ਖਾਂਦੇ। ਕੁਆਰੇ ਮੁੰਡੇ ਉਹ ਦੇ ਚੰਮ ਦੇ ਗਾਹਕ ਸਨ। ਉਹ ਨੂੰ ਘਰ ਵਸਾ ਕੇ ਕਿਸੇ ਨੇ ਕੀ ਕਰਨਾ ਸੀ। ਪੁਰਾਣਾ ਵਕਤ ਹੁੰਦਾ ਤਾਂ ਉਹ ਕਿਸੇ ਛੜੇ ਬੰਦੇ ਦੇ ਘਰ ਜਾ ਬੈਠਦੀ। ਛੜਾ ਬੰਦਾ ਪਿੰਡ ਵਿੱਚ ਹੁਣ ਕੋਈ ਰਿਹਾ ਨਹੀਂ ਸੀ। ਜ਼ਮੀਨ ਚਾਹੇ ਕਿੰਨੀ ਥੋੜ੍ਹੀ ਹੁੰਦੀ, ਨਾ ਵੀ ਹੁੰਦੀ ਤਾਂ ਵੀ ਸਾਕ ਸਭ ਨੂੰ ਹੋ ਜਾਂਦਾ ਸੀ। ਉਹ ਚਿੱਤ ਵਿੱਚ ਹੱਸਦੀ ਵੀ। ਜਦੋਂ ਸੁਖਦੇਵ ਵਰਗਾ ਨਿਕੰਮਾ ਬੰਦਾ ਵਿਆਹਿਆ ਗਿਆ ਤਾਂ ਪਿੰਡ ਵਿੱਚ ਹੋਰ ਕੌਣ ਹੈ, ਜਿਸ ਨੂੰ ਸਾਕ ਨਾ ਹੋਇਆ ਹੋਵੇ। ਕੁੜੀ ਵਾਲੇ ਮੁੰਡੇ ਦੇ ਕੰਮ ਨੂੰ ਦੇਖਦੇ। ਕੀ ਉਹ ਉਨ੍ਹਾਂ ਦੀ ਧੀ ਨੂੰ ਰੋਟੀ ਦੇ ਸਕਦੈ, ਬੱਸ ਐਨਾ ਹੀ ਕਾਫ਼ੀ ਹੁੰਦਾ। ਗੇਲੋ ਕਿਸੇ ਪਾਸੇ ਦੀ ਵੀ ਨਹੀਂ ਸੀ। ਸੁਖਦੇਵ ਦੇ ਡੰਡੇ ਉਹ ਦੀ ਕਿਸਮਤ ਬਣ ਕੇ ਰਹਿ ਗਏ।
ਸੁਖਦੇਵ ਭੁੱਕੀ ਖਾਂਦਾ ਤੇ ਨਸ਼ੇ ਵਿੱਚ ਗੜੂੰਦ ਹੋਇਆ ਪਿਆ ਰਹਿੰਦਾ। ਪਿਸ਼ਾਬ ਕਰਨ ਮੰਜੇ ਤੋਂ ਉੱਠਦਾ, ਬੌਂਦਲਿਆ ਜਿਹਾ। ਜਿਵੇਂ ਕਬਰ ਵਿੱਚੋਂ ਮੁਰਦਾ ਉੱਠ ਕੇ ਤੁਰ ਪਿਆ ਹੋਵੇ।
ਨਣਦ-ਭਰਜਾਈ ਦਾ ਭੇਤ ਸਾਂਝਾ ਸੀ। ਉਹ ਰਲ-ਮਿਲ ਕੇ ਘਰ ਦਾ ਤੋਰਾ ਤੋਰਦੀਆਂ। ਸੀਤੋ ਕੋਲ ਪਿੰਡ ਦਾ ਕੋਈ ਮੁੰਡਾ ਆਉਂਦਾ ਤਾਂ ਗੇਲੋ ਉਨ੍ਹਾਂ ਦੀ ਰਾਖੀ ਕਰਦੀ। ਨਵੇਂ ਮੁੰਡੇ ਦੀ ਗੱਲਬਾਤ ਗੇਲੋ ਰਾਹੀਂ ਤੈਅ ਹੁੰਦੀ। ਗੇਲੋ ਕੋਲ ਆਇਆ ਬੰਦਾ ਸੀਤੋ ਲਈ ਮਹਿਮਾਨ ਹੁੰਦਾ। ਸੁਖਦੇਵ ਲਈ ਨਸ਼ੇ ਦੀ ਘੂਕੀ ਇਕ ਸੰਘਣਾ ਹਨੇਰਾ ਸੀ। ਇਹ ਹਨ੍ਹੇਰੇ ਵਿੱਚ ਨਣਦ-ਭਰਜਾਈ ਦਾ ਕਾਰੋਬਾਰ ਚੱਲਦਾ ਰਹਿੰਦਾ।
