ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਤੂੰ ਕਿਉਂ ਰੱਖੀ ਐ ਆਪਣੇ ਕੋਲ? ਸਿੱਟ ਕਿਉਂ ਨੀਂ ਦਿੰਦਾ ਬਾਹਰ ਰੂੜੀ 'ਤੇ? ਕੋਈ ਕਾਂ-ਕੱਤਾ ਡੇਗ ਗਿਆ ਹੋਣੈ।' ਮੈਂਗਲ ਨੇ ਇੱਕੋ ਸਾਹ ਕਈ ਗੱਲਾਂ ਆਖ ਦਿੱਤੀਆਂ।

ਮੈਂ ਤਾਂ ਚੁੱਕ ਲਿਆ ਇਹਨੂੰ। ਮੇਰੇ ਕੋਲ ਐ ਐਸ ਵੇਲੇ।' ਮੁਕੰਦ ਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ। ਉਹ ਉਨ੍ਹਾਂ ਕੋਲ ਪੈਰਾਂ-ਭਾਰ ਬੈਠਾ ਸੀ। ਦੋਵੇਂ ਹੱਥ ਆਪਣੇ ਗੋਡਿਆਂ ਵਿਚਕਾਰ ਕੀਤੇ ਹੋਏ ਸਨ। ਉਹਦੀ ਝੋਲੀ ਵਿੱਚ ਜ਼ਰੂਰ ਸੀ ਕੋਈ ਚੀਜ਼। 'ਤੂੰ ਕੀ ਕਰੇਂਗਾ ਫਿਰ ਇਹ ਦਾ? ਐਵੇਂ ਕਾਹਨੂੰ ਮੁਰਦਾਰ ਚੁੱਕੀ ਫਿਰਦੈ? ਇਸ ਵਾਰ ਬਾਰੂ ਨੇ ਉਹਦੀ ਝੋਲੀ ਵੱਲ ਬੜੇ ਗਹੁ ਨਾਲ ਦੇਖਿਆ।

'ਕਿਉਂ, ਹੋ ਸਕਦੈ ਇਹ ਮੇਰੇ ਪਰਤਾਪ ਦੀ ਹੱਡੀ ਹੋਵੇ। ਹੁਣ ਉਹਦੀਆਂ ਓਪਰੀਆਂ ਓਪਰੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ।

ਦੋਵੇਂ ਜਣਿਆਂ ਨੂੰ ਉਹਦੇ 'ਤੇ ਤਰਸ ਆਇਆ ਪਰ ਉਹਦੇ ਮੂੰਹੋਂ ਹੱਡੀ ਵਾਲੀ ਗੱਲ ਸੁਣ ਕੇ ਆਪ ਵੀ ਭੈਅ ਭੀਤ ਹੋਏ ਬੈਠੇ ਸਨ। ਮੈਂਗਲ ਨੂੰ ਪਿਛਲੇ ਦਿਨਾਂ ਦੀਆਂ ਅਖ਼ਬਾਰੀ ਗੱਲਾਂ ਯਾਦ ਆਈਆਂ। ਅਖੇ-ਮੰਦਰ ਵਿੱਚ ਗਊ ਦੀ ਪੂਛ, ਗਊ ਦੇ ਸਿੰਗ, ਗਊ ਦੇ ਕੰਨ...ਉਹ ਹੈਰਾਨ ਹੁਣ ਬੰਦੇ ਦੀਆਂ ਹੱਡੀਆਂ ਡਿੱਗਣ ਵਾਲੀ ਕਹਾਣੀ ਕੀ ਬਣੀ ਇਹ?'

ਬਾਰੂ ਆਪਣੀ ਥਾਂ ਤੋਂ ਖਿਸਕ ਕੇ ਥੋੜ੍ਹਾ ਉਹਦੇ ਨੇੜੇ ਹੋਇਆ ਤੇ ਉਹ ਦੀ ਝੋਲੀ ਨੂੰ ਹੱਥ ਲਾਉਣ ਲੱਗਿਆ, ਪਰ ਮੁਕੰਦ ਛਾਲ ਮਾਰ ਕੇ ਉੱਠ ਖੜ੍ਹਾ। ਬੁੜਬੁੜ ਕਰਦਾ ਉਨ੍ਹਾਂ ਕੋਲੋਂ ਤੁਰਦਾ ਹੋਇਆ।

'ਇਹ ਕੀ ਕਹਾਣੀ ਹੋਈ ਮੈਂਗਲਾ?'

