤ ਕੱਟੀ। ਲਖਮੀ ਰਾਮ ਤੇ ਨਗਾਹੀ ਲਾਲ ਆਪਸ ਵਿੱਚ ਹਿੰਦੀ ਵਰਗੀ ਕੋਈ ਭਾਸ਼ਾ ਬੋਲਦੇ, ਉਨ੍ਹਾਂ ਨਾਲ ਪੰਜਾਬੀ ਜਿਹੀ ਬੋਲਦੇ। ਲਖਮੀ ਰਾਮ

ਨਣਦ ਭਰਜਾਈ

61