ਪਰ ਇਹ ਹਨੇਰਾ ਦੋਵਾਂ ਨੂੰ ਪਸੰਦ ਨਹੀਂ ਸੀ। ਸੀਤੋ ਦਾ ਸੁਪਨਾ ਜਾਗਦਾ, ਕੋਈ ਉਹਨੂੰ ਲੈ ਲਵੇ ਤੇ ਆਪਣੇ ਘਰ ਵਸਾਏ। ਉਹ ਦੇ ਨਾਲ ਵਿਆਹ ਕਰਵਾ ਲਏ ਕੋਈ। ਆਪਣੀ ਸੋਚ ਉਡਾਰੀ ਨਾਲ ਉਹ ਇਕੱਲੀ ਬਹਿ ਕੇ ਗੱਲਾਂ ਕਰਦੀ। ਉਹ ਦੀ ਬਰਾਤ ਕਦੋਂ ਆਵੇਗੀ? ਉਹਦੇ ਵਿਆਹ ਦਾ ਲਾਊਡ ਸਪੀਕਰ ਕਦੋਂ ਵੱਜੇਗਾ? ਲਾਊਡ ਸਪੀਕਰ ਵੱਜੇਗਾ ਤਾਂ ਪਿੰਡ ਵਿੱਚ ਪਤਾ ਲੱਗੇਗਾ ਕਿ ਸੁਖਦੇਵ ਦੀ ਭੈਣ ਸੀਤੋ ਦਾ ਵਿਆਹ ਐ ਬਈ। ਗੱਲਾਂ ਹੋਣਗੀਆਂ, ‘ਮੁੰਡਾ ਕਿੱਥੋਂ ਢੁਕਿਐ ਬਈ?’ ਪਰ ਉਹ ਦਾ ਸੁਪਨਾ ਲੰਮੀ ਉਡਾਰੀ ਮਾਰ ਕੇ ਕੱਚੀ ਡੋਰ ਦੇ ਟੁੱਟ ਜਾਣ ਵਾਂਗ ਧਰਤੀ 'ਤੇ ਛਾਪਲ ਕੇ ਬੈਠ ਜਾਂਦਾ ਅਤੇ ਉਹ ਦੇ ਧੁਰ ਅੰਦਰੋਂ ਲੰਮੇ-ਲੰਮੇ ਹਉਕੇ ਨਿਕਲਣ ਲੱਗਦੇ। ਕੀ ਬਣਾਵੇ ਉਹ ਆਪਣੇ ਇਸ ਸਰੀਰ ਦਾ? ਸੋਨੇ ਜਿਹੀ ਦੇਹ ਕਿਹੜੇ ਲੇਖੇ ਲਾਵੇ?
ਗੇਲੋ ਲਈ ਸੁਖਦੇਵ ਉਹ ਦੇ ਘਰਵਾਲਾ ਤਾਂ ਸੀ, ਪਰ ਇਹ ਘਰ ਕਦੋਂ ਘਰ ਜਿਹਾ ਸੀ? ਇਸ ਮਕਾਨ ਵਿੱਚ ਤਾਂ ਮਾਸ ਮੁੱਲ ਵਿਕਦਾ। ਹਵਸ ਦੀ ਪੂਰਤੀ ਤੱਕੜੀ ਨਾਲ ਤੋਲ ਕੇ ਕੀਤੀ ਜਾਂਦੀ। ਵਪਾਰੀ ਸੌਦਾ ਲੈਣ ਆਉਂਦੇ ਸਨ। ਉਹ ਸੋਚਦੀ, ਕਾਸ਼। ਉਹ ਦਾ ਕੋਈ ਘਰ ਹੁੰਦਾ। ਘਰ ਜਿਹਾ ਘਰ ਜਿਸ ਵਿੱਚ ਉਹ ਦਾ ਪਤੀ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ। ਮਿੱਟੀ ਨਾਲ ਮਿੱਟੀ ਬਣਿਆ ਰਹਿੰਦਾ। ਉਨ੍ਹਾਂ ਦੇ ਆਪਣੇ ਬੱਚੇ ਹੁੰਦੇ। ਉਹ ਗਲ-ਗਲ ਤੱਕ ਕਬੀਲਦਾਰੀ ਵਿੱਚ ਧਸੀ ਰਹਿੰਦੀ। ਘਰੇਲੂ ਚਿੰਤਾਵਾਂ ਵਿੱਚ ਜਿਉਂਦੀ ਜਾਗਦੀ। ਹੁਣ ਤਾਂ ਇਸ ਘਰ ਵਿੱਚ ਘਰ ਵਰਗੀ ਕੋਈ ਗੱਲ ਨਹੀਂ ਹੈ।
ਉਹ ਆਂਢਣਾਂ-ਗੁਆਂਢਣਾਂ ਨੂੰ ਦੇਖਦੀ। ਗੁਆਂਢੀ ਔਰਤਾਂ, ਆਪਣੇ ਬੱਚਿਆਂ ਨੂੰ ਗਾਲ੍ਹਾਂ ਕੱਢਦੀਆਂ, ਉੱਚਾ-ਉੱਚਾ ਬੋਲਦੀਆਂ, ਸਿਰ ਖਪਾਉਂਦੀਆਂ। ਘਰ ਵਾਲੇ ਨਾਲ
60
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