'ਬਾਰੂ, ਮੈਨੂੰ ਤਾਂ ਆਪ ਅਕਲ 'ਚ ਨ੍ਹੀਂਂ ਔਂਦੀ ਇਹ ਗੱਲ। ਤੇ ਫੇਰ ਉਹ ਉਹਦੇ ਮੁੰਡੇ ਪਰਤਾਪ ਦੀ ਗੱਲ ਲੈ ਕੇ ਬੈਠ ਗਏ।

ਮੈਂਗਲ ਕਹਿ ਰਿਹਾ ਸੀ-ਇੱ ਮੰਡਾ ਸੀ, ਜਾਰ। ਹੋਰ ਕੋਈ ਧੀ, ਨਾ ਪੱਤ। ਇਹ ਵੀ ਦੋਵੇਂ ਜੀਅ ਪੰਜਾਹ-ਪਚਵੰਜਾ ਦੇ ਹੋਣਗੇ। ਓਹੀ ਇੱਕ ਸਹਾਰਾ ਸੀ ਇਨ੍ਹਾਂ ਦਾ ਤਾਂ। ਕਿਹੜੇ, ਕਸੂਤੇ ਰਾਹ ਪੈ ਗਿਆ। ਜਾਨ ਗੁਆ ਲਈ।'

'ਸੂਤ ਜਾਂ ਕਸੂਤ, ਇਹ ਤਾਂ ਭਾਈ ਉਹਦਾ ਮਨੂਆ ਸੀ। ਸੂਤ ਸਮਝ ਕੇ ਈ ਤੁਰਿਆ ਹੋਉ ਉਹ ਏਸ ਰਾਹ 'ਤੇ। ਬਾਰੂ ਨੇ ਦੂਜਾ ਪੱਖ ਲਿਆ।

'ਗੱਲ ਤਾਂ ਠੀਕ ਐ ਤੇਰੀ। ਸੂਤ-ਕਸੂਤ ਮੁੰਡਿਆਂ ਨੇ ਪਹਿਲਾਂ ਸੋਚਿਆ ਹੀ ਹੋਊ। ਨਹੀਂ ਤਾਂ ਕੌਣ ਧਰਦੈ ਭਾਈ, ਜਾਨ ਹਥੇਲੀ 'ਤੇ।

'ਓਦਣ ਖਬਾਰ 'ਚ ਸੁਣਿਆ ਨ੍ਹੀਂ ਸੀ ਤੂੰ, ਸੂਬੇਦਾਰ ਨੇ ਪੜ੍ਹ ਕੇ ਸੁਣਾਇਐ, ਅੱਖਰ-ਅੱਖਰ?' ਬਾਰੂ ਦੱਸਣ ਲੱਗਿਆ-ਬਈ ਜ਼ਮੀਨਾਂ ਰਹਿ ਗਈਆਂ ਥੋੜੀਆਂ। ਕਿੱਲਾ ਕਿੱਲਾ, ਦੋ-ਦੋ ਕਿੱਲੇ ਈ ਐ, ਬਹੁਤੇ ਘਰਾਂ ਕੋਲੇ। ਦੂਜੇ ਪਾਸੇ ਮੁੰਡੇ ਚੌਦਾ-ਚੌਦਾ, ਸੌਲਾਂ ਸੌਲਾਂ ਜਮਾਤਾਂ ਪੜ੍ਹੀ ਫਿਰਦੇ ਐ। ਗੱਡਾ ਨੋਟਾਂ ਦਾ ਭਰ ਕੇ ਲਿਜਾਵੇ ਕੋਈ, ਫੇਰ ਮਿਲਦੀ ਐ ਨੌਕਰੀ। ਪਹਿਲਾਂ ਤਾਂ ਇਹੀ ਮੁੰਡੇ ਨਕਸਲਵਾੜੀ ਬਣੇ, ਹੁਣ ਫੇਰ ਏਧਰ ਹੋ ਗਏ। ਕਿੱਧਰ ਜਾਣ? ਤੱਤਾ ਲਹੂ ਐ, ਕੰਮ 'ਤੇ ਲਾ ਦਿਓ ਤਾਂ ਠੀਕ, ਨਹੀਂ ਫੇਰ ਖਰਾਬੀ ਕਰੂ। ਕਿਸੇ ਪਾਰਟੀ ਨੇ ਤਾਂ ਇਨ੍ਹਾਂ ਮੁੰਡਿਆਂ ਨੂੰ ਰਾਹ ਨਾ ਪਾਇਆ। ਇਹ ਫੇਰ ਹੋਰ ਕੀ ਕਰਦੇ?' ਧਰਮ ਦੀ ਬੁੱਕਲ 'ਚ ਵੜੇ ਹਾਨੀਸਾਰ ਨੂੰ।'

ਹੱਡੀਆਂ

